ਇਸ ਵਾਰ ਕ੍ਰਿਸਮਸ ਸੰਦੇਸ਼ ਵੈਸਟਮਿਨਸਟਰ ਐਬੇ ਤੋਂ ਦੇਣਗੇ ਬਰਤਾਨੀਆ ਦੇ ਰਾਜਾ ਕਿੰਗ ਚਾਰਲਸ

 ਲੈਸਟਰ (ਇੰਗਲੈਂਡ), 24 ਦਸੰਬਰ (ਸੁਖਜਿੰਦਰ ਸਿੰਘ ਢੱਡੇ)-
ਬਰਤਾਨੀਆ ਦੇ ਬਾਦਸ਼ਾਹ ਕਿੰਗ ਚਾਰਲਸ ਤੀਜਾ ਇਸ ਵਾਰ ਆਪਣਾ ਰਵਾਇਤੀ ਕ੍ਰਿਸਮਸ ਸੰਦੇਸ਼ ਲੰਡਨ ਦੀ ਇਤਿਹਾਸਕ ਧਾਰਮਿਕ ਇਮਾਰਤ ਵੈਸਟਮਿਨਸਟਰ ਐਬੇ ਤੋਂ ਦੇਣਗੇ। ਇਹ ਸੰਦੇਸ਼ ਐਬੇ ਅੰਦਰ ਸਥਿਤ ਲੇਡੀ ਚੈਪਲ ਵਿੱਚ ਪਹਿਲਾਂ ਹੀ ਰਿਕਾਰਡ ਕਰ ਲਿਆ ਗਿਆ ਹੈ, ਜੋ ਕ੍ਰਿਸਮਸ ਦੇ ਦਿਨ ਟੈਲੀਵਿਜ਼ਨ, ਰੇਡੀਓ ਤੇ ਹੋਰ ਮੀਡੀਆ ਸਾਧਨਾਂ ਰਾਹੀਂ ਦੇਸ਼-ਵਿਦੇਸ਼ ਵਿੱਚ ਵਸਦੇ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਰਾਜਘਰਾਨੇ ਨਾਲ ਜੁੜੇ ਸੂਤਰਾਂ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਬਾਦਸ਼ਾਹ ਚਾਰਲਸ ਵੈਸਟਮਿਨਸਟਰ ਐਬੇ ਤੋਂ ਕ੍ਰਿਸਮਸ ਦਾ ਸੰਦੇਸ਼ ਦੇ ਰਹੇ ਹਨ। ਇਸ ਤੋਂ ਪਹਿਲਾਂ ਆਮ ਤੌਰ &rsquoਤੇ ਇਹ ਸੰਦੇਸ਼ ਬਕਿੰਗਹਾਮ ਪੈਲੇਸ ਜਾਂ ਹੋਰ ਰਾਜਸੀ ਨਿਵਾਸਾਂ ਤੋਂ ਦਿੱਤਾ ਜਾਂਦਾ ਰਿਹਾ ਹੈ। ਵੈਸਟਮਿਨਸਟਰ ਐਬੇ ਦੀ ਚੋਣ ਨੂੰ ਰਾਜਘਰਾਨੇ ਅਤੇ ਚਰਚ ਵਿਚਲੇ ਪੁਰਾਣੇ ਤੇ ਡੂੰਘੇ ਰਿਸ਼ਤਿਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਵੈਸਟਮਿਨਸਟਰ ਐਬੇ ਬਰਤਾਨੀਆ ਦੀ ਇਤਿਹਾਸਕ ਵਿਰਾਸਤ ਦਾ ਅਹਿਮ ਹਿੱਸਾ ਮੰਨੀ ਜਾਂਦੀ ਹੈ, ਜਿੱਥੇ ਸਦੀਆਂ ਤੋਂ ਬਾਦਸ਼ਾਹਾਂ ਦੀ ਤਾਜਪੋਸ਼ੀ ਹੁੰਦੀ ਆ ਰਹੀ ਹੈ। ਬਾਦਸ਼ਾਹ ਚਾਰਲਸ ਦੀ ਆਪਣੀ ਤਾਜਪੋਸ਼ੀ ਵੀ ਇਸੇ ਐਬੇ ਵਿੱਚ ਹੋਈ ਸੀ। ਇਸੇ ਕਰਕੇ ਲੋਕਾਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਬਾਦਸ਼ਾਹ ਨੇ ਕ੍ਰਿਸਮਸ ਵਰਗੇ ਪਵਿੱਤਰ ਮੌਕੇ ਲਈ ਇਸ ਧਾਰਮਿਕ ਥਾਂ ਨੂੰ ਹੀ ਕਿਉਂ ਚੁਣਿਆ।
ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਆਪਣੇ ਸੰਦੇਸ਼ ਵਿੱਚ ਦੇਸ਼ ਅਤੇ ਦੁਨੀਆ ਭਰ ਵਿੱਚ ਚੱਲ ਰਹੀਆਂ ਜੰਗਾਂ, ਬੇਚੈਨੀ ਅਤੇ ਆਰਥਿਕ ਤੰਗੀਆਂ ਦੇ ਮਾਹੌਲ ਦਾ ਜ਼ਿਕਰ ਕਰਦੇ ਹੋਏ ਲੋਕਾਂ ਨੂੰ ਆਪਸੀ ਪਿਆਰ, ਸਾਂਝ ਤੇ ਭਾਈਚਾਰਕ ਏਕਤਾ ਬਣਾਈ ਰੱਖਣ ਦੀ ਅਪੀਲ ਕਰਨਗੇ। ਇਸ ਦੇ ਨਾਲ ਹੀ ਉਹ ਗਰੀਬਾਂ, ਕਮਜ਼ੋਰਾਂ ਅਤੇ ਮੁਸ਼ਕਲ ਵਿੱਚ ਫਸੇ ਲੋਕਾਂ ਦੀ ਮਦਦ ਕਰਨ &rsquoਤੇ ਵੀ ਜ਼ੋਰ ਦੇ ਸਕਦੇ ਹਨ। ਕ੍ਰਿਸਮਸ ਮੌਕੇ ਬਾਦਸ਼ਾਹ ਦਾ ਸੰਦੇਸ਼ ਬਰਤਾਨੀਆ ਵਿੱਚ ਸਾਲਾਂ ਪੁਰਾਣੀ ਰਿਵਾਇਤ ਹੈ, ਜਿਸਨੂੰ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਪਰਿਵਾਰ ਇਕੱਠੇ ਹੋ ਕੇ ਧਿਆਨ ਨਾਲ ਸੁਣਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਇਸ ਵਾਰ ਵੈਸਟਮਿਨਸਟਰ ਐਬੇ ਤੋਂ ਆਉਣ ਵਾਲਾ ਸੰਦੇਸ਼ ਖਾਸ ਮਹੱਤਤਾ ਰੱਖੇਗਾ ਅਤੇ ਇਹ ਬਾਦਸ਼ਾਹ ਦੇ ਚਰਚ ਨਾਲ ਨਾਲ ਆਮ ਲੋਕਾਂ ਨਾਲ ਵੀ ਨਜ਼ਦੀਕੀ ਰਿਸ਼ਤੇ ਨੂੰ ਦਰਸਾਵੇਗਾ।