ਘਰ ਨੂੰ ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ ਮਾਂ ਦੀ ਮੌਤ

 ਲੈਸਟਰ (ਇੰਗਲੈਂਡ), 29 ਦਸੰਬਰ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਗਲੌਸਟਰਸ਼ਾਇਰ ਸੂਬੇ ਦੇ ਸਟ੍ਰਾਊਡ ਸ਼ਹਿਰ ਨੇੜਲੇ ਇਲਾਕੇ ਬ੍ਰਿਮਜ਼ਕੋਮ ਹਿੱਲ ਵਿੱਚ ਬਾਕਸਿੰਗ ਡੇ ਦੇ ਦਿਨ ਘਰ ਅੰਦਰ ਲੱਗੀ ਭਿਆਨਕ ਅੱਗ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਸਦਾ ਲਈ ਖੋਹ ਲਈਆਂ। ਇਸ ਦਰਦਨਾਕ ਹਾਦਸੇ ਵਿੱਚ ਇੱਕ ਮਾਂ ਅਤੇ ਉਸ ਦੇ ਦੋ ਨਣ੍ਹੇ ਬੱਚਿਆਂ ਦੀ ਮੌਤ ਹੋ ਗਈ, ਜਿਸ ਨਾਲ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪੁਲਿਸ ਅਤੇ ਫਾਇਰ ਬ੍ਰਿਗੇਡ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅੱਗ ਅਚਾਨਕ ਘਰ ਵਿੱਚ ਭੜਕ ਉਠੀ, ਜਿਸ ਸਮੇਂ ਘਰ ਦੇ ਅੰਦਰ ਸੱਤ ਸਾਲਾ ਲੜਕੀ, ਚਾਰ ਸਾਲਾ ਲੜਕਾ ਅਤੇ ਉਨ੍ਹਾਂ ਦੀ ਮਾਂ ਮੌਜੂਦ ਸਨ। ਅੱਗ ਦੇ ਭਿਆਨਕ ਰੂਪ ਧਾਰਨ ਕਰਨ ਕਾਰਨ ਤਿੰਨੇ ਘਰ ਦੇ ਅੰਦਰ ਹੀ ਫਸ ਗਏ। ਨੇੜਲੇ ਰਹਾਇਸ਼ੀਆਂ ਵੱਲੋਂ ਧੂੰਏਂ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਨਾ ਦਿੱਤੀ ਗਈ।ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪੁਲਿਸ ਅਤੇ ਐਂਬੂਲੈਂਸ ਟੀਮਾਂ ਮੌਕੇ &lsquoਤੇ ਪਹੁੰਚ ਗਈਆਂ। ਫਾਇਰ ਫਾਈਟਰਾਂ ਨੇ ਕਾਫ਼ੀ ਸਮੇਂ ਤੱਕ ਅੱਗ &lsquoਤੇ ਕਾਬੂ ਪਾਉਣ ਲਈ ਜੰਗੀ ਪੱਧਰ &lsquoਤੇ ਕੰਮ ਕੀਤਾ, ਪਰ ਅਫ਼ਸੋਸਜਨਕ ਤੌਰ &lsquoਤੇ ਤਿੰਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਨੇ ਦੱਸਿਆ ਕਿ ਮਾਂ ਅਤੇ ਇੱਕ ਬੱਚੇ ਦੀ ਲਾਸ਼ ਐਤਵਾਰ ਨੂੰ ਬਰਾਮਦ ਕੀਤੀ ਗਈ ਸੀ, ਜਦਕਿ ਦੂਜੇ ਬੱਚੇ ਦੀ ਲਾਸ਼ ਬਾਅਦ ਵਿੱਚ ਘਰ ਦੇ ਅੰਦਰੋਂ ਮਿਲੀ।ਇਸ ਹਾਦਸੇ ਤੋਂ ਬਾਅਦ ਇਲਾਕੇ ਨੂੰ ਪੁਲਿਸ ਵੱਲੋਂ ਘੇਰਾਬੰਦੀ ਕਰਕੇ ਸੀਲ ਕਰ ਦਿੱਤਾ ਗਿਆ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਵੀ ਮੌਕੇ &lsquoਤੇ ਪਹੁੰਚ ਕੇ ਸਬੂਤ ਇਕੱਠੇ ਕਰ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਬਾਰੇ ਸਪਸ਼ਟ ਜਾਣਕਾਰੀ ਸਾਹਮਣੇ ਆਵੇਗੀ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਪੂਰੇ ਇਲਾਕੇ ਲਈ ਇੱਕ ਵੱਡਾ ਸਦਮਾ ਹੈ। ਨੇੜਲੇ ਵਸਨੀਕਾਂ ਮੁਤਾਬਕ ਪਰਿਵਾਰ ਮਿਲਣਸਾਰ ਸੀ ਅਤੇ ਬੱਚੇ ਇਲਾਕੇ ਵਿੱਚ ਸਭ ਦੇ ਚਾਹਤੇ ਸਨ। ਇਸ ਦੁੱਖਦਾਈ ਹਾਦਸੇ ਕਾਰਨ ਕ੍ਰਿਸਮਸ ਅਤੇ ਬਾਕਸਿੰਗ ਡੇ ਦੀਆਂ ਖੁਸ਼ੀਆਂ ਸੋਗ ਵਿੱਚ ਤਬਦੀਲ ਹੋ ਗਈਆਂ ਹਨ।ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵੀ ਇਸ ਅੱਗ ਨਾਲ ਸਬੰਧਤ ਕੋਈ ਜਾਣਕਾਰੀ ਜਾਂ ਵੀਡੀਓ ਫੁਟੇਜ ਹੋਵੇ ਤਾਂ ਉਹ ਜਾਂਚ ਵਿੱਚ ਸਹਿਯੋਗ ਦੇਣ। ਇਸ ਦਰਦਨਾਕ ਹਾਦਸੇ ਨੇ ਇਕ ਵਾਰ ਫਿਰ ਘਰਾਂ ਵਿੱਚ ਅੱਗ ਤੋਂ ਬਚਾਅ ਲਈ ਸਾਵਧਾਨੀਆਂ ਦੀ ਲੋੜ ਵੱਲ ਧਿਆਨ ਖਿੱਚਿਆ ਹੈ।