ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਵਿਖੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਕਰਵਾਇਆ ਗਿਆ ਸ਼ਹੀਦੀ ਸਮਾਗਮ

 ਰੋਮ ਇਟਲੀ 30 ਦਸੰਬਰ (ਗੁਰਸ਼ਰਨ ਸਿੰਘ ਸੋਨੀ) ਮਹਾਨ ਸਿੱਖ ਧਰਮ ਦੀਆਂ ਲਾਸਾਨੀ ਕੁਰਬਾਨੀਆਂ ਦੇ ਹਰ ਸ਼ਹੀਦ ਨੂੰ ਉਂਝ ਤਾਂ ਹਰ ਸਿੱਖ ਸਦਾ ਹੀ ਯਾਦ ਕਰਦਾ ਹੈ ਪਰ ਜਦੋਂ ਦੇਸੀ ਮਹੀਨਾ ਪੋਹ ਦਾ ਆਉਂਦਾ ਹੈ ਤਾਂ ਸਿੱਖ ਸੰਗਤ ਇਸ ਮਹੀਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ,ਬਾਬਾ ਜੁਝਾਰ ਸਿੰਘ,ਬਾਬਾ ਜ਼ੋਰਾਵਾਰ ਸਿੰਘ ,ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਫ਼ਰ-ਏ-ਸ਼ਹਾਦਤ ਸ਼ਹੀਦੀ ਸਮਾਗਮਾਂ ਵਿੱਚ ਇੱਕ ਹਫ਼ਤੇ ਤੱਕ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੰਦੀ ਹੈ। ਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਕੋਨਾ ਹੋਵੇ ਜਿੱਥੇ ਇਹ ਸ਼ਹੀਦੀ ਸਮਾਗਮ ਨਹੀਂ ਹੁੰਦੇ। ਉੱਥੇ ਹੀ ਇਟਲੀ ਵਿੱਚ ਵੀ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਅਨੇਕਾਂ ਸ਼ਹੀਦੀ ਸਮਾਗਮ ਹੋਏ। ਇਸੇ ਲੜੀ ਤਹਿਤ ਸੂਬਾ ਲਾਸੀਓ ਦੇ ਸ਼ਹਿਰ ਅਪ੍ਰੀਲੀਆ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਵਿਖੇ ਵੀ ਸ਼ਹੀਦੀ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਵੱਲੋਂ ਆਯੋਜਿਤ ਕੀਤੇ ਗਏ, ਜਿਸ 'ਚ ਸਾਰਾ ਹਫ਼ਤਾ ਸਿੱਖ ਸੰਗਤ ਨੇ ਹਾਜ਼ਰੀ ਭਰਦਿਆਂ ਸ਼ਹੀਦਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਇਲਾਹੀ ਬਾਣੀ ਦੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਗਿਆਨੀ ਸੁਖਪ੍ਰੀਤ ਸਿੰਘ ਬੁੱਢਾ ਦਲ ਇਟਲੀ ਵੱਲੋਂ ਸੰਗਤਾਂ ਕੁਰਬਾਨੀਆਂ ਨਾਲ ਭਰਿਆ ਗੌਰਵਮਈ ਇਤਿਹਾਸ ਸਰਵਣ ਕਰਵਾਇਆ। ਇਸ ਮੌਕੇ ਸਮਾਗਮ ਦੀ ਸਮਾਪਤੀ ਉਪਰੰਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਇਟਲੀ ਤੇ ਮਿਸ਼ਲ ਮੀਰੀ ਪੀਰੀ ਰੋਮਾ ਛਿਆਨਵੇਂ ਕਰੌੜੀ ਦੇ ਜਥੇ ਵਲੋ ਸ਼ਾਸਤਰ ਵਿੱਦਿਆ ਦੇ ਤੇ ਗੱਤਕੇ ਜੌਹਰ ਦਿਖਾਏ ਗਏ। ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।