ਨਵੇਂ ਸਾਲ ਮੌਕੇ ਬਰਤਾਨੀਆ ਚ ਬਰਫ਼ੀਲਾ ਕਹਿਰ ਅਤੇ ਬਰਫ਼ ਪੈਣ ਦੀ ਸੰਭਾਵਨਾ, ਪ੍ਰਸ਼ਾਸਨ ਨੇ ਕੀਤੀ ਚੇਤਾਵਨੀ ਜਾਰੀ

 ਲੈਸਟਰ (ਇੰਗਲੈਂਡ), 30 ਦਸੰਬਰ (ਸੁਖਜਿੰਦਰ ਸਿੰਘ ਢੱਡੇ)-

ਨਵੇਂ ਸਾਲ ਦੀ ਈਵ ਮੌਕੇ ਬ੍ਰਿਟੇਨ ਦੇ ਵੱਡੇ ਹਿੱਸਿਆਂ ਵਿੱਚ ਕੜਾਕੇ ਦੀ ਠੰਢ ਅਤੇ ਭਾਰੀ ਬਰਫ਼ਬਾਰੀ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਮੁਤਾਬਕ ਦੇਸ਼ ਦੇ ਕਈ ਇਲਾਕਿਆਂ ਵਿੱਚ ਤਾਪਮਾਨ ਅਚਾਨਕ ਡਿੱਗਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਮਾਹਿਰਾਂ ਅਨੁਸਾਰ ਕੁਝ ਖੇਤਰਾਂ ਵਿੱਚ 15 ਤੋਂ 20 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ, ਜਦਕਿ ਤਾਪਮਾਨ ਮਾਇਨਸ 4 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਸਥਿਤੀ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਕਈ ਇਲਾਕਿਆਂ ਲਈ ਐਂਬਰ ਹੈਲਥ ਅਲਰਟ ਜਾਰੀ ਕੀਤੇ ਗਏ ਹਨ।
ਬਰਫ਼ਬਾਰੀ ਅਤੇ ਕੜੀ ਠੰਢ ਕਾਰਨ ਸੜਕਾਂ &rsquoਤੇ ਫਿਸਲਣ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਟ੍ਰੈਫਿਕ ਹਾਦਸਿਆਂ ਦਾ ਖ਼ਤਰਾ ਬਣ ਸਕਦਾ ਹੈ। ਰੇਲ ਅਤੇ ਹਵਾਈ ਸੇਵਾਵਾਂ &rsquoਤੇ ਵੀ ਅਸਰ ਪੈ ਸਕਦਾ ਹੈ। ਕਈ ਥਾਵਾਂ &rsquoਤੇ ਸਕੂਲਾਂ ਅਤੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਜਾਂ ਅਸਥਾਈ ਬੰਦਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸਿਹਤ ਮਾਹਿਰਾਂ ਨੇ ਖ਼ਾਸ ਤੌਰ &rsquoਤੇ ਵੱਡੀ ਉਮਰ ਦੇ ਲੋਕਾਂ, ਦਿਲ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਅਤੇ ਛੋਟੇ ਬੱਚਿਆਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਗਰਮ ਕੱਪੜੇ ਪਹਿਨਣ, ਘਰਾਂ ਵਿੱਚ ਹੀਟਰਾਂ ਦੀ ਢੁੱਕਵੀਂ ਵਰਤੋਂ ਕਰਨ ਅਤੇ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੌਸਮੀ ਚੇਤਾਵਨੀਆਂ &rsquoਤੇ ਧਿਆਨ ਦਿੱਤਾ ਜਾਵੇ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਸਬੰਧਿਤ ਵਿਭਾਗਾਂ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਨਵੇਂ ਸਾਲ ਦੀਆਂ ਰਸਮਾਂ ਮਨਾਉਂਦੇ ਸਮੇਂ ਵੀ ਲੋਕਾਂ ਨੂੰ ਸੁਰੱਖਿਆ ਨੂੰ ਪਹਿਲ ਦੇਣ ਲਈ ਕਿਹਾ ਗਿਆ ਹੈ।