ਡਰੋਨ ਬਣੇ ਜੇਲ ਸੁਰੱਖਿਆ ਲਈ ਖਤਰਾ, ਕੈਦੀਆਂ ਦੀ ਡਰੋਨਾਂ ਰਾਹੀਂ ਭੱਜਣ ਦੀ ਵਧੀ ਸੰਭਾਵਨਾ *ਭਾਰੀ ਵਜ਼ਨ ਚੁੱਕਣ ਦੀ ਸਮਰੱਥਾ ਵਾਲੇ ਡਰੋਨਾਂ ਨੇ ਜੇਲ੍ਹ ਸੁੱਰਖਿਆ ਦੀ ਉਡਾਈ ਨੀਦ, ਸੁੱਰਖਿਆ ਏਜੰਸੀਆਂ ਚਿੰਤਿਤ

 ਲੈਸਟਰ (ਇੰਗਲੈਂਡ), 26 ਦਸੰਬਰ (ਸੁਖਜਿੰਦਰ ਸਿੰਘ ਢੱਡੇ)-
ਬਰਤਾਨੀਆ ਦੀਆਂ ਜੇਲ੍ਹਾਂ ਦੀ ਸੁਰੱਖਿਆ ਪ੍ਰਣਾਲੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਨਵੀਆਂ ਰਿਪੋਰਟਾਂ ਮੁਤਾਬਕ ਅਪਰਾਧੀ ਗਿਰੋਹ ਹੁਣ ਐਸੇ ਅਧੁਨਿਕ ਅਤੇ ਤਾਕਤਵਰ ਡਰੋਨ ਵਰਤ ਰਹੇ ਹਨ, ਜੋ ਨਾ ਸਿਰਫ਼ ਵੱਡੀ ਮਾਤਰਾ ਵਿੱਚ ਗੈਰਕਾਨੂੰਨੀ ਸਮਾਨ ਢੋ ਸਕਦੇ ਹਨ, ਸਗੋਂ ਭਵਿੱਖ ਵਿੱਚ ਮਨੁੱਖੀ ਵਜ਼ਨ ਚੁੱਕਣ ਦੀ ਸਮਰਥਾ ਵੀ ਰੱਖਦੇ ਹਨ। ਸੁਰੱਖਿਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਹਾਲਾਤਾਂ &lsquoਤੇ ਤੁਰੰਤ ਕਾਬੂ ਨਾ ਪਾਇਆ ਗਿਆ, ਤਾਂ ਜੇਲ੍ਹਾਂ ਤੋਂ ਕੈਦੀਆਂ ਦੀ ਭੱਜਣ ਵਰਗੀ ਗੰਭੀਰ ਘਟਨਾ ਵੀ ਸਾਹਮਣੇ ਆ ਸਕਦੀ ਹੈ। ਸੂਤਰਾਂ ਅਨੁਸਾਰ ਇਸ ਸਮੇਂ ਡਰੋਨਾਂ ਰਾਹੀਂ ਜੇਲ੍ਹਾਂ ਅੰਦਰ ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ ਅਤੇ ਹੋਰ ਮਨਾਹੀਸ਼ੁਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ ਗਿਰੋਹ ਇੱਕ ਵਾਰ ਦੀ ਉਡਾਣ &lsquoਚ ਹੀ ਪੰਜਾਹ ਹਜ਼ਾਰ ਪੌਂਡ ਤੱਕ ਦੀ ਕਮਾਈ ਕਰ ਰਹੇ ਹਨ। ਇਹ ਗਤੀਵਿਧੀਆਂ ਜੇਲ੍ਹ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਦੀਆਂ ਜਾ ਰਹੀਆਂ ਹਨ। ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਡਰੋਨ ਤਕਨੀਕ ਵਿੱਚ ਹੋ ਰਹੀ ਤੇਜ਼ ਤਰੱਕੀ ਕਾਰਨ ਇਹ ਯੰਤਰ ਹੁਣ ਪਹਿਲਾਂ ਨਾਲੋਂ ਕਾਫ਼ੀ ਵੱਡੇ, ਤੇਜ਼ ਅਤੇ ਭਾਰੀ ਵਜ਼ਨ ਢੋਣ ਯੋਗ ਬਣ ਗਏ ਹਨ। ਕੁਝ ਮਾਡਲਾਂ ਦੀ ਸਮਰਥਾ ਨੂੰ ਦੇਖਦਿਆਂ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਪਰਾਧੀ ਤੱਤ ਭਵਿੱਖ ਵਿੱਚ ਕੈਦੀਆਂ ਨੂੰ ਹਵਾਈ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਸਕਦੇ ਹਨ। ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੰਨਿਆ ਹੈ ਕਿ ਮੌਜੂਦਾ ਸੁਰੱਖਿਆ ਪ੍ਰਬੰਧ ਇਸ ਨਵੇਂ ਖਤਰੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਇਸੇ ਲਈ ਹੁਣ ਐਂਟੀ-ਡਰੋਨ ਤਕਨੀਕ, ਹਵਾਈ ਨਿਗਰਾਨੀ ਪ੍ਰਣਾਲੀ ਅਤੇ ਕਾਨੂੰਨੀ ਸਖ਼ਤੀ ਵਧਾਉਣ &lsquoਤੇ ਵਿਚਾਰ ਕੀਤਾ ਜਾ ਰਿਹਾ ਹੈ। ਕੁਝ ਜੇਲ੍ਹਾਂ &lsquoਚ ਡਰੋਨ ਜੈਮਰ ਅਤੇ ਰਡਾਰ ਸਿਸਟਮ ਲਗਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਲ੍ਹਾਂ ਦੀ ਸੁਰੱਖਿਆ ਸਿਰਫ਼ ਚਾਰਦਿਵਾਰੀ ਤੱਕ ਸੀਮਿਤ ਨਹੀਂ ਰਹੀ, ਸਗੋਂ ਹੁਣ ਅਸਮਾਨ ਤੋਂ ਆਉਂਦੇ ਖਤਰੇ ਨੂੰ ਵੀ ਧਿਆਨ &lsquoਚ ਰੱਖਣਾ ਲਾਜ਼ਮੀ ਹੋ ਗਿਆ ਹੈ। ਸਰਕਾਰ &lsquoਤੇ ਦਬਾਅ ਵਧ ਰਿਹਾ ਹੈ ਕਿ ਉਹ ਤੁਰੰਤ ਅਤੇ ਠੋਸ ਕਦਮ ਚੁੱਕ ਕੇ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਏ, ਨਹੀਂ ਤਾਂ ਇਹ ਸਮੱਸਿਆ ਹੋਰ ਵੀ ਵਿਕਰਾਲ ਰੂਪ ਧਾਰ ਸਕਦੀ ਹੈ।