ਲਲਿਤ ਮੋਦੀ ਨੇ ਵਿਵਾਦਤ ਟਿੱਪਣੀ ਤੇ ਮੰਗੀ ਮੁਆਫ਼ੀ

ਲੈਸਟਰ (ਇੰਗਲੈਂਡ),  (ਸੁਖਜਿੰਦਰ ਸਿੰਘ ਢੱਡੇ)- ਆਈ.ਪੀ.ਐੱਲ. ਦੇ ਸੰਸਥਾਪਕ ਅਤੇ ਵਿੱਤੀ ਧੋਖਾਧੜੀ ਦੇ ਮਾਮਲਿਆਂ ਵਿੱਚ ਭਾਰਤ ਵੱਲੋਂ ਲੋੜੀਂਦੇ ਲਲਿਤ ਮੋਦੀ ਨੇ ਸੋਸ਼ਲ ਮੀਡੀਆ &lsquoਤੇ ਵਾਇਰਲ ਹੋਈ ਇਕ ਵੀਡੀਓ ਸਬੰਧੀ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਹੈ। ਲਲਿਤ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਲੰਡਨ ਵਿੱਚ ਵਿਜੇ ਮਾਲਿਆ ਦੇ ਜਨਮਦਿਨ ਸਮਾਰੋਹ ਦੌਰਾਨ ਕੀਤਾ ਗਿਆ ਉਨ੍ਹਾਂ ਦਾ ਬਿਆਨ ਮਜ਼ਾਕੀਅਤ ਵਿੱਚ ਸੀ, ਜਿਸਨੂੰ ਗਲਤ ਅਰਥਾਂ ਵਿੱਚ ਲਿਆ ਗਿਆ।
ਜ਼ਿਕਰਯੋਗ ਹੈ ਕਿ ਸਮਾਰੋਹ ਦੌਰਾਨ ਲਲਿਤ ਮੋਦੀ ਨੇ ਆਪਣੇ ਆਪ ਨੂੰ ਅਤੇ ਵਿਜੇ ਮਾਲਿਆ ਨੂੰ ਭਾਰਤ ਦੇ &ldquoਦੋ ਸਭ ਤੋਂ ਵੱਡੇ ਭਗੌੜੇ&rdquo ਕਹਿ ਦਿੱਤਾ ਸੀ। ਇਸ ਟਿੱਪਣੀ ਦੀ ਵੀਡੀਓ ਸੋਸ਼ਲ ਮੀਡੀਆ &lsquoਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਤੋਂ ਬਾਅਦ ਮਾਮਲਾ ਵਿਵਾਦ ਦਾ ਰੂਪ ਧਾਰ ਗਿਆ। ਲਲਿਤ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ &lsquoਐਕਸ&rsquo &lsquoਤੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਖ਼ੇਦ ਪ੍ਰਗਟ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਪੂਰਾ ਸਤਿਕਾਰ ਹੈ ਅਤੇ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਅਪਮਾਨਿਤ ਕਰਨਾ ਨਹੀਂ ਸੀ।
ਦੂਜੇ ਪਾਸੇ, ਭਾਰਤੀ ਜਾਂਚ ਏਜੰਸੀਆਂ ਵੱਲੋਂ ਲਲਿਤ ਮੋਦੀ &lsquoਤੇ ਮਨੀ ਲਾਂਡਰਿੰਗ ਅਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਤਹਿਤ ਦੋਸ਼ ਲਗਾਏ ਗਏ ਹਨ। ਇਨ੍ਹਾਂ ਮਾਮਲਿਆਂ ਕਰਕੇ ਉਹ ਲੰਮੇ ਸਮੇਂ ਤੋਂ ਵਿਦੇਸ਼ ਵਿੱਚ ਵੱਸ ਰਹੇ ਹਨ। ਇਸੇ ਤਰ੍ਹਾਂ, ਵਿਜੇ ਮਾਲਿਆ ਵੀ ਕਿੰਗਫ਼ਿਸ਼ਰ ਏਅਰਲਾਈਨਜ਼ ਨਾਲ ਜੁੜੇ ਕਰਜ਼ਾ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਲੋੜੀਂਦਾ ਹੈ ਅਤੇ ਇਸ ਵੇਲੇ ਬ੍ਰਿਟੇਨ ਵਿੱਚ ਜ਼ਮਾਨਤ &lsquoਤੇ ਹੈ।ਵਿਵਾਦ ਵਧਣ ਤੋਂ ਬਾਅਦ ਲਲਿਤ ਮੋਦੀ ਵੱਲੋਂ ਉਹ ਵੀਡੀਓ ਵੀ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਗਈ, ਜਿਸ ਵਿੱਚ ਇਹ ਟਿੱਪਣੀ ਕੀਤੀ ਗਈ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਇੱਕ ਵਾਰ ਫਿਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਰਥਿਕ ਅਪਰਾਧੀਆਂ ਦੇ ਮੁੱਦੇ ਨੂੰ ਚਰਚਾ ਵਿੱਚ ਲਿਆ ਕੇ ਖੜਾ ਕਰਦਾ ਹੈ।