...ਤੇ ਜਦੋ ਜਹਾਜ ਹਵਾ ਚ ਡਗਮਗਾਇਆ, ਯਾਤਰੂਆਂ ਦੀ ਮੱਚੀ ਹਫੜਾਦਫੜੀ, ਹੰਗਾਮੀ ਹਾਲਤ ਚ ਜਹਾਜ਼ ਨੇੜਲੇ ਹਵਾਈ ਅੱਡੇ ਤੇ ਉਤਾਰਿਆ

 ਲੈਸਟਰ (ਇੰਗਲੈਂਡ), 29 ਦਸੰਬਰ (ਸੁਖਜਿੰਦਰ ਸਿੰਘ ਢੱਡੇ)-
ਬਰਤਾਨੀਆ ਤੋਂ ਰਵਾਨਾ ਹੋਏ ਰਾਇਨਏਅਰ ਦੇ ਇਕ ਯਾਤਰੀ ਜਹਾਜ਼ ਵਿੱਚ ਮੱਧ ਆਕਾਸ਼ ਅਚਾਨਕ ਆਏ ਭਿਆਨਕ ਹਵਾ ਦੇ ਝਟਕਿਆਂ ਨੇ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ। ਹਵਾ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਜਹਾਜ਼ ਇਕਦਮ ਹੇਠਾਂ ਵੱਲ ਝਟਕਾ ਖਾ ਗਿਆ। ਇਸ ਕਾਰਨ ਅੰਦਰ ਬੈਠੇ ਕਈ ਯਾਤਰੀ ਆਪਣੀਆਂ ਸੀਟਾਂ ਤੋਂ ਉਛਲ ਗਏ ਅਤੇ ਕੁਝ ਲੋਕਾਂ ਨੂੰ ਸਰੀਰਕ ਚੋਟਾਂ ਵੀ ਆਈਆਂ।
ਜਹਾਜ਼ ਵਿੱਚ ਸਵਾਰ ਇਕ ਮਹਿਲਾ ਯਾਤਰੀ ਨੇ ਦੱਸਿਆ ਕਿ ਇਹ ਪਲ ਬੇਹੱਦ ਡਰਾਉਣੇ ਸਨ। ਉਸਨੇ ਕਿਹਾ ਕਿ ਕੁਝ ਸਮੇਂ ਲਈ ਇਹ ਮਹਿਸੂਸ ਹੋਇਆ ਜਿਵੇਂ ਜਹਾਜ਼ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਿਆ ਹੋਵੇ। ਹਵਾ ਦੇ ਝਟਕਿਆਂ ਨਾਲ ਜਹਾਜ਼ ਡੋਲਣ ਲੱਗ ਪਿਆ, ਜਿਸ ਨਾਲ ਅੰਦਰ ਚੀਕ-ਪੁਕਾਰ ਮਚ ਗਈ ਅਤੇ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ। ਕਈ ਯਾਤਰੀ ਡਰ ਦੇ ਮਾਰੇ ਦੁਆਵਾਂ ਕਰਨ ਲੱਗ ਪਏ। ਜਾਣਕਾਰੀ ਮੁਤਾਬਕ ਜਦੋਂ ਜਹਾਜ਼ ਉੱਚਾਈ &lsquoਤੇ ਉਡ ਰਿਹਾ ਸੀ, ਉਸ ਵੇਲੇ ਮੌਸਮ ਵਿੱਚ ਅਚਾਨਕ ਬਦਲਾਅ ਆ ਗਿਆ। ਤੇਜ਼ ਹਵਾ ਦੇ ਝਟਕਿਆਂ ਨੇ ਜਹਾਜ਼ ਦਾ ਸੰਤੁਲਨ ਵਿਗਾੜ ਦਿੱਤਾ। ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਜਹਾਜ਼ ਦੇ ਚਾਲਕਾਂ ਵੱਲੋਂ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਡਾਣ ਅੱਗੇ ਜਾਰੀ ਰੱਖਣ ਦੀ ਥਾਂ ਜਹਾਜ਼ ਨੂੰ ਵਾਪਸ ਮੋੜਨ ਦਾ ਫ਼ੈਸਲਾ ਕੀਤਾ ਗਿਆ।
ਕੁਝ ਸਮੇਂ ਬਾਅਦ ਜਹਾਜ਼ ਨੂੰ ਨਜ਼ਦੀਕੀ ਹਵਾਈ ਅੱਡੇ &lsquoਤੇ ਸੁਰੱਖਿਅਤ ਤਰੀਕੇ ਨਾਲ ਉਤਾਰ ਲਿਆ ਗਿਆ। ਜਹਾਜ਼ ਦੇ ਉਤਰਦੇ ਹੀ ਬਚਾਅ ਅਤੇ ਸਿਹਤ ਸੇਵਾਵਾਂ ਤੁਰੰਤ ਮੌਕੇ &lsquoਤੇ ਪਹੁੰਚ ਗਈਆਂ। ਜ਼ਖ਼ਮੀ ਯਾਤਰੀਆਂ ਨੂੰ ਮੌਕੇ &lsquoਤੇ ਹੀ ਡਾਕਟਰੀ ਸਹਾਇਤਾ ਦਿੱਤੀ ਗਈ, ਜਦਕਿ ਕੁਝ ਨੂੰ ਅੱਗੇ ਦੀ ਜਾਂਚ ਲਈ ਹਸਪਤਾਲ ਭੇਜਿਆ ਗਿਆ।
ਹੋਰ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਜਹਾਜ਼ ਤੋਂ ਬਾਹਰ ਕੱਢ ਕੇ ਹਵਾਈ ਅੱਡੇ ਦੇ ਅੰਦਰ ਲਿਜਾਇਆ ਗਿਆ। ਕਈ ਯਾਤਰੀਆਂ ਨੇ ਕਿਹਾ ਕਿ ਜਹਾਜ਼ ਦੇ ਚਾਲਕਾਂ ਅਤੇ ਕਰਮਚਾਰੀਆਂ ਦੀ ਸੂਝਬੂਝ ਅਤੇ ਸਾਵਧਾਨੀ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਹਵਾਈ ਕੰਪਨੀ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਕਿ ਇਹ ਘਟਨਾ ਅਚਾਨਕ ਬਦਲੇ ਮੌਸਮੀ ਹਾਲਾਤਾਂ ਕਾਰਨ ਵਾਪਰੀ ਹੈ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਸਦਾ ਪਹਿਲ ਦਿੱਤੀ ਜਾਂਦੀ ਹੈ। ਘਟਨਾ ਸਬੰਧੀ ਪੂਰੀ ਜਾਂਚ ਕੀਤੀ ਜਾ ਰਹੀ ਹੈ।