ਇੰਗਲੈਂਡ ਦੇ ਸ਼ਹਿਰ ਡਰਬੀ ਵਿਖੇ ਕਬੱਡੀ ਮੈਚ ਦੌਰਾਨ ਹਥਿਆਰਬੰਦ ਹਿੰਸਾ ਮਾਮਲੇ ‘ਚ ਤਿੰਨ ਹੋਰ ਪੰਜਾਬੀਆਂ ਨੂੰ 11 ਸਾਲ ਜੇਲ੍ਹ

ਉਕਤ ਦੋਸ਼ਾਂ ਤਹਿਤ ਅਦਾਲਤ ਨੇ ਬੂਟਾ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਦਮਨਜੀਤ ਸਿੰਘ ਨੂੰ ਤਿੰਨ ਸਾਲ ਅਤੇ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਉਪਰੰਤ ਦੇਸ਼ ਨਿਕਾਲੇ ਦਾ ਸਾਹਮਣਾ ਕਰੇਗਾ। ਉਸੇ ਸੁਣਵਾਈ ਵਿੱਚ, ਰਾਜ ਟੀ ਸਿੰਘ ਨੂੰ ਤਿੰਨ ਸਾਲ ਅਤੇ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।  ਤਸਵੀਰਃ  ਡਰਬੀ ਪੁਲਿਸ ਵੱਲੋਂ ਜਾਰੀ ਤਸਵੀਰਾਂ ਵਿੱਚ ਦੋਸ਼ੀ ਦਮਨਜੀਤ ਸਿੰਘ, ਬੂਟਾ ਸਿੰਘ ਅਤੇ ਰਾਜ ਟੀ ਸਿੰਘ ਤਸਵੀਰਾਂਃ ਮਨਪ੍ਰੀਤ ਸਿੰਘ ਬੱਧਨੀ ਕਲਾਂ

 ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਅਗਸਤ 2023 ਵਿੱਚ ਡਰਬੀ ਦੇ ਅਲਵਾਸਟਨ ਇਲਾਕੇ ਵਿੱਚ ਇੱਕ ਖੇਡ ਟੂਰਨਾਮੈਂਟ ਦੌਰਾਨ ਦੋ ਬਾਹਰੀ ਗਰੁਪਾਂ ਵਿੱਚ ਹੋਈ ਹਿੰਸਕ ਝੜਪ ਦੇ ਮਾਮਲੇ ਵਿੱਚ ਤਿੰਨ ਹੋਰ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਚੱਲ ਰਹੇ ਕਬੱਡੀ ਟੂਰਨਾਮੈਂਟ ਦੀ ਕਾਰ ਪਾਰਕ ਵਿੱਚ ਅਚਾਨਕ ਕੁੱਝ ਲੋਕਾਂ ਨੇ ਆ ਕੇ ਝਗੜਾ ਸ਼ੁਰੂ ਕਰ ਦਿੱਤਾ। ਇਸ ਮੌਕੇ ਗੋਲੀ ਵੀ ਚੱਲੀ ਅਤੇ ਕਈ ਜ਼ਖ਼ਮੀ ਹੋਏ। ਪੁਲਿਸ ਮੁਤਾਬਿਕ ਇਹ ਯੋਜਨਾਬੱਧ ਲੜਾਈ ਜਿਸ ਵਿੱਚ "ਚਾਕੂ, ਤਲਵਾਰਾਂ ਅਤੇ ਬੱਲੇ" ਵਰਤੇ ਗਏ, ਘਟਨਾ ਸਥਾਨ ਤੇ ਬੱਚੇ ਵੀ ਮੌਜੂਦ ਸਨ।

ਡਰਬੀ ਅਦਾਲਤ ਵਿੱਚ ਹੋਈ ਸੁਣਵਾਈ ਵਿੱਚ ਦਮਨਜੀਤ ਸਿੰਘ, ਬੂਟਾ ਸਿੰਘ ਅਤੇ ਰਾਜ ਟੀ ਸਿੰਘ ਨੂੰ ਸਜ਼ਾ ਸੁਣਾਈ ਗਈ। ਇਸ ਤੋਂ ਪਹਿਲਾਂ 2024 ਵਿੱਚ ਸੱਤ ਲੋਕ ਪਹਿਲਾਂ ਹੀ ਕੈਦ ਦੀ ਸਜ਼ਾ ਭੁਗਤ ਰਹੇ ਹਨ।

ਡਰਬੀਸ਼ਾਇਰ ਪੁਲਿਸ ਨੇ ਕਿਹਾ ਕਿ ਬੂਟਾ ਸਿੰਘ ਨੂੰ ਵਿਰੋਧੀ ਸਮੂਹ ਦੇ ਪਿੱਛੇ ਭੱਜਦੇ ਹੋਏ ਵੀਡੀਓ ਫੁਟੇਜ ਵਿੱਚ ਦੇਖਿਆ ਗਿਆ ਸੀ। ਹਿੰਸਾ ਦੇ ਸਮੇਂ ਉਸ ਕੋਲ ਕੋਈ ਹਥਿਆਰ ਨਹੀਂ ਸੀ, ਜਦੋਂ ਪੁਲਿਸ ਨੇ ਦੋ ਦਿਨ ਬਾਅਦ ਉਸਦੀ ਕਾਰ ਰੋਕੀ, ਤਾਂ ਅਧਿਕਾਰੀਆਂ ਨੂੰ ਦੋ ਚਾਕੂ ਮਿਲੇ।

ਅਧਿਕਾਰੀਆਂ ਨੇ ਦੱਸਿਆ ਕਿ ਫੁਟੇਜ ਵਿੱਚ ਦਮਨਜੀਤ ਸਿੰਘ ਅਤੇ ਰਾਜ ਟੀ ਸਿੰਘ ਨੂੰ ਵੀ ਗੜਬੜ ਦੌਰਾਨ ਵੱਡੇ ਚਾਕੂਆਂ ਨਾਲ ਦੇਖਿਆ ਗਿਆ ਸੀ। ਨਵੰਬਰ ਵਿੱਚ ਡਰਬੀ ਕਰਾਊਨ ਕੋਰਟ ਵਿੱਚ ਮੁਕੱਦਮੇ ਦੀ ਸੁਣਵਾਈ ਦੌਰਾਨ ਵਿਥਮ ਡਰਾਈਵ, ਡਰਬੀ ਦੇ ਰਹਿਣ ਵਾਲੇ 35 ਸਾਲਾ ਬੂਟਾ ਸਿੰਘ ਨੂੰ ਹਿੰਸਕ ਗੜਬੜ ਦਾ ਦੋਸ਼ੀ ਪਾਇਆ ਗਿਆ। ਉਸਨੇ ਮੁਕੱਦਮੇ ਦੀ ਸ਼ੁਰੂਆਤ ਵਿੱਚ ਇੱਕ ਹਥਿਆਰ ਰੱਖਣ ਦੀ ਗੱਲ ਵੀ ਸਵੀਕਾਰ ਕੀਤੀ।

ਪਾਵੇਲ ਪਲੇਸ, ਟਿਪਟਨ ਦੇ ਰਹਿਣ ਵਾਲੇ 35 ਸਾਲਾ ਦਮਨਜੀਤ ਸਿੰਘ ਨੂੰ ਹਿੰਸਕ ਗੜਬੜ ਅਤੇ ਇੱਕ ਤੇਜ਼ਧਾਰ ਹਥਿਆਰ ਰੱਖਣ ਦਾ ਦੋਸ਼ੀ ਪਾਇਆ ਗਿਆ। ਪੈਟਰਡੇਲ ਡਰਾਈਵ, ਹਡਰਸਫੀਲਡ ਦੇ ਰਹਿਣ ਵਾਲੇ 42 ਸਾਲਾ ਰਾਜ ਟੀ ਸਿੰਘ ਨੂੰ ਹਿੰਸਕ ਗੜਬੜ ਅਤੇ ਇੱਕ ਹਥਿਆਰ ਰੱਖਣ ਦਾ ਦੋਸ਼ੀ ਪਾਇਆ ਗਿਆ। 

ਉਕਤ ਦੋਸ਼ਾਂ ਤਹਿਤ ਅਦਾਲਤ ਨੇ ਬੂਟਾ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਦਮਨਜੀਤ ਸਿੰਘ ਨੂੰ ਤਿੰਨ ਸਾਲ ਅਤੇ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਉਪਰੰਤ ਦੇਸ਼ ਨਿਕਾਲੇ ਦਾ ਸਾਹਮਣਾ ਕਰੇਗਾ। ਉਸੇ ਸੁਣਵਾਈ ਵਿੱਚ, ਰਾਜ ਟੀ ਸਿੰਘ ਨੂੰ ਤਿੰਨ ਸਾਲ ਅਤੇ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।