ਕ੍ਰਿਸਮਸ ਵਾਲੇ ਦਿਨ ਸ਼ੈਫੀਲਡ ਚ ਵਾਪਰੇ ਗੋਲੀਕਾਂਡ ਕਾਰਨ ਇਲਾਕੇ ਚ ਫੈਲੀ ਦਹਿਸ਼ਤ, ਚਾਰ ਸ਼ੱਕੀ ਕਾਬੂ

 ਲੈਸਟਰ (ਇੰਗਲੈਂਡ), 26 ਦਸੰਬਰ (ਸੁਖਜਿੰਦਰ ਸਿੰਘ ਢੱਡੇ)- ਕ੍ਰਿਸਮਸ ਦਿਨ ਦੱਖਣੀ ਯਾਰਕਸ਼ਾਇਰ ਦੇ ਸ਼ਹਿਰ ਸ਼ੈਫ਼ੀਲਡ ਵਿੱਚ ਹੋਏ ਗੰਭੀਰ ਗੋਲੀਕਾਂਡ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਡਾਰਨਾਲ ਇਲਾਕੇ ਦੀ ਵਿਲਫ਼ਰੈਡ ਡਰਾਈਵ &rsquoਤੇ ਵਾਪਰੀ ਇਸ ਘਟਨਾ ਵਿੱਚ 20 ਸਾਲਾ ਨੌਜਵਾਨ ਨੂੰ ਛਾਤੀ ਵਿੱਚ ਗੋਲੀ ਮਾਰੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਕਤਲ ਦੀ ਕੋਸ਼ਿਸ਼ ਦੇ ਸ਼ੱਕ &rsquoਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਰਾਤ ਕਰੀਬ 11.30 ਵਜੇ ਐਮਰਜੈਂਸੀ ਸੇਵਾਵਾਂ ਨੂੰ ਸੂਚਨਾ ਮਿਲੀ, ਜਿਸ &rsquoਤੇ ਮੌਕੇ &rsquoਤੇ ਪਹੁੰਚੀ ਐਂਬੂਲੈਂਸ ਟੀਮ ਨੇ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਦੱਖਣੀ ਯਾਰਕਸ਼ਾਇਰ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਨੌਜਵਾਨ ਦੀ ਹਾਲਤ ਨਾਜ਼ੁਕ ਅਤੇ ਜਾਨਲੇਵਾ ਬਣੀ ਹੋਈ ਹੈ ਅਤੇ ਡਾਕਟਰਾਂ ਦੀ ਟੀਮ ਉਸ ਦੀ ਜਾਨ ਬਚਾਉਣ ਲਈ ਜੁਟੀਂ ਹੋਈ ਹੈ। ਪੁਲਿਸ ਨੇ ਕਿਹਾ ਕਿ ਘਟਨਾ ਵਾਲੀ ਜਗ੍ਹਾ ਦੀ ਘੇਰਾਬੰਦੀ ਕਰਕੇ ਫੋਰੈਂਸਿਕ ਜਾਂਚ ਕੀਤੀ ਗਈ ਅਤੇ ਸਬੂਤ ਇਕੱਠੇ ਕੀਤੇ ਗਏ। ਜਾਂਚ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ &rsquoਤੇ ਚਾਰਾਂ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਇਹ ਗੋਲੀਕਾਂਡ ਪੁਰਾਣੀ ਰੰਜਿਸ਼ ਜਾਂ ਕਿਸੇ ਆਪਸੀ ਵਿਵਾਦ ਨਾਲ ਜੁੜਿਆ ਹੋ ਸਕਦਾ ਹੈ, ਜਿਸ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਕ੍ਰਿਸਮਸ ਵਰਗੇ ਤਿਉਹਾਰ ਦੇ ਦਿਨ ਅਜਿਹੀ ਹਿੰਸਕ ਘਟਨਾ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਵਿੱਚ ਵਾਧੂ ਗਸ਼ਤ ਤਾਇਨਾਤ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਜਾਂ ਸੀਸੀਟੀਵੀ ਫੁਟੇਜ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਲਿਆਂਦਾ ਜਾ ਸਕੇ।