ਐਡੀਲੇਡ ਵਿੱਚ ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਪਰਵਾਸੀ ਭਾਰਤੀ ਗ੍ਰਿਫ਼ਤਾਰ

ਸਾਊਥ ਆਸਟਰੇਲੀਆ ਪੁਲੀਸ ਨੇ ਐਡੀਲੇਡ ਦੇ ਉੱਤਰ ਇਲਾਕੇ ਵਿੱਚੋਂ ਭਾਰਤੀ ਮੂਲ ਦੇ 42 ਸਾਲਾ ਵਿਅਕਤੀ ਨੂੰ ਆਪਣੀ ਪਤਨੀ ਨੂੰ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਸਾਊਥ ਆਸਟਰੇਲੀਆ ਪੁਲੀਸ ਨੂੰ 21 ਦਸੰਬਰ 2025 ਨੂੰ ਰਾਤ ਵੇਲੇ ਐਡੀਲੇਡ ਦੇ ਉੱਤਰ ਇਲਾਕੇ ਵਿੱਚ ਘਰੇਲੂ ਹਿੰਸਾ ਦੀ ਸ਼ਿਕਾਇਤ ਮਿਲੀ ਜਿਸ &rsquoਤੇ ਪੁਲੀਸ ਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ ਮੌਕੇ &rsquoਤੇ ਪਹੁੰਚੇ ਤਾਂ ਭਾਰਤੀ ਮੂਲ ਦੀ 36 ਸਾਲਾ ਔਰਤ ਸੁਪ੍ਰਿਆ ਠਾਕੁਰ ਆਪਣੇ ਹੀ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਈ ਹੋਈ ਮਿਲੀ। ਐਮਰਜੈਂਸੀ ਸੇਵਾਵਾਂ ਵੱਲੋਂ ਉਸ ਨੂੰ ਬਚਾਉਣ ਲਈ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਬਾਅਦ ਵਿਚ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੱਖਣ ਆਸਟਰੇਲੀਆ ਪੁਲੀਸ ਨੇ ਸੁਪ੍ਰਿਆ ਠਾਕੁਰ ਦੀ ਹੱਤਿਆ ਦੇ ਦੋਸ ਹੇਠ ਉਸ ਦੇ ਪਤੀ ਵਿਕਰਾਂਤ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਵਿਕਰਾਂਤ ਠਾਕੁਰ ਨੂੰ ਐਡੀਲੇਡ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਵਿਕਰਾਂਤ ਠਾਕੁਰ ਨੂੰ ਮਾਮਲੇ ਦੀ ਹੋਰ ਜਾਂਚ ਲਈ ਭੇਜੇ ਸਬੂਤਾਂ ਦੀ ਰਿਪੋਰਟ ਆਉਣ ਤੱਕ ਅਪਰੈਲ 2026 ਤੱਕ ਪੁਲੀਸ ਰਿਮਾਂਡ ਤੇ ਪੁਲੀਸ ਹਿਰਾਸਤ ਵਿੱਚ ਹੀ ਰੱਖਿਆ ਜਾਵੇਗਾ। ਮੁਲਜ਼ਮ ਨੇ ਜ਼ਮਾਨਤ 'ਤੇ ਰਿਹਾਈ ਲਈ ਅਰਜ਼ੀ ਨਹੀਂ ਦਿੱਤੀ। ਇਸ ਜੋੜੇ ਨੇ ਕਰੀਬ ਦੋ ਹਫ਼ਤੇ ਪਹਿਲਾਂ ਹੀ ਤਲਾਕ ਲੈਣ ਦਾ ਫ਼ੈਸਲਾ ਵੀ ਕੀਤਾ ਸੀ। ਜ਼ਿਕਰਯੋਗ ਹੈ ਕਿ ਮੁਲਕ ਅੰਦਰ ਸਾਲ 2025 ਦੌਰਾਨ ਘਰੇਲੂ ਹਿੰਸਾ ਦੀ ਸ਼ਿਕਾਰ ਹੋਣ ਵਾਲੀ ਇਹ 72ਵੀਂ ਔਰਤ ਹੈ । ਮ੍ਰਿਤਕਾ ਸੁਪ੍ਰਿਆ ਠਾਕਰ ਨਰਸ ਬਣਨ ਦੀ ਇੱਛਾ ਰੱਖਦੀ ਸੀ ਤੇ ਉਹ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ। ਉਸ ਦੇ ਦੋਸਤਾਂ ਨੇ ਸੁਪ੍ਰਿਆ ਨੂੰ ਇੱਕ ਸਮਰਪਿਤ ਮਾਂ, ਪਤਨੀ ਅਤੇ ਕਰਮਚਾਰੀ ਵਜੋਂ ਯਾਦ ਕੀਤਾ। ਗੁਆਂਢੀਆਂ ਅਨੁਸਾਰ ਘਟਨਾ ਤੋਂ ਪਹਿਲਾਂ ਕੁਝ ਵੀ ਅਸਾਧਾਰਨ ਨਹੀਂ ਸੁਣਿਆ ਸੀ। ਪੀੜਤਾ ਸਮੇਤ ਠਾਕੁਰ ਪਰਿਵਾਰ ਭਾਰਤ ਦੇ ਦੱਖਣ ਹਿੱਸੇ ਨਾਲ ਸਬੰਧਿਤ ਹੈ।