ਅੰਮ੍ਰਿਤਧਾਰੀ ਨੌਜਵਾਨ ਨੇ ਰਾਜ ਘਰਾਣੇ ਦੇ ਨਾਂਅ ਤੇ ਹਲਫ਼ ਲੈਣ ਦੀ ਰਿਵਾਇਤ ਬਦਲਵਾਈ

ਪੰਜਾਬ ਦੇ ਸ੍ਰੀ ਮੁਕਤਸਰ ਜ਼ਿਲ੍ਹੇ ਦੇ ਪਿਛੋਕੜ ਵਾਲੇ ਅੰਮ੍ਰਿਤਧਾਰੀ ਨੌਜਵਾਨ ਪ੍ਰਭਜੋਤ ਸਿੰਘ ਵੜਿੰਗ ਨੇ ਤਿੰਨ ਸਾਲਾਂ ਦੀ ਕਨੂੰਨੀ ਲੜਾਈ ਲੜ ਕੇ ਕੈਨੇਡਾ &rsquoਚ ਸਦੀਆਂ ਤੋਂ ਚਲੀ ਆ ਰਹੀ ਬ੍ਰਿਟਿਸ਼ ਰਾਜ ਘਰਾਣੇ ਦੇ ਨਾਂਅ &rsquoਤੇ ਸਹੁੰ ਚੁਕਣ ਦੀ ਪ੍ਰਥਾ ਨੂੰ ਅਲਬਰਟਾ ਵਿੱਚ ਬਦਲਵਾ ਲਿਆ ਹੈ। ਬੇਸ਼ੱਕ ਪੇਸ਼ੇਵਰ ਵਕਾਲਤ ਲਈ ਉਸ ਨੂੰ ਦੋ ਹਲਫ਼ ਹੋਰ ਲੈਣੇ ਪੈਣਗੇ, ਪਰ ਉੱਥੇ ਰਾਜ ਘਰਾਣੇ ਦੇ ਨਾਂਅ ਦੀ ਥਾਂ ਪੇਸ਼ੇ ਦੀ ਪਵਿੱਤਰਤਾ ਪ੍ਰਤੀ ਇੱਕ ਵਚਨਬੱਧਤਾ ਹੁੰਦੀ ਹੈ। ਅਦਾਲਤ ਨੇ ਕਿਹਾ ਕਿ ਰਾਜ ਘਰਾਣੇ ਪ੍ਰਤੀ ਵਫਾਦਾਰੀ ਦਾ ਹਲਫ਼ ਵਿਅਕਤੀਗਤ ਧਾਰਮਿਕ ਆਜ਼ਾਦੀ ਵਿੱਚ ਸਿੱਧਾ ਦਖਲ ਅਤੇ ਉਲੰਘਣਾ ਦੇ ਨਾਲ ਨਾਲ ਗੈਰ-ਸੰਵਿਧਾਨਕ ਵੀ ਹੈ।
ਪ੍ਰਭਜੋਤ ਸਿੰਘ ਵੜਿੰਗ ਦੀ ਲੜਾਈ ਉਦੋਂ ਸ਼ੁਰੂ ਹੋਈ ਜਦ 2022 ਵਿੱਚ ਉਸ ਨੇ ਵਕਾਲਤ ਪਾਸ ਕੀਤੀ ਅਤੇ ਲਾਇਸੰਸ ਲਈ ਉਸ ਨੂੰ ਕਿੰਗ ਚਾਰਲਜ ਦੇ ਨਾਂਅ &rsquoਤੇ ਸਹੁੰ ਚੁੱਕਣ ਲਈ ਕਿਹਾ ਗਿਆ। ਪ੍ਰਭਜੋਤ ਸਿੰਘ ਨੇ ਇਸ &rsquoਤੇ ਕੇ ਇਤਰਾਜ ਕੀਤਾ ਕਿ ਧਾਰਮਿਕ ਤੌਰ ਤੇ ਉਹ ਆਪਣੇ ਗੁਰੂਆਂ ਪ੍ਰਤੀ ਆਸਥਾ ਰੱਖਦਾ ਹੋਣ ਕਰਕੇ ਹੋਰ ਕਿਸੇ ਦੇ ਨਾਂਅ ਤੇ ਸਹੁੰ ਨਹੀਂ ਚੁੱਕ ਸਕਦਾ। ਉਸ ਨੇ ਮਾਮਲੇ ਨੂੰ ਸਥਾਨਕ ਅਦਾਲਤ &rsquoਚ ਚੁਣੌਤੀ ਦਿੱਤੀ, ਜਿਸਨੂੰ ਅਦਾਲਤ ਨੇ ਅਕਤੂਬਰ 2023 &rsquoਚ ਰੱਦ ਕਰ ਦਿੱਤਾ।
ਉਸ ਨੇ ਫੈਸਲੇ ਵਿਰੁੱਧ ਸੂਬੇ ਦੀ ਸਰਬ ਉੱਚ ਅਦਾਲਤ &rsquoਚ ਅਪੀਲ ਕੀਤੀ ਅਤੇ ਲੰਘੇ ਹਫਤੇ ਬੈਂਚ ਨੇ ਇਸ ਸ਼ਰਤ ਨੂੰ ਗੈਰ-ਸੰਵਿਧਾਨਕ ਅਤੇ ਅਣਲੋੜੀਂਦਾ ਮੰਨਦੇ ਹੋਏ ਅਪੀਲ ਪ੍ਰਵਾਨ ਕਰ ਲਈ। ਪ੍ਰਭਜੋਤ ਸਿੰਘ ਦੀ ਇਸ ਕਨੂੰਨੀ ਲੜਾਈ ਦੀ ਪੰਜਾਬੀ ਭਾਈਚਾਰੇ ਵਲੋਂ ਕੀਤੀ ਜਾ ਰਹੀ ਪ੍ਰਸੰਸਾ ਦੇ ਨਾਲ ਨਾਲ ਕਈ ਹੋਰ ਭਾਈਚਾਰਿਆਂ ਵਲੋਂ ਵੀ ਸਰਾਹਿਆ ਜਾ ਰਿਹਾ ਹੈ।
ਹੁਣ ਉਸਨੂੰ ਪੇਸ਼ੇਵਰ ਵਕਾਲਤ ਪ੍ਰਤੀ ਵਚਨਬੱਧਤਾ ਦਾ ਹਲਫ਼ ਤਾਂ ਲੈਣਾ ਪਵੇਗਾ, ਪਰ ਉੱਥੇ ਉਕਤ ਸ਼ਰਤ ਨਹੀਂ ਹੈ। ਕੁਝ ਹੋਰ ਸੂਬਿਆਂ ਵਿੱਚ ਰਾਜੇ ਦੇ ਨਾਂਅ ਵਾਲੀ ਸ਼ਰਤ ਕੁਝ ਸਾਲ ਪਹਿਲਾਂ ਖਤਮ ਕਰ ਦਿੱਤੀ ਗਈ ਸੀ, ਪਰ ਅਲਬਰਟਾ ਵਿੱਚ ਜਾਰੀ ਸੀ। ਸਮੁੱਚੇ ਕੈਨੇਡਾ ਵਿੱਚ ਬ੍ਰਿਟਿਸ਼ ਸ਼ਾਹੀ ਘਰਾਣੇ ਦੇ ਨਾਂਅ ਵਾਲੀ ਹਲਫ ਪ੍ਰਥਾ 1912 ਤੋਂ ਲਾਗੂ ਸੀ।