‘ਪਵਿੱਤਰ ਸ਼ਹਿਰ’: ਅੰਮ੍ਰਿਤਸਰ ਵਿੱਚੋਂ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਹਟਾਉਣ ਦੀ ਕਾਰਵਾਈ ਸ਼ੁਰੂ

ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਪੁਰਾਣੇ ਚਾਰਦੀਵਾਰੀ ਵਾਲੇ ਸ਼ਹਿਰ (walled city) ਵਿੱਚੋਂ ਸ਼ਰਾਬ, ਮੀਟ, ਅੰਡੇ, ਤੰਬਾਕੂ ਅਤੇ ਹੋਰ ਮਾਸਾਹਾਰੀ ਵਸਤਾਂ ਵੇਚਣ ਵਾਲੇ ਅਸਥਾਈ ਖੋਖਿਆਂ ਅਤੇ ਰੇਹੜੀ-ਫੜੀ ਵਾਲਿਆਂ ਨੂੰ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਨੂੰ ਹਾਲ ਹੀ ਵਿੱਚ ਪਵਿੱਤਰ ਸ਼ਹਿਰ ਐਲਾਨਿਆ ਗਿਆ ਹੈ।
ਅੰਮ੍ਰਿਤਸਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਸਤ੍ਰਿਤ ਸਰਵੇਖਣ ਦੌਰਾਨ ਚਾਰਦੀਵਾਰੀ ਵਾਲੇ ਸ਼ਹਿਰ ਅੰਦਰ ਚੱਲ ਰਹੀਆਂ ਲਗਪਗ 150 ਅਸਥਾਈ ਦੁਕਾਨਾਂ ਅਤੇ ਸਟਾਲਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਮੀਟ ਦੀਆਂ ਦੁਕਾਨਾਂ, ਪਾਨ-ਬੀੜੀ ਦੇ ਖੋਖੇ ਅਤੇ ਉਬਲੇ ਹੋਏ ਅੰਡੇ ਵੇਚਣ ਵਾਲੀਆਂ ਰੇਹੜੀਆਂ ਸ਼ਾਮਲ ਹਨ, ਜੋ ਖਾਸ ਕਰਕੇ ਸ਼ਾਸਤਰੀ ਮਾਰਕੀਟ ਨੇੜੇ ਪੁਰਾਣੇ ਟੈਲੀਫੋਨ ਐਕਸਚੇਂਜ ਅਤੇ ਕਟੜਾ ਜੈਮਲ ਸਿੰਘ ਵਰਗੇ ਖੇਤਰਾਂ ਵਿੱਚ ਸਥਿਤ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਹਾਥੀ ਗੇਟ, ਲੋਹਗੜ੍ਹ ਗੇਟ, ਹਕੀਮਾਂ ਗੇਟ, ਭਗਤਾਂਵਾਲਾ ਗੇਟ, ਗੁਰੂਵਾਲੀ ਗੇਟ, ਗੁਰੂ ਬਾਜ਼ਾਰ, ਲਾਹੌਰੀ ਗੇਟ, ਨਮਕ ਮੰਡੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਮਾਸਾਹਾਰੀ ਭੋਜਨ ਅਤੇ ਤੰਬਾਕੂ ਉਤਪਾਦ ਵੇਚਣ ਵਾਲੇ ਵਿਕਰੇਤਾ ਮਿਲੇ ਹਨ। ਅੰਮ੍ਰਿਤਸਰ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਆਬਕਾਰੀ ਵਿਭਾਗ ਨੇ ਚਾਰਦੀਵਾਰੀ ਦੇ ਅੰਦਰ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਜਾਰੀ ਨਹੀਂ ਕੀਤੇ ਹਨ, ਫਿਰ ਵੀ ਕੁਝ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸਥਿਤ ਲਗਭਗ 650 ਹੋਟਲਾਂ ਅਤੇ ਗੈਸਟ ਹਾਊਸਾਂ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਉਹ ਪਹਿਲਾਂ ਹੀ ਸ਼ਰਧਾਲੂਆਂ ਨੂੰ ਸ਼ਰਾਬ ਜਾਂ ਮਾਸਾਹਾਰੀ ਭੋਜਨ ਨਹੀਂ ਪਰੋਸਦੇ।