ਬ੍ਰਿਟੇਨ ਦੀ ਮਹਿੰਗਾਈ ਤੋਂ ਤੰਗ ਆ ਕੇ ਬਹੁਤੇ ਬ੍ਰਿਟਿਸ਼ ਲੋਕਾਂ ਦਾ ਪੋਲੈਂਡ ਵੱਸਣ ਵੱਲ ਵਧ ਰਿਹਾ ਰੁਝਾਨ

 ਲੈਸਟਰ (ਇੰਗਲੈਂਡ), 28 ਦਸੰਬਰ (ਸੁਖਜਿੰਦਰ ਸਿੰਘ ਢੱਡੇ)-

ਇੱਕ ਸਮਾਂ ਸੀ ਜਦੋਂ ਬਿਹਤਰ ਰੋਜ਼ਗਾਰ, ਉੱਚ ਜੀਵਨ-ਮਿਆਰ ਅਤੇ ਮਜ਼ਬੂਤ ਅਰਥਵਿਵਸਥਾ ਦੀ ਆਸ ਵਿੱਚ ਪੋਲੈਂਡ ਸਮੇਤ ਪੂਰਬੀ ਯੂਰਪ ਦੇ ਲੱਖਾਂ ਲੋਕ ਬ੍ਰਿਟੇਨ ਵੱਲ ਰੁਖ ਕਰਦੇ ਸਨ। ਪਰ ਹੁਣ ਹਾਲਾਤ ਤੇ ਰੁਝਾਨ ਦੋਵੇਂ ਬਦਲਦੇ ਨਜ਼ਰ ਆ ਰਹੇ ਹਨ। ਤਾਜ਼ਾ ਰਿਪੋਰਟਾਂ ਮੁਤਾਬਕ ਹਜ਼ਾਰਾਂ ਦੀ ਗਿਣਤੀ ਵਿੱਚ ਬ੍ਰਿਟਿਸ਼ ਨਾਗਰਿਕ ਬ੍ਰਿਟੇਨ ਛੱਡ ਕੇ ਪੋਲੈਂਡ ਵੱਸਣ ਨੂੰ ਤਰਜੀਹ ਦੇ ਰਹੇ ਹਨ। ਮੱਧ 2000 ਦੇ ਦਹਾਕੇ ਦੌਰਾਨ ਪੋਲੈਂਡ ਦੇ ਯੂਰਪੀ ਸੰਘ ਵਿੱਚ ਸ਼ਾਮਲ ਹੋਣ ਤੋਂ ਬਾਅਦ ਬ੍ਰਿਟੇਨ ਵਿੱਚ ਪੋਲੈਂਡੀ ਨਾਗਰਿਕਾਂ ਦੀ ਗਿਣਤੀ ਵਿੱਚ ਤੇਜ਼ ਵਾਧਾ ਹੋਇਆ ਸੀ। ਸਾਲ 2004 ਵਿੱਚ ਜਿੱਥੇ ਇਹ ਗਿਣਤੀ ਲਗਭਗ 94 ਹਜ਼ਾਰ ਸੀ, ਉੱਥੇ ਕੁਝ ਸਾਲਾਂ ਵਿੱਚ ਹੀ ਇਹ ਲੱਖਾਂ ਤੱਕ ਪਹੁੰਚ ਗਈ। ਸਸਤਾ ਰਹਿਣ-ਸਹਿਣ, ਨੌਕਰੀਆਂ ਦੇ ਵੱਡੇ ਮੌਕੇ ਅਤੇ ਖੁੱਲ੍ਹੀ ਆਵਾਜਾਈ ਨੇ ਪੋਲੈਂਡੀ ਨਾਗਰਿਕਾਂ ਨੂੰ ਬ੍ਰਿਟੇਨ ਆਉਣ ਲਈ ਉਤਸ਼ਾਹਿਤ ਕੀਤਾ।
ਪਰ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਤੋਂ ਬਾਅਦ ਸਥਿਤੀ ਬਦਲਣੀ ਸ਼ੁਰੂ ਹੋ ਗਈ। ਇਮੀਗ੍ਰੇਸ਼ਨ ਨੀਤੀਆਂ ਵਿੱਚ ਸਖ਼ਤੀ, ਮਹਿੰਗਾਈ ਵਿੱਚ ਲਗਾਤਾਰ ਵਾਧਾ, ਘਰਾਂ ਦੇ ਕਿਰਾਏ ਅਤੇ ਰੋਜ਼ਮਰਰਾ ਦੇ ਖਰਚਿਆਂ ਨੇ ਬ੍ਰਿਟੇਨ ਵਿੱਚ ਰਹਿਣਾ ਕਈ ਲੋਕਾਂ ਲਈ ਮੁਸ਼ਕਲ ਬਣਾ ਦਿੱਤਾ ਹੈ। ਇਸ ਦੇ ਉਲਟ ਪੋਲੈਂਡ ਵਿੱਚ ਤੇਜ਼ੀ ਨਾਲ ਵਿਕਸਿਤ ਹੋ ਰਹੀ ਅਰਥਵਿਵਸਥਾ, ਘੱਟ ਮਹਿੰਗਾਈ ਅਤੇ ਸੁਧਰਦਾ ਜੀਵਨ-ਮਿਆਰ ਬ੍ਰਿਟਿਸ਼ ਨਾਗਰਿਕਾਂ ਨੂੰ ਆਪਣੀ ਵੱਲ ਖਿੱਚ ਰਿਹਾ ਹੈ। ਰਿਪੋਰਟਾਂ ਅਨੁਸਾਰ ਪੋਲੈਂਡ ਦੇ ਵੱਡੇ ਸ਼ਹਿਰਾਂ ਵਿੱਚ ਨੌਕਰੀਆਂ ਦੇ ਮੌਕੇ ਵਧ ਰਹੇ ਹਨ ਅਤੇ ਤਨਖ਼ਾਹਾਂ ਵਿੱਚ ਵੀ ਲਗਾਤਾਰ ਸੁਧਾਰ ਆ ਰਿਹਾ ਹੈ। ਇਸ ਤੋਂ ਇਲਾਵਾ ਸਿਹਤ, ਸਿੱਖਿਆ ਅਤੇ ਆਵਾਜਾਈ ਵਰਗੀਆਂ ਸਹੂਲਤਾਂ ਵਿੱਚ ਹੋ ਰਹੇ ਵਿਕਾਸ ਨੇ ਵੀ ਵਿਦੇਸ਼ੀਆਂ ਦਾ ਭਰੋਸਾ ਵਧਾਇਆ ਹੈ। ਕਈ ਬ੍ਰਿਟਿਸ਼ ਨਾਗਰਿਕਾਂ ਦਾ ਕਹਿਣਾ ਹੈ ਕਿ ਪੋਲੈਂਡ ਵਿੱਚ ਉਹ ਘੱਟ ਖਰਚੇ &lsquoਚ ਬਿਹਤਰ ਜੀਵਨ ਜੀ ਰਹੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਰੁਝਾਨ ਹੋਰ ਤੇਜ਼ ਹੋ ਸਕਦਾ ਹੈ। ਜੇਕਰ ਬ੍ਰਿਟੇਨ ਵਿੱਚ ਮਹਿੰਗਾਈ ਅਤੇ ਰਿਹਾਇਸ਼ੀ ਸੰਕਟ &lsquoਤੇ ਕਾਬੂ ਨਾ ਪਾਇਆ ਗਿਆ, ਤਾਂ ਹੋਰ ਬ੍ਰਿਟਿਸ਼ ਨਾਗਰਿਕ ਵੀ ਪੂਰਬੀ ਯੂਰਪ ਦੇ ਦੇਸ਼ਾਂ ਵੱਲ ਰੁਖ ਕਰ ਸਕਦੇ ਹਨ। ਇਸ ਤਰ੍ਹਾਂ, ਜੋ ਦੇਸ਼ ਕਦੇ ਮਜ਼ਦੂਰੀ ਅਤੇ ਬਿਹਤਰ ਜੀਵਨ ਲਈ ਲੋਕ ਭੇਜਦਾ ਸੀ, ਅੱਜ ਉਹੀ ਦੇਸ਼ ਬ੍ਰਿਟਿਸ਼ ਨਾਗਰਿਕਾਂ ਲਈ ਨਵਾਂ ਆਕਰਸ਼ਣ ਕੇਂਦਰ ਬਣਦਾ ਜਾ ਰਿਹਾ ਹੈ।