ਛੋਟੀ ਕੁੜੀ ਦੀ ਮੌਤ ਮਾਮਲੇ ’ਚ 14 ਸਾਲ ਦੇ ਮੁੰਡੇ ਦੀ ਗ੍ਰਿਫ਼ਤਾਰੀ

 ਲੈਸਟਰ (ਇੰਗਲੈਂਡ), 26 ਦਸੰਬਰ (ਸੁਖਜਿੰਦਰ ਸਿੰਘ ਢੱਡੇ) &ndash ਇੰਗਲੈਂਡ ਦੇ ਮੈਂਚੇਸਟਰ ਵਿੱਚ 13 ਸਾਲ ਦੀ ਇਕ ਕੁੜੀ ਦੀ ਰਹੱਸਮਈ ਮੌਤ ਦੇ ਮਾਮਲੇ ਨੇ ਗੰਭੀਰ ਰੂਪ ਧਾਰ ਲਿਆ ਹੈ, ਜਿਸ ਸਬੰਧੀ ਪੁਲਿਸ ਨੇ ਇੱਕ 14 ਸਾਲ ਦੇ ਮੁੰਡੇ ਨੂੰ ਹਾਰਾਸਮੈਂਟ ਦੇ ਸ਼ੱਕ ਹੇਠ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਤੋਂ ਬਾਅਦ ਬੇਲ &rsquoਤੇ ਰਿਹਾ ਕਰ ਦਿੱਤਾ ਹੈ। ਪੁਲਿਸ ਮੁਤਾਬਕ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਨਵੰਬਰ ਮਹੀਨੇ ਦੇ ਅਖੀਰ ਵਿੱਚ ਕੁੜੀ ਆਪਣੇ ਘਰ ਅੰਦਰ ਬੇਹੋਸ਼ ਹਾਲਤ ਵਿੱਚ ਮਿਲੀ ਸੀ, ਜਿਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰ ਉਸਦੀ ਜਾਨ ਨਾ ਬਚਾ ਸਕੇ। ਮੌਤ ਦੇ ਹਾਲਾਤਾਂ ਨੂੰ ਸ਼ੱਕੀ ਮੰਨਦਿਆਂ ਗਰੇਟਰ ਮੈਂਚੇਸਟਰ ਪੁਲਿਸ ਵੱਲੋਂ ਵਿਸਥਾਰਪੂਰਕ ਜਾਂਚ ਸ਼ੁਰੂ ਕੀਤੀ ਗਈ, ਜਿਸ ਦੌਰਾਨ ਇਹ ਗ੍ਰਿਫ਼ਤਾਰੀ ਹੋਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹਰ ਪੱਖ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਖੰਗਾਲਿਆ ਜਾ ਰਿਹਾ ਹੈ ਕਿ ਕੀ ਇਸ ਘਟਨਾ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਰਹੀ ਹੈ ਜਾਂ ਨਹੀਂ। ਉੱਥੇ ਹੀ ਮ੍ਰਿਤਕ ਕੁੜੀ ਦੇ ਪਰਿਵਾਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ, ਜਦਕਿ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਅੱਗੇ ਆ ਕੇ ਜਾਂਚ ਵਿੱਚ ਸਹਿਯੋਗ ਦੇਣ।