2026 ਦੀ ਦਹਲੀਜ਼ ‘ਤੇ ਖੜ੍ਹਕੇ ਇੱਕ ਨਜ਼ਰ ਬੀਤ ਗਏ 2025 ਵੱਲ !

ਸਾਲ 2025 ਆਪਣੇ ਕੌੜੇ ਮਿੱਠੇ ਤਜਰਬੇ ਦੇ ਕੇ ਚਲਾ ਗਿਆ ਤੇ 2026 ਆਪਣਾ ਪਟਾਰਾ ਲੈ ਕੇ ਆ ਗਿਆ ਹੈ । ਨਵੇਂ ਸਾਲ ਦੇ ਪਟਾਰੇ ਵਿਚ ਕੀ ਹੈ, ਇਹ ਸਭ ਕੁੱਝ ਅਜੇ ਭਵਿੱਖ ਦੇ ਗਰਭ ਵਿਚ ਹੈ, ਕੁੱਝ ਵੀ ਨਹੀਂ ਕਿਹਾ ਜਾ ਸਕਦਾ, ਇਸ ਬਾਰੇ ਕਿਆਸ ਅਰਾਈਆਂ ਲਗਾਉਣੀਆਂ ਸਭ ਫਜੂਲ ਹਨ ਤੇ ਇਸ ਦੇ ਨਾਲ ਹੀ ਸਮੇਂ ਦੀ ਬਰਬਾਦੀ ਤੇ ਮਗ਼ਜ਼ ਖਪਾਈ ਵੀ । ਦੂਜੇ ਸ਼ਬਦਾਂ ਚ ਜੋ ਕਾਰਜ ਸਾਡੇ ਵੱਸ ਚ ਨਹੀਂ, ਉਸ ਉੱਤੇ ਭੇਜਾ ਫਰਾਈ ਕਰਨ ਦਾ ਵੀ ਕੋਈ ਫਾਇਦਾ ਨਹੀਂ ।

ਹਾਂ ! 2025 ਸਾਡੇ ਵਾਸਤੇ ਕਿਹੋ ਜਿਹਾ ਰਿਹਾ, ਅਸੀਂ ਇਸ ਸਾਲ ਕਿਹੜੀਆਂ ਗਲਤੀਆਂ ਕੀਤੀਆਂ ਤੇ ਕੀ ਸਬਕ ਸਿੱਖੇ ਜਿਹੜੇ ਸਾਡੇ ਭਵਿੱਖ ਨੂੰ ਚੰਗਾ ਬਣਾ ਸਕਦੇ ਹਨ, ਉਹਨਾਂ ਬਾਰੇ ਗੱਲ ਕਰਨੀ ਦੋਹਾਂ ਸਾਲਾਂ ਦੇ ਇਸ ਸ਼ੁਭ ਮੌਕੇ ਉੱਤੇ ਬਹੁਤ ਸਾਰਥਿਕ ਹੈ ਤੇ ਮੈਂ ਇਹ ਗੱਲ ਆਪਣੇ ਨਿੱਜੀ ਤਜਰਬਿਆਂ ਦੇ ਅਧਾਰ &lsquoਤੇ ਤੁਹਾਡੇ ਨਾਲ ਸਾਂਝੀ ਕਰਾਂਗਾ ਜਿਸ ਨੂੰ ਤੁਸੀਂ ਵੀ ਆਪਣੇ ਤਜਰਬਿਆਂ ਦਾ ਵਿਸ਼ਾ ਬਣਾ ਸਕਦੇ ਹੋ ।

21ਵੀਂ ਸਦੀ ਤੱਕ ਪਹੁੰਚਦਿਆਂ ਬਿਜਲੀ ਤੇ ਪਰੈਸ ਮੀਡੀਏ ਨਾਲ ਸਾਡੇ ਪਰਿਵਾਰਕ ਤੇ ਸਮਾਜਕ ਹਾਲਾਤਾਂ ਵਿਚ ਜੋ ਤਬਦੀਲੀ ਆਈ, ਉਸ ਨੂੰ 21ਵੀਂ ਸਦੀ ਦੇ ਸ਼ੋਸ਼ਲ ਮੀਡੀਏ ਨੇ ਫਿਰਕੀ ਬਣਾ ਦਿੱਤਾ । ਜੋ ਗੱਲ/ਘਟਨਾ ਜੰਗਲ ਦੀ ਅੱਗ ਵਾਂਗ ਫੈਲਦੀ ਸੀ, ਉਹ ਇਸ ਤੋਂ ਹਜਾਰ ਗੁਣਾਂ ਤੇਜੀ ਨਾਲ ਫੈਲਣ ਲੱਗ ਪਈ । ਵੀਹਵੀਂ ਸਦੀ ਵਿਚ ਪੱਤਰਕਾਰ ਹੋਣਾ ਇਕ ਮਾਣਮੱਤਾ ਕਿੱਤਾ ਸੀ, ਅੱਜ ਇੱਕੀਵੀਂ ਸਦੀ ਵਿਚ ਹਰ ਕੋਈ ਪੱਤਰਕਾਰ ਬਣਿਆ ਫਿਰਦਾ, ਜਿਥੇ ਦੇਖਦਾ, ਕੈਮਰਾ ਲੈ ਕੇ ਰਿਕਾਰਡਿੰਗ ਸ਼ੁਰੂ ਕਰ ਦਿੰਦਾ ਹੈ, ਕਿਸੇ ਵੀ ਦੁੱਕੀ ਤਿੱਕੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਕੇ ਉਸ ਦੀ ਗੁੱਡੀ ਚੜ੍ਹਾ ਦਿੰਦਾ ਹੈ ਤੇ ਦੂਸਰੇ ਪਾਸੇ ਕਿਸੇ ਚੰਗੇ ਭਲੇ ਬਾਰੇ ਝੂਠ ਤੂਫਾਨ ਬੋਲਕੇ ਉਸ ਦਾ ਗੁੱਡਾ ਵੀ ਬੰਨ੍ਹ ਦਿੰਦਾ ਹੈ । ਸੋ ਜਮਾਨਾ ਇਹ ਆ ਗਿਆ ਕਿ ਇਸ ਵਕਤ ਸੱਚ ਤੇ ਝੂਠ ਦਾ ਨਿਸਤਾਰਾ ਕਰਨਾ ਬੜਾ ਮੁਸ਼ਕਲ ਹੋ ਗਿਆ ਹੈ, ਇਹਨਾਂ ਦਰਮਿਆਨ ਭੰਬਲ ਭੂਸਾ ਬਹੁਤ ਵਧ ਗਿਆ ਹੈ । ਏਹੀ ਕਾਰਨ ਹੈ ਕਿ ਕਈ ਵਾਰ ਸੱਚੀ ਘਟਨਾ, ਝੂਠ ਜਾਪਣ ਲਗਦੀ ਹੈ ਤੇ ਕਈ ਵਾਰ ਕੋਈ ਝੂਠੀ ਤੇ ਮਨਘੜਤ ਘਟਨਾ ਸੱਚੀ ਜਾਪਣ ਲੱਗ ਜਾਂਦੀ ਹੈ । ਟੀ ਆਰ ਪੀ ਤੇ ਸ਼ੋਸ਼ਲ ਮੀਡੀਏ ਦੀਆਂ ਲਾਇਕਾਂ ਦੇ ਚੱਕਰ ਨੇ ਮੀਡੀਏ ਦੀ ਭਰੋਸੇਯੋਗਤਾ ਉੱਤੇ ਸਵਾਲੀਆ ਚਿੰਨ ਲਗਾ ਕੇ ਰੱਖ ਦਿੱਤਾ ਹੈ । ਜਿੱਥੇ ਪਾਠਕ ਵੀਹਵੀਂ ਸਦੀ ਵਿਚ ਮੀਡੀਏ ਦੀਆਂ ਖਬਰਾਂ ਉੱਤਾ ਭਰੋਸਾ ਕਰਦਾ ਸੀ, ਉਥੇ ਇੱਕੀਵੀਂ ਸਦੀ ਵਿਚ ਉਸ ਨੂੰ ਕਿਸੇ ਖਬਰ ਦੀ ਸਚਾਈ ਜਾਨਣ ਵਾਸਤੇ ਆਪ ਪੜਤਾਲ ਕਰਨੀ ਪੈ ਰਹੀ ਹੈ ਤੇ 2026 ਵਿਚ ਪਾਠਕਾਂ ਤੇ ਦਰਸ਼ਕਾਂ ਵਾਸਤੇ ਇਹ ਪੜਤਾਲ ਘੇਰਾ ਹੋਰ ਵੀ ਵਿਖੜਾ ਹੋਣ ਵਾਲਾ ਹੈ ।

ਕੀ ਅਸੀਂ ਕਦੇ ਇਹ ਸੋਚਿਆ ਕਿ ਜਿਸ ਦਿਨ ਅਸੀਂ ਇਸ ਦੁਨੀਆਂ ਨੁੰ ਅਲਵਿਦਾ ਕਰ ਦਿਆਂਗੇ ਤਾਂ ਫੇਰ ਕੀ ਹੋਊਗਾ ? ਹੋ ਸਕਦਾ ਸਾਨੂੰ ਬਹੁਤ ਸਾਰੇ ਵਾਟਸ ਐਪ ਸੁਨੇਹੇ ਆਉਣ, ਸਾਡੇ ਫੋਨ ਦੀ ਘੰਟੀ ਵਾਰ ਵਾਰ ਵੱਜੇ ਤੇ ਸਾਡਾ ਕੋਈ ਰਿਸ਼ਤੇਦਾਰ ਉਠਾ ਕੇ ਫੋਨ ਕਰਨ ਵਾਲੇ ਨੂੰ ਜਾਂ ਸੁਨੇਹਾ ਭੇਜਣ ਵਾਲਿਆਂ ਨੂੰ ਇਹ ਦੱਸੇ ਕਿ ਅਸੀਂ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ । ਇਸ ਤੋਂ ਬਾਅਦ ਕੀ ਹੋਵੇਗਾ ? ਇਹ ਅਗਲਾ ਸਵਾਲ ਸਾਡੇ ਜ਼ਿਹਨ ਵਿਚ ਪੈਦਾ ਹੋਵੇਗਾ, ਜਿਸ ਦਾ ਉੱਤਰ ਇਹ ਵੀ ਹੋ ਸਕਦਾ ਹੈ ਕਿ ਸਾਡੇ ਕੱਪੜੇ ਤੇ ਹੋਰ ਵਰਤੋਂ ਵਾਲੀਆਂ ਚੀਜਾਂ , ਅੰਤਿਮ ਸੰਸਕਾਰ ਤੱਕ ਇਕ ਪਾਸੇ ਕਿਸੇ ਨੁਕਰੇ ਸਾਂਭ ਦਿੱਤੀਆਂ ਜਾਣਗੀਆਂ ਤੇ ਸ਼ੰਸਕਾਕ ਨਿਪਟ ਜਾਣ ਤੋਂ ਬਾਦ ਉਹਨਾਂ ਦੀ ਵਰਤੋਂ ਜਾਂ ਤਾਂ ਸਾਡਾ ਕੋਈ ਨੇੜਲਾ ਰਿਸ਼ਤੇਦਾਰ ਕਰਨ ਲੱਗ ਪਵੇਗਾ ਜਾਂ ਫਿਰ ਉਹ ਕਿਸੇ ਨੂੰ ਦਾਨ ਕਰ ਦਿੱਤੀਆਂ ਜਾਣਗੀਆਂ ਤੇ ਇਹ ਵੀ ਹੋ ਸਰਗਾ ਹੈ ਕਿ ਮਹਿੰਗੀਆਂ ਚੀਜਾਂ ਵਸਤਾਂ ਨੂੰ ਛੱਡਕੇ ਬਾਕੀ ਚੀਜਾਂ ਵਸਤਾ ਸੁੱਟ ਦਿਤੀਆਂ ਜਾਣਗੀਆਂ ।

ਹੁਣ ਸੋਚਣ ਵਾਲੀ ਗੱਲ ਇਥੇ ਇਹ ਹੈ ਕਿ ਰਿਸ਼ਤੇਦਾਰ ਤਾਂ ਤੇਹਰਵੇਂ ਤੋਂ ਬਾਅਦ ਸਾਨੂੰ ਭੁੱਲ ਜਾਣਗੇ ਤੇ ਆਪੋ ਆਪਣੇ ਕੰਮ ਧੰਦਿਆ ਵਿਚ ਮੁੜ ਤੋਂ ਰੁੱਝ ਜਾਣਗੇ, ਉਹ ਇਨਸਾਨ, ਜਿਸ ਦੇ ਵਾਸਤੇ ਅਸੀਂ ਹਮੇਸ਼ਾ ਹਾਜਰ ਰਹਿੰਦੇ ਸੀ, ਜਿਸ ਦੀ ਹਰ ਨਿੱਕੀ ਵੱਡੀ ਖੁਸ਼ੀ ਦਾ ਖਿਆਲ ਰੱਖਦੇ ਸੀ, ਜਿਸ ਨੂੰ ਤੱਤੀ ਵਾਅ ਤੇਕ ਨਹੀ ਸੀ ਲੱਗਣ ਦਿੰਦੇ, ਕੁੱਝ ਸਮੇਂ ਬਾਅਦ ਉਹ ਇਨਸਾਨ ਵੀ ਸਾਨੂੰ ਹੌਲੀ ਹੌਲੀ ਭੁੱਲ ਜਾਵੇਗਾ, ਦੁਨੀਆ ਪਹਿਲਾਂ ਵਾਂਗ ਹੀ ਚਲਦੀ ਰਹੇਗੀ, ਨਾ ਹੀ ਸਮੇਂ ਦੀ ਰਫਤਾਰ ਨੂੰ ਕੋਈ ਫਰਕ ਪਵੇਗਾ ਤੇ ਨਾ ਹੀ ਦੁਨੀਆ ਨੂੰ ਸਾਡੇ ਇਸ ਜੱਗੋਂ ਚਲੇ ਜਾਣ ਨਾਲ ਕੋਈ ਫਰਕ ਪਵੇਗਾ । ਹਾਂ ! ਇਕ ਫਰਕ ਜਰੂਰ ਪਵੇਗਾ ਕਿ ਸਾਡੇ ਨਾਮ ਦਾ ਇੱਕ ਚੈਪਟਰ ਬਿਲਕੁਲ ਚੁੱਪ ਚੁਪੀਤੇ ਹੀ ਸਮਾਜਿਕ ਰਿਸ਼ਤਿਆਂ ਵਿਚ ਬੰਦ ਕਰ ਦਿੱਤਾ ਜਾਵੇਗਾ, ਮੇਰੀ ਗੱਲ &lsquoਤੇ ਯਕੀਨ ਨਹੀਂ ਤਾਂ ਚਾਰ ਦਿਨ ਸ਼ੋਸ਼ਲ ਮੀਡੀਏ ਤੋਂ ਲਾਂਭੇ ਹੋ ਕੇ ਦੇਖ ਲਓ, ਸਭ ਪਤਾ ਲੱਗ ਜਾਵੇਗਾ ਕਿ ਇਥੇ ਸਿਰਫ ਸਿਰਾਂ ਨੂੰ ਹੀ ਸਲਾਮਾਂ ਨੇ, ਬਾਅਦ ਚ ਕੋਈ ਨਹੀਂ ਪੁੱਛਦਾ ।

ਹੂਣ ਮੇਰਾ ਇਥੇ ਮੁੱਦੇ ਦਾ ਸਵਾਲ ਇਹ ਹੈ ਕਿ ਜਦ ਅਸੀਂ ਆਪਣੇ ਨੇੜਲਿਆਂ ਦਾ ਹੱਦੋ ਵੱਧ ਭਲਾ ਕਰਕੇ ਇਸ ਜੱਗੋਂ ਸਦੀਵੀ ਤੁਰ ਗਏ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਤਾਂ ਫੇਰ ਸਾਨੂੰ ਅੱਜ ਉਹਨਾਂ ਦੇ ਕਰਕੇ ਫਰਕ ਕਿਓਂ ਪੈ ਰਿਹਾ ਹੈ ਕਿ ਅਸੀਂ ਆਪਣੇ ਹਰ ਕੰਮ ਉਹਨਾਂ ਦੀਆਂ ਇਛਾਵਾਂ ਤੇ ਭਾਵਨਾਵਾਂ ਨੂੰ ਮੁੱਖ ਰੱਖਕੇ ਕਰਦੇ ਹਾਂ, ਆਪਣੇ ਹਿਤਾਂ ਦੀ ਬਲੀ ਦਿੰਦੇ ਹਾਂ , ਆਪਣੇ ਸੁੱਖ ਅਰਾਮ ਨੂੰ ਤਿਆਗ ਕੇ ਜੀਊਂਦੇ ਹਾਂ, ਆਪਣੇ ਅਰਮਾਨਾਂ ਦਾ ਘਾਤ ਕਰਕੇ, ਦੂਸਰਿਆਂ ਦੀਆਂ ਭਾਵਨਾਵਾਂ ਨੂੰ ਪਹਿਲ ਦੇਂਦੇ ਹਾਂ, ਹਰ ਵਕਤ ਇਹੀ ਸੋਚਦੇ ਹਾਂ ਕਿ ਸਾਡੇ ਨਾਲ ਫਲਾਨਾ ਜਾਂ ਧਿਮਕਾਨਾ ਨਾ ਗੁੱਸੇ ਹੋ ਜਾਵੇ ਜਾਂ ਇੰਜ ਕਹਿ ਲਓ ਕਿ ਅਸੀਂ ਅਚੇਤ ਜਾਂ ਸੁਚੇਤ ਆਪਣੀ ਜਿੰਦਗੀ ਆਪ ਜੀਊਣ ਦੀ ਬਜਾਏ ਇਸ ਦੀ ਵਾਗਡੋਰ ਦੂਜਿਆਂ ਦੇ ਹੱਥ ਫੜਾ ਦਿੰਦੇ ਹਾਂ । ਇਸ ਤਰਾਂ ਵੀ ਕਿਹਾ ਜਾ ਸਕਦਾ ਹੈ ਕਿ ਦੂਸਰਿਆਂ ਦੇ ਗੁਲਾਮ ਹੋ ਕੇ ਜੀਊਂਣ ਨੂੰ ਪਹਿਲ ਦੇਂਦੇ ਹਾਂ !

2025 ਨੇ ਇਹ ਦੱਸਿਆ ਕਿ ਕਿਸੇ ਉੱਤੇ ਨਾ ਹੀ ਬਹੁਤਾ ਹੱਕ ਜਿਤਾਈਦਾ ਤੇ ਨਾ ਹੀ ਕਿਸੇ ਨਾਲ ਬਹੁਤਾ ਪਿਆਰ ਕਰੀਦਾ, ਕਿਉਂਕਿ ਇਸ ਸਮੇਂ ਦੀ ਦੁਨੀਆ ਦੇ ਲੋਕ ਦੂਰ ਹੋਣ ਲੱਗਿਆਂ ਜਾਂ ਧੱਕਾ ਮਾਰਕੇ ਦੂਰ ਸੁੱਟਣ ਲੱਗਿਆ ਬਹੁਤਾ ਸਮਾ ਨਹੀਂ ਲਾਉਂਦੇ । ਇਸ ਸਾਲ ਦੌਰਾਨ ਸਬਕ ਇਹ ਵੀ ਮਿਲਿਆ ਕਿ ਕਿਸੇ ਦੇ ਨੇੜੇ ਉੰਨਾ ਕੁ ਹੀ ਹੋਵੋ ਕਿ ਜੇਕਰ ਉਹ ਦੂਰ ਹੋ ਜਾਵੇ ਜਾਂ ਕਿਸੇ ਵਜ੍ਹਾ ਕਾਰਨ ਦੂਰ ਹੋ ਜਾਣਾ ਪਵੇ ਤਾਂ ਬਹੁਤਾ ਦੁੱਖ ਨਾ ਲੱਗੇ । ਬੱਸ ਏਨਾ ਕੁ ਸਮਝ ਲਓ ਕਿ ਇਹ ਦੁਨੀਆ ਇੱਕ ਮੇਲਾ ਹੈ ਇਸ ਵਿੱਚ ਕੋਈ ਮਿਲਦਾ ਤੇ ਕੋਈ ਵਿੱਛੜਦਾ ਹੈ, ਇਹ ਦੁਨੀਆਂ ਰੇਲਾਂ ਦਾ ਜੰਕਸ਼ਨ ਹੈ ਜਿੱਥੇ ਗੱਡੀਆਂ ਦੀ ਆਉਂਦਕ ਜਾਂਦਕ ਦਾ ਸਿਲਸਿਲਾ ਲੱਗਾ ਹੀ ਰਹਿੰਦਾ ਹੈ ।


ਇਹ ਸਾਲ ਚੰਗੀ ਤਰਾਂ ਸਮਝਾ ਗਿਆ ਕਿ ਕੰਮਾ ਕਾਰਾਂ &lsquoਤੇ ਤੁਹਾਡਾ ਕੋਈ ਵੀ ਮਿੱਤਰ ਨਹੀਂ ਹੁੰਦਾ, ਜਿਹਦਾ ਦਾਅ ਲਗਦਾ ਹੈ, ਉਹੀ ਤੁਹਾਡਾ ਫਾਇਦਾ ਲੈਂਦਾ ਹੈ, ਆਪਣੀ ਤਰੱਕੀ ਵਾਸਤੇ ਤੁਹਾਡੀਆਂ ਕਮਜੋਰੀਆਂ ਲੱਭਦਾ ਹੈ ਤੇ ਫਿਰ ਉਹਨਾਂ ਨੂੰ ਆਪਣੀ ਤਰੱਕੀ ਵਾਸਤੇ ਪੌੜੀ ਵਜੋਂ ਵਰਤਦਾ ਹੈ । ਇਸ ਕਰਕੇ ਕੰਮਾਂ ਉੱਤੇ ਸਿਰਫ ਆਪਣੇ ਕੰਮ ਨਾਲ ਮਤਲਬ ਰੱਖੋ, ਆਪਣੇ ਕੰਮ ਸਾਥੀਆਂ ਨਾਲ ਕਦੇ ਵੀ ਆਪਣੀਆਂ ਪਰਿਵਾਰਕ ਗੱਲਾਂ ਸਾਂਝੀਆ ਨਾ ਕਰੋ ਤੇ ਨਾ ਹੀ ਕੰਮ ਸਾਥੀਆਂ ਨੂੰ ਆਪਣੇ ਘਰਾਂ ਚ ਬੁਲਾਓ, ਉਹਨਾਂ ਨਾਲ ਆਪਣੀ ਸਾਂਝ ਕੰਮਾਂ ਉੱਤੇ ਸਿਰਫ ਕੰਮਾਂ ਦੇ ਮੁਤੱਲਕ ਹੀ ਰੱਖੋ । ਯਾਦ ਰੱਖੋ ਕਿ ਜਮਾਨਾ ਇਹ ਹੈ ਕਿ ਜੋ ਤੁਹਾਨੂੰ ਇਹ ਕਹਿੰਦਾ ਹੈ ਕਿ ਦੁਨੀਆ ਬਦਲ ਜਾਵੇਗੀ, ਪਰ ਉਹ ਨਹੀਂ ਬਦਲੇਗਾ, ਓਹੀ ਬੰਦਾ ਬਦਲਣ ਲੱਗਿਆਂ, ਤੁਹਾਥੋਂ ਮੁੱਖ ਮੋੜਨ ਲੱਗਿਆਂ ਜਾਂ ਦੂਰ ਹੋਣ ਲੱਗਿਆ ਕਈ ਵਾਰ ਇੱਕ ਮਿੰਟ ਤੋਂ ਵੱਧ ਦਾ ਸਮਾਂ ਨਹੀਂ ਲਾਉਂਦਾ । ਅੱਜ ਜਿਸ ਔਲਾਦ ਨੂੰ ਅਸੀਂ ਆਪਣੀ ਕਹਿੰਦੇ ਹਾਂ, ਕੱਲ੍ਹ ਓਹੀ ਔਲਾਦ ਦੁੱਖ ਦੇਣ ਲੱਗਿਆਂ ਦੇਰ ਨਹੀਂ ਲਾਉਂਦੀ , ਇਹ ਕਹਿਣ ਲੱਗਿਆਂ ਕਿ ਤੁਸੀਂ ਉਹਨਾਂ ਵਾਸਤੇ ਕੀਤਾ ਹੀ ਕੁੱਝ ਨਹੀਂ, ਮਿੰਟ ਵੀ ਨਹੀਂ ਲਾਵੇਗੀ ।

ਕਈ ਲੋਕ ਪੁੱਛਦੇ ਹਨ ਕਿ 2026 ਦਾ ਕੀ ਪਲਾਨ ਹੈ ਤਾਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਦਿਆਂ 2026 ਤੱਕ ਪਹੁੰਚਦਿਆਂ ਕਦੇ ਕੋਈ ਵੀ ਪਲਾਨ ਨਹੀਂ ਬਣਾਇਆ, ਜੇਕਰ ਬਣਾਇਆ ਵੀ ਹੋਵੇਗਾ ਤਾਂ ਉਹ ਚਾਹਤ ਮੁਤਾਬਿਕ ਨੇਪਰੇ ਨਹੀਂ ਚੜ੍ਹਿਆ, ਹਾਂ ! ਕੋਈ ਛੋਟਾ ਮੋਟਾ ਮਤਾ ਪਾ ਕੇ ਪੂਰਾ ਕਰਦਾ ਰਿਹਾ ਹਾਂ ਤੇ ਇਹ ਸਿਲਸਿਲਾ ਇਸੇ ਤਰਾਂ ਜਾਰੀ ਰਹੇਗਾ, ਉੰਜ ਮਸਤ ਮੋਲਾ ਹਾਂ, ਜ਼ਿੰਦਗੀ ਵਿੱਚ ਬੇਪਰਵਾਹੀ ਰੱਖੀ ਹੈ, ਉਸ ਸਿਰਜਣਹਾਰ ਉੱਤੇ ਅਤੁੱਟ ਭਰੋਸਾ ਹੈ, ਉਹ ਜੋ ਕਰਦਾ ਹੈ, ਸਭ ਚੰਗਾ ਹੀ ਕਰਦਾ ਹੈ , ਜਿਧਰ ਲੈ ਜਾਏਗਾ, ਉਧਰ ਚਲੇ ਜਾਵਾਂਗਾ, ਉਸ ਦੀ ਰਜ਼ਾ ਮੁਤਾਬਿਕ ਜਿੰਦਗੀ ਕੱਟ ਲਵਾਂਗਾ ।

ਮੈਂ ਡਰਾਉਣਾ ਨਹੀਂ ਚਾਹੁੰਦਾ , ਪਰ ਆਪਣੇ ਤਜਰਬੇ ਮੁਤਾਬਿਕ ਇਹ ਦੱਸਣਾ ਵੀ ਬਹੁਤ ਜਰੂਰੀ ਸਮਝਦਾ ਹਾਂ ਕਿ ਸਾਡੇ ਆਸ ਪਾਸ ਵਿਚਰਦੇ ਹਰ ਸ਼ਖਸ਼ ਦੇ ਅੰਦਰ ਵੀ ਇੱਕ ਸ਼ਖਸ਼ ਹੁੰਦਾ ਹੈ । ਆਮ ਕਰਕੇ ਸਾਨੂੰ ਉਸ ਦੇ ਬਾਹਰਲੇ ਸ਼ਖਸ਼ ਦਾ ਪਤਾ ਹੁੰਦਾ ਹੈ , ਪਰ ਅੰਦਰਲੇ ਤੋਂ ਅਸੀਂ ਅਕਸਰ ਹੀ ਅਣਜਾਣ ਰਹਿੰਦੇ ਹਾਂ । ਕਦੇ ਕਦਾ ਗੱਲਾਂ ਗੱਲਾਂ ਵਿਚ ਕੋਈ ਵਿਅਕਤੀ ਆਪਣੇ ਅੰਦਰਲੇ ਸ਼ਖਸ਼ ਬਾਰੇ ਜਦ ਸੱਚ ਬੋਲਦਾ ਹੈ ਤਾਂ ਅਸੀਂ ਉਸ ਨੂੰ ਬਹੁਤਾ ਕਰਕੇ ਅਣਗੌਲਿਆ ਹੀ ਕਰ ਜਾਂਦੇ ਹਾਂ, ਕਦੇ ਵੀ ਸੰਜੀਦਗੀ ਨਾਲ ਨਹੀਂ ਲੈਂਦੇ, ਨਤੀਜੇ ਵਜੋਂ ਅਸੀਂ ਅਕਸਰ ਹੀ ਕਿਸੇ ਦੀ ਅਸਲ ਸਖਸ਼ੀਅਤ ਤੋਂ ਅਣਜਾਣ ਰਹਿੰਦੇ ਹਾਂ ।

ਯਾਦ ਰੱਖੋ ਕਿ ਪੈਸੇ ਦੀ ਠੱਗੀ ਵੱਜ ਜਾਏ ਜਾਂ ਪੈਸਾ ਕਿਸੇ ਗਲਤ ਜਗਾ &lsquoਤੇ ਖਰਚਿਆ ਜਾਵੇ ਤਾਂ ਉਹ ਕੁੱਝ ਸਮੇ ਬਾਅਦ ਭੁੱਲ ਜਾਵੇਹਾ, ਪਰ ਜੇਕਰ ਜਜ਼ਬਾਤ ਗਲਤ ਜਗਾ &lsquoਤੇ ਜਾਇਆ ਹੋ ਜਾਣ ਤਾਂ ਸਾਰੀ ਉਮਰ ਨਹੀਂ ਭੁਲਦੇ, ਸਮੇਂ ਸਮੇਂ ਉਹਨਾਂ ਦੀ ਰੜਕ ਪੈਂਦੀ ਹੀ ਰਹਿੰਦੀ ਹੈ, ਨਸੂਰ ਬਣੇ ਜਖਮ ਦੀ ਤਰਾਂ ਉਹਨਾਂ ਦੀ ਪੀੜ ਆਖਰੀ ਸਾਹਾਂ ਤੱਕ ਹੁੰਦੀ ਹੀ ਰਹਿੰਦੀ ਹੈ ।

ਇਸ ਬੀਤ ਗਏ ਸਾਲ ਨੇ ਸਿਖਾਇਆ ਕਿ ਸਭ ਆਪਣੇ ਨਹੀਂ ਹੁੰਦੇ, ਹਰ ਵਿਅਕਤੀ ਆਪੋ ਆਪਣਾ ਏਜੰਡਾ ਲੈ ਕੇ ਸਾਡੇ ਨਾਲ ਜੁੜਦਾ ਹੈ ਤੇ ਉਸ ਏਜੰਡੇ ਦੀ ਪੂਰਤੀ ਦੀ ਲੋਚਾ ਕਰਦਾ ਹੈ । ਜੇਕਰ ਉਸ ਦਾ ਮਿਸ਼ਨ ਸਫਲ ਹੋ ਗਿਆ ਤਾਂ ਉਹ ਸਾਥੋਂ ਦੂਰ ਚਲਾ ਜਾਏਗਾ ਤੇ ਜੇਕਰ ਉਸ ਨੂੰ ਇਹ ਪੱਕਾ ਹੋ ਹਿਆ ਕਿ ਉਸ ਦੇ ਏਜੰਡੇ ਦੀ ਪੂਰਤੀ ਸਾਡੇ ਕੋਲੋਂ ਨਹੀਂ ਹੋਣੀ ਤਾਂ ਤਦ ਵੀ ਉਹ ਸਾਥੋਂ ਦੂਰ ਚਲਾ ਜਾਏਗਾ । ਸੋ ਆਪਣਾ ਖਿਆਲ ਰੱਖੋ , ਭਰੋਸਾ ਸਿਰਫ ਆਪਣੇ ਉੱਤੇ ਹੀ ਰੱਖੋ, ਕਦੇ ਵੀ ਦੂਸਰਿਆਂ ਉੱਤੇ ਨਹੀਂ, ਇਸ ਮੰਤਰ ਨਾਲ ਦੁੱਖ ਘਟਣਗੇ ਤੇ ਖੁਸ਼ੀਆਂ ਵਧਣਗੀਆਂ ।

ਆਖਿਰ ਚ ਕਹਾਂਗਾ ਕਿ ਮੇਰਾ ਇਹ ਸਾਲ ਬਹੁਤ ਹੀ ਸਫਲ ਤੇ ਖੁਸ਼ਗਵਾਰ ਰਿਹਾ, ਕਾਮਯਾਬੀ ਦੀਆਂ ਨਵੀਆਂ ਮੰਜਿਲਾਂ ਸਰ ਕੀਤੀਆਂ, ਬਹੁਤ ਸਾਰੇ ਚੰਗੇ ਮਾੜੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਚੰਗਿਆਂ ਤੋਂ ਹੋਰ ਚੰਗਾ ਬਣਨ ਦੀ ਪਰੇਰਣਾ ਮਿਲੀ ਤੇ ਬੁਰਿਆਂ ਤੋਂ ਆਪਣੇ ਆਪ ਨੂੰ ਹੋਰ ਸੁਧਾਰਨ ਦਾ ਸਬਕ ਮਿਲਿਆ । ਈਰਖਾਲੂ ਲੋਕਾਂ ਨੇ ਮੇਰੇ ਉਤਸ਼ਾਹ ਵਿਚ ਅੰਤਾਂ ਦਾ ਵਾਧਾ ਕੀਤਾ, ਉਹਨਾਂ ਦੀ ਈਰਖਾ ਨੇ ਮੇਰੀ ਸਫਲਤਾ ਦੀ ਰਾਹ ਬਹੁਤ ਪੱਧਰਾ ਤੇ ਅਸਾਨ ਕੀਤਾ, ਜਿਸ ਕਰਕੇ ਉਹਨਾਂ ਦੀ ਸਲਾਮਤੀ ਵਾਸਤੇ ਢੇਰ ਸਾਰੀਆਂ ਦੁਆਵਾਂ।

ਲੋਕਾਂ ਨੂੰ ਖੁਸ਼ ਕਰਨ ਵਿਚ ਮੈਂ ਬਹੁਤ ਸਮਾ ਖਰਾਬ ਕੀਤਾ, ਆਪਣੇ ਹਿਤ ਪਰੇ ਰੱਖਕੇ ਉਹਨਾਂ ਦੀਆਂ ਸਹੂਲਤਾਂ ਨੂੰ ਪਹਿਲ ਦਿੱਤੀ, ਆਪਣੇ ਕੰਮ ਛੱਡਕੇ ਉਹਨਾਂ ਦੇ ਕੰਮ ਆਇਆ, ਪਰ ਫੇਰ ਵੀ ਸਭ ਨੂੰ ਖੁਸ਼ ਨਾ ਕਰ ਸਕਿਆ । ਜਿਹਨਾਂ ਨੂੰ ਬਹੁਤੀ ਵਾਰ ਖੁਸ਼ ਕੀਤਾ ਤੇ ਕਿਸੇ ਨਿੱਜੀ ਮਜਬੂਰੀ ਕਾਰਨ ਇਕ ਅੱਧ ਵਾਰ ਉਹਨਾ ਦੇ ਕੰਮ ਨਾ ਆ ਸਕਿਆ, ਉਹ ਪਿਛਲੇ ਸਾਰੇ ਕੀਤੇ ਕਰਾਏ ਚੰਗੇ ਕੰਮਾਂ ਉੱਤੇ ਪਾਣੀ ਫੇਰਕੇ ਨਰਾਜ ਹੁੰਦੇ ਰਹੇ । ਸੋ ਉਹਨਾਂ ਤੋਂ ਸਬਕ ਇਹ ਮਿਲਿਆ ਕਿ ਸਭ ਨੂੰ ਖੁਸ਼ ਕਰਨ ਤੁਰਿਆ ਬੰਦਾ ਰਸਤੇ ਵਿਚ ਇਕੱਲਾ ਰਹਿ ਜਾਂਦਾ ਹੈ, ਉਸ ਨੂੰ ਖੁਸ਼ ਕਰਨ ਵਾਲਾ ਜਾਂ ਉਸ ਦੇ ਔਖੇ ਸਮੇ ਚ ਕੰਮ ਆਉਣ ਵਾਲਾ ਕੋਈ ਵੀ ਨਹੀਂ ਹੁੰਦਾ । ਇਸ ਕਰਕੇ ਵਧੀਆ ਇਹ ਹੈ ਕਿ ਆਪਣਾ ਖਿਆਲ ਰੱਖੋ ਤੇ ਆਪਣੇ ਆਪ ਨੂੰ ਹਮੇਸ਼ਾ ਖੁਸ਼ ਰੱਖੋ, ਕੋਈ ਤੁਹਾਡੇ ਬਾਰੇ ਚੰਗਾ ਸੇਚਦਾ ਹੈ ਜਾਂ ਮੰਦਾ ਇਹ ਤੁਹਾਡੀ ਨਹੀਂ ਬਲਕਿ ਉਸ ਦੀ ਸਮੱਸਿਆ ਹੈ ਤੇ ਉਸ ਨੂੰ ਉਸਦੀ ਸਮੱਸਿਆ ਵਿਚ ਉਲਝਿਆ ਰਹਿਣ ਦਿਓ ਤੇ ਤੁਸੀਂ ਆਪਣੇ ਮਿਸ਼ਨ ਦੀ ਮੰਜਿਲ ਵੱਲ ਅੱਗੇ ਦਰ ਅਗੇਰੇ ਵਧਦੇ ਜਾਓ ।

ਆਖਿਰ ਚ ਕਹਾਂਗਾ ਕਿ ਨੈਗਟਿਵ ਸੋਚ ਵਾਲੇ ਲੋਕਾਂ ਨੂੰ ਆਪਣੀ ਜਿੰਦਗੀ &lsquoਚੋਂ ਬਾਹਰ ਧੱਕ ਦਿਓ, ਆਪਣੇ ਬੀਤੋ ਤੋਂ ਸਿੱਖੋ ਤੇ ਉਸ ਨੂੰ ਭੁੱਲ ਜਾਓ, ਬੀਤੇ ਦੀਆਂ ਗਲਤੀਆਂ ਸਵੀਕਾਰ ਕਰੋ ਤੇ ਯਕੀਨੀ ਬਣਾਓ ਕਿ ਉਹਨਾਂ ਨੂੰ ਆਪਣੇ ਪੁਰ ਜੀਵਨ ਵਿਚ ਕਦੇ ਵੀ ਦੂਜੀ ਵਾਰ ਨਾ ਦੁਹਰਾਓ, ਭਵਿੱਖ ਦਾ ਕੋਈ ਪਤਾ ਨਹੀਂ ਕਿ ਕਿਵੇਂ ਦਾ ਹੋਵੇਗਾ, ਵਰਤਮਾਨ ਨੂੰ ਜੀਅ ਭਰਕੇ ਜੀਓ ਤੇ ਆਪਣੀ ਨਵੀਂ ਜਿੰਦਗੀ ਸ਼ੁਰੂ ਕਰੋ । ਇਹ ਮੇਰੇ ਬੀਤੇ ਦਾ ਸਬਕ ਹੈ ਤੇ ਮੈਂ ਇਸ ਦੇ ਮੁਤੀਬਿਕ ਆਪਣੀ ਜਿੰਦਗੀ ਜੀਓ ਰਿਹਾ ਹਾਂ, ਅਜਿਹਾ ਕਰਕੇ ਮੈਂ ਸਿਰਫ ਖੁਸ਼ ਹੀ ਨਹੀਂ ਬਲਕਿ ਬਹੁਤ ਖੁਸ਼ ਹਾਂ, ਤੁਸੀਂ ਵੀ ਅਜਮਾਅ ਕੇ ਦੇਖੋ, ਮੈਂ ਪੂਰੇ ਵਿਸ਼ਵਾਸ਼ ਨਾਲ ਕਹਿ ਸਕਦਾ ਹਾਂ ਕਿ ਤੁਹਾਡੀ ਜਿੰਦਗੀ ਸਿਰਫ ਬਦਲੇਗੀ ਹੀ ਨਹੀਂ ਬਲਕਿ ਸੋਹਣੀ ਵੀ ਹੋ ਜਾਵੇਗੀ, ਜੀਊਣ ਨੂੰ ਦਿਲ ਕਰੇਗਾ, ਕਾਇਨਾਤ ਸੋਹਣੀ ਲੱਗੇਗੀ ਤੇ ਇਸ ਦੀ ਹਰ ਸ਼ੈਅ ਨਾਲ ਮੋਹ ਪੈਦਾ ਹੋਵੇਗਾ ।

ਮਾੜੀ ਸੋਚ ਵਾਲੇ ਤੇ ਕਮੀਨੇ ਲੋਕਾਂ ਦੀ ਸੰਗਤ ਵਿਚ ਰਹਿਣ ਨਾਲੋਂ ਇਕੱਲੇ ਰਹਿਣਾ ਹਜਾਰ ਦਰਜੇ ਚੰਗਾ ਹੈ, ਉਹਨਾਂ ਲੋਕਾਂ ਨਾਲ ਰਹਿਣ ਨਾਲੋਂ ਜੋ ਅੰਦਰੋਂ ਤਾਂ ਤੁਹਾਨੂੰ ਅੰਤਾਂ ਦੀ ਨਫਰਤ ਕਰਦੇ ਹਨ, ਪਰ ਬਾਹਰੋਂ ਨਕਲੀ ਡਰਾਮਾ ਤੁਹਾਨੂੰ ਪਿਆਰ ਕਰਨ ਦਾ ਕਰਦੇ ਹਨ, ਉਹ ਬੁੱਕਲ ਦੇ ਸੱਪ ਹਨ, ਉਹਨਾਂ ਤੋਂ ਬਚੋ ਨਹੀਂ ਤਾਂ ਉਹ ਕਦੇ ਵੀ ਡੰਗ ਚਲਾ ਸਕਦੇ ਹਨ ।

ਇਹ ਜਿਹੜਾ ਸਾਡੇ ਮਨਾਂ ਚ ਵਹਿਮ ਹੈ ਕਿ ਹਰੇਕ ਨਾਲ ਬਣਾ ਕੇ ਰੱਖੋ ਤਾਂ ਕਿ ਸਭ ਔਖੇ ਵੇਲੇ ਕੰਮ ਆ ਸਕਣ ਤਾਂ ਇਥੇ ਇਹ ਗੱਲ ਦੱਸਦਿਆਂ ਕਿ ਅਜਿਹਾ ਕੁੱਝ ਵੀ ਨਹੀਂ ਹੁੰਦਾ, ਇਹ ਨਿਰਾ ਵਹਿਮ ਹੈ, ਔਖੇ ਵੇਲੇ ਕੋਈ ਵਿਰਲਾ ਹੀ ਨੇੜੇ ਖੜ੍ਹਦਾ, ਆਮ ਤੌਰ &lsquoਤੇ ਉਹ ਵੇਲਾ ਆਪਣੇ ਸਿਰ ਖੁਦ ਹੀ ਝੱਲਣਾ ਤੇ ਲੰਘਾਉਣਾ ਪੈਂਦਾ ਹੈ ।

ਸਾਲ 2025 ਚਲਾ ਗਿਆ ਤੇ 2026 ਆ ਗਿਆ ਹੈ । ਬੀਤੇ ਸਾਲ ਦੀਆਂ ਘਟਨਾਵਾਂ ਤੋਂ ਅਸੀਂ ਕਿਵੇਂ ਤੇ ਕਿੰਨਾ ਕੁ ਪਰਭਾਵਤ ਹੋਏ, ਕੀ ਖੋਇਆ ਤੇ ਕੀ ਪਾਇਆ, ਕਿੰਨਾ ਕੁ ਚੰਗਾ ਹੋਇਆ ਜਾਂ ਬੁਰਾ, ਇਹ ਇਕ ਬਹੁਤ ਢੁਕਵਾਂ ਵੇਲਾ ਹੈ ਉਸ ਸਭ ਦਾ ਵਿਸ਼ਲੇਸ਼ਣ ਤੇ ਮੁਲਾਂਕਣ ਕਰਨ ਦਾ ਤਾਂ ਕਿ ਹੋਈਆਂ ਭੁਲਾਂ ਨੂੰ ਸੁਧਾਰ ਕੇ 2026 ਨੂੰ ਆਪਣੀ ਜਿੰਦਗੀ ਦਾ ਸੋਹਣਾ, ਸਫਲ ਤੇ ਸੁਨਹਿਰੀ ਸਾਲ ਬਣਾਇਆ ਜਾ ਸਕੇ । ਮੈਂ ਤੁਹਾਡੇ ਨਾਲ ਬੀਤੇ ਸਾਲ ਦੇ ਆਪਣੇ ਕੁੱਝ ਕੁ ਤਜਰਬੇ ਸਾਂਝੇ ਕੀਤੇ ਹਨ ਤੇ ਉਹਨਾਂ ਤਜਰਬਿਆਂ ਦੇ ਮੁਤਾਬਿਕ ਆਪਣੇ ਜੀਵਨ ਢੰਗ ਵਿਚ ਤਬਦੀਲੀ ਕੀਤੀ ਹੈ ਤਾ ਕਿ ਆਪਣੇ ਵਰਤਮਾਨ ਨੂੰ ਸਫਲ ਤੇ ਸੋਹਣਾ ਬਣਾ ਸਕਾਂ । ਤੁਸੀਂ ਵੀ ਆਪਣੇ ਬੀਤੇ ਸਾਲ ਦਾ ਲੇਖਾ ਜੋਖਾ ਕਰ ਸਕਦੇ ਹੋ । ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਇਸ ਤਰਾਂ ਕਰਨ ਨਾਲ ਤੁਹਾਨੂੰ ਆਪਣੇ ਅਗੇਰੇ ਜੀਵਨ ਦੀ ਸਫਲਤਾ ਵਾਸਤੇ ਬਹੁਤ ਸੇਧ ਅਤੇ ਸਹਾਇਤਾ ਮਿਲੇਗੀ । ਸੋ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਤੇ ਹਾਰਦਿਕ ਸ਼ੁਭ ਕਾਮਨਾਵਾਂ ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋਃ)