ਡੀਆਰ ਕਾਂਗੋ ਦੇ ਲੋਕਾਂ ਲਈ ਯੂ ਕੇ ਦੇ ਵੀਜ਼ੇ ਹੋਏ ਹੋਰ ਔਖੇ

ਗੈਰਕਾਨੂੰਨੀ ਪਰਵਾਸੀਆਂ ਦੀ ਵਾਪਸੀ ਨਾ ਹੋਣ ਕਾਰਨ ਲਿਆ ਗਿਆ ਫ਼ੈਸਲਾ

ਲੈਸਟਰ (ਇੰਗਲੈਂਡ),  (ਸੁਖਜਿੰਦਰ ਸਿੰਘ ਢੱਡੇ)- ਯੂਨਾਈਟਿਡ ਕਿੰਗਡਮ (ਯੂਕੇ) ਸਰਕਾਰ ਨੇ ਅਫ਼ਰੀਕਾ ਦੇ ਦੇਸ਼ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ (ਡੀਆਰ ਕਾਂਗੋ) ਤੋਂ ਆਉਣ ਵਾਲੇ ਲੋਕਾਂ ਲਈ ਵੀਜ਼ਾ ਨਿਯਮ ਹੋਰ ਜ਼ਿਆਦਾ ਸਖ਼ਤ ਕਰ ਦਿੱਤੇ ਹਨ। ਯੂਕੇ ਸਰਕਾਰ ਦਾ ਕਹਿਣਾ ਹੈ ਕਿ ਡੀਆਰ ਕਾਂਗੋ ਦੀ ਸਰਕਾਰ ਯੂਕੇ ਵਿੱਚ ਗੈਰਕਾਨੂੰਨੀ ਤੌਰ &lsquoਤੇ ਰਹਿ ਰਹੇ ਆਪਣੇ ਨਾਗਰਿਕਾਂ ਅਤੇ ਵਿਦੇਸ਼ੀ ਅਪਰਾਧੀਆਂ ਨੂੰ ਵਾਪਸ ਲੈਣ ਲਈ ਤਿਆਰ ਨਹੀਂ ਹੋ ਰਹੀ, ਜਿਸ ਕਾਰਨ ਇਹ ਕਦਮ ਚੁੱਕਣਾ ਪਿਆ।
ਯੂਕੇ ਦੇ ਮੰਤਰੀਆਂ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਡੀਆਰ ਕਾਂਗੋ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਜੋ ਉਥੋਂ ਦੇ ਗੈਰਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਿਆ ਜਾ ਸਕੇ, ਪਰ ਕੋਈ ਢੁੱਕਵਾਂ ਨਤੀਜਾ ਨਹੀਂ ਨਿਕਲਿਆ। ਸਰਕਾਰ ਅਨੁਸਾਰ ਜਦੋਂ ਕੋਈ ਦੇਸ਼ ਆਪਣੇ ਲੋਕਾਂ ਨੂੰ ਵਾਪਸ ਲੈਣ ਤੋਂ ਟਾਲਮਟੋਲ ਕਰੇ ਤਾਂ ਫਿਰ ਉਸ ਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਨੀਤੀ ਕੜੀ ਕਰਨੀ ਪੈਂਦੀ ਹੈ।
ਪੇਂਡੂ ਬੋਲੀ ਵਿੱਚ ਸਮਝੀਏ ਤਾਂ ਯੂਕੇ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਜਿਹੜੇ ਲੋਕ ਗਲਤ ਤਰੀਕੇ ਨਾਲ ਆ ਕੇ ਰਹਿ ਜਾਂਦੇ ਨੇ ਜਾਂ ਕਾਨੂੰਨ ਤੋੜਦੇ ਨੇ, ਉਹਨਾਂ ਨੂੰ ਵਾਪਸ ਆਪਣੇ ਦੇਸ਼ ਭੇਜਣਾ ਜ਼ਰੂਰੀ ਹੈ। ਪਰ ਜੇ ਮੂਲ ਦੇਸ਼ ਹੀ ਆਪਣੇ ਲੋਕਾਂ ਨੂੰ ਲੈਣ ਤੋਂ ਇਨਕਾਰ ਕਰੇ, ਤਾਂ ਫਿਰ ਅੱਗੋਂ ਆਉਣ ਵਾਲਿਆਂ ਲਈ ਰਾਹ ਔਖਾ ਕੀਤਾ ਜਾਂਦਾ ਹੈ। ਯੂਕੇ ਦੇ ਹੋਮ ਦਫ਼ਤਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਵਿੱਚ ਆਸ਼੍ਰਯ ਅਤੇ ਪਰਵਾਸ ਨਿਯਮਾਂ ਨੂੰ ਸਾਫ਼&ndashਸੁਥਰਾ ਅਤੇ ਸਖ਼ਤ ਬਣਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ, ਤਾਂ ਜੋ ਗਲਤ ਤਰੀਕੇ ਨਾਲ ਆਉਣ ਵਾਲਿਆਂ &lsquoਤੇ ਰੋਕ ਲੱਗ ਸਕੇ। ਹਾਲਾਂਕਿ ਅਸਲ ਪਰੇਸ਼ਾਨੀ ਜਾਂ ਜਾਨੀ ਖ਼ਤਰੇ ਵਾਲੇ ਮਾਮਲਿਆਂ ਵਿੱਚ ਮਨੁੱਖੀ ਅਧਾਰ &lsquoਤੇ ਵਿਚਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਡੀਆਰ ਕਾਂਗੋ ਅਫ਼ਰੀਕਾ ਦਾ ਇੱਕ ਵੱਡਾ ਦੇਸ਼ ਹੈ, ਜਿੱਥੇ ਗਰੀਬੀ, ਅੰਦਰੂਨੀ ਲੜਾਈਆਂ ਅਤੇ ਬੇਰੁਜ਼ਗਾਰੀ ਕਾਰਨ ਕਈ ਲੋਕ ਆਪਣਾ ਦੇਸ਼ ਛੱਡ ਕੇ ਯੂਰਪ ਅਤੇ ਹੋਰ ਅਮੀਰ ਮੁਲਕਾਂ ਵੱਲ ਰੁਖ ਕਰਦੇ ਹਨ। ਪਰ ਹੁਣ ਯੂਕੇ ਦੇ ਨਵੇਂ ਫ਼ੈਸਲੇ ਨਾਲ ਉਥੋਂ ਦੇ ਲੋਕਾਂ ਲਈ ਬਰਤਾਨੀਆ ਆਉਣਾ ਹੋਰ ਮੁਸ਼ਕਲ ਹੋ ਜਾਵੇਗਾ।