ਕੈਲੀਫੋਰਨੀਆ ਵਿੱਚ ਬਰਫ਼ਬਾਰੀ ਕਾਰਨ ਵਾਹਣ ਸੜਕਾਂ ਤੇ ਫਸੇ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਉੱਤਰ ਪੂਰਬ ਕੈਲੀਫੋਰਨੀਆ ਵਿੱਚ ਕ੍ਰਿਸਮਿਸ ਦੇ ਜਸ਼ਨਾਂ ਦੌਰਾਨ ਲੋਕਾਂ ਨੂੰ ਬਰਫ਼ਬਾਰੀ ਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਨੇਕਾਂ ਵਾਹਣ ਬਰਫ਼ਬਾਰੀ ਕਾਰਨ ਉੱਤਰ ਪੂਰਬ ਕੈਲੀਫੋਰਨੀਆ ਹਾਈਵੇਅ ਤੇ ਫਸ ਗਏ ਹਨ। ਕੈਲੀਫੋਰਨੀਆ ਹਾਈਵੇਅ ਗਸ਼ਤੀ ਦਲ ਨੇ ਕੈਲੀਫੋਰਨੀਆ ਦੀਆਂ ਸੀਏਰਾ ਨੇਵਾਡਾ ਪਹਾੜੀਆਂ ਵਿੱਚ ਕੈਸਲ ਚੋਟੀ ਨੇੜੇ ਫਸੇ ਵਾਹਣਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਸਾਂਝੀਆਂ ਕੀਤੀਆਂ ਹਨ। ਗਸ਼ਤੀ ਦਲ ਨੇ ਲਿਖਿਆ ਹੈ ਕਿ ਕੈਸਲ ਚੋਟੀ ਨੇੜੇ ਆਵਾਜਾਈ ਜਾਮ ਹੈ ਤੇ ਵਾਹਣ ਫਸੇ ਹੋਏ ਹਨ ਇਸ ਨੂੰ ਸਾਫ ਕਰਨ ਲਈ ਅਜੇ ਸਮਾਂ ਲੱਗੇਗਾ। ਗੱਡੀਆਂ ਟਕਰਾਅ ਜਾਣ ਕਾਰਨ ਕੁਝ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਵੀ ਰਿਪੋਰਟ ਹੈ।ਕੈਲੀਫੋਰਨੀਆ ਹਾਈਵੇਅ ਗਸ਼ਤੀ ਦਲ ਨੇ ਕ੍ਰਿਸਮਿਸ ਤੋਂ 3 ਦਿਨ ਪਹਿਲਾਂ ਹੀ ਡਰਾਈਵਰਾਂ ਨੂੰ ਸਰਦ ਰੁੱਤ ਦਾ ਤੂਫਾਨ ਆਉਣ ਦੀ ਚਿਤਾਵਨੀ ਦਿੱਤੀ ਸੀ ਤੇ ਕਿਹਾ ਸੀ ਕਿ ਭਾਰੀ ਬਰਫ਼ਬਾਰੀ, ਤੇਜ ਹਵਾਵਾਂ ਤੇ ਤਕਰੀਬਨ ਜ਼ੀਰੋ ਦ੍ਰਿਸ਼ਟੀ ਵਰਗੇ ਹਾਲਾਤ ਬਣ ਜਾਣਗੇ, ਅਸੀਂ ਛੁੱਟੀਆਂ ਦਾ ਆਨੰਦ ਲੈਣਾ ਚਹੁੰਦੇ ਹਾਂ ਪਰੰਤੂ ਧਿਆਨ ਰੱਖਣਾ ਕਿ 1-80 ਉਪਰ ਫਸਣ ਵਾਲਿਆਂ ਵਿੱਚ ਕਿਤੇ ਆਪਾਂ ਵੀ ਨਾ ਹੋਈਏ।