ਯਾਤਰੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਏਅਰ ਇੰਡੀਆ ਐਕਸਪ੍ਰੈਸ ਦਾ ਪਾਇਲਟ ਗ੍ਰਿਫ਼ਤਾਰ

ਦਿੱਲੀ ਪੁਲੀਸ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਇੱਕ ਸਵਾਰੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਆਫ਼-ਡਿਊਟੀ ਪਾਇਲਟ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਅਨੁਸਾਰ ਕੈਪਟਨ ਵੀਰੇਂਦਰ ਸੇਜਵਾਲ ਇਸ ਤੋਂ ਪਹਿਲਾਂ ਜਾਂਚ ਵਿੱਚ ਸ਼ਾਮਲ ਹੋਏ ਸਨ ਅਤੇ ਜਾਂਚ ਅਧਿਕਾਰੀ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ।
ਜਾਂਚ ਦੌਰਾਨ ਕੇਸ ਦਰਜ ਕਰਨ ਤੋਂ ਬਾਅਦ ਸਬੰਧਤ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਗਈ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ, ਜਿਸ ਤੋਂ ਬਾਅਦ ਪੁੱਛਗਿੱਛ ਲਈ ਬੁਲਾਏ ਗਏ ਮੁਲਜ਼ਮ ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੇਜਵਾਲ ਵਿਰੁੱਧ 19 ਦਸੰਬਰ ਨੂੰ ਟਰਮੀਨਲ 1 ਦੇ ਸੁਰੱਖਿਆ ਚੈੱਕਪੁਆਇੰਟ ਨੇੜੇ ਹੋਈ ਹਿੰਸਾ ਦੇ ਸਬੰਧ ਵਿੱਚ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 115 (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 126 (ਗਲਤ ਤਰੀਕੇ ਨਾਲ ਰੋਕਣਾ) ਅਤੇ 351 (ਅਪਰਾਧਿਕ ਧਮਕੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।