ਨਵਾਂ ਸਾਲ 2026 ‘ਤੇ ਵਿਸ਼ੇਸ਼- ਨਵਾਂ ਸਾਲ ਹੀ ਕਿਓਂ, ਹਰ ਪਲ, ਦਿਨ, ਹਫਤਾ ਤੇ ਮਹੀਨਾ ਨਵਾਂ ਕਿਓਂ ਨਹੀਂ !!

ਹਰ ਸਾਲ, ਈਸਾ, ਬਿਕਰਮੀ, ਹਿਜਰੀ ਤੇ ਨਾਨਕ ਸ਼ਾਹੀ ਦੇ ਰੂਪ ਵਿਚ ਕਈ ਸਾਲ ਬਦਲਦੇ ਹਨ, ਅਸੀਂ ਵਿਸਾਖੀ ਨੂੰ ਵੀ ਨਵਾਂ ਸਾਲ ਮੰਨਦੇ ਹਾਂ, ਸਿੱਖਾਂ ਵਿੱਚ ਕੈਲੰਡਰ ਦਾ ਅਜੇ ਰੌਲ ਘਚੋਲਾ ਚੱਲ ਰਿਹਾ ਹੈ, ਏਹੀ ਕਾਰਨ ਹੈ ਕਿ ਹਰ ਸਾਲ ਕਿਸੇ ਵੀ ਤਿਓਂਹਾਰ ਅਤੇ ਗੁਰਪੁਰਬ ਵੇਲੇ ਦੁਬਿੱਧਾ ਪੈਦਾ ਹੋ ਜਾਂਦੀ ਹੈ ਕਿ ਗੁਰੂ ਨਾਨਕ ਪੁਰਬ ਕਦ ਤੇ ਕਿਹੜੇ ਦਿਨ ਹੈ !

ਸਮਾ, ਅਕਾਲ ਹੈ, ਅਰੁਕ ਹੈ, ਇਹ ਨਿਰੰਤਰ ਵਹਿੰਦੀ ਧਾਰਾ ਵੀ ਹੈ ਤੇ ਬੇਲਗਾਮ ਅੱਥਰਾ ਘੋੜਾ ਵੀ । ਸਮੇਂ ਦਾ ਕੋਈ ਰਿਵਰਸ ਗੇਅਰ ਨਹੀਂ, ਇਹ ਅੱਗੇ ਦਰ ਅਗੇਰੇ ਹੀ ਵਧਦਾ ਹੈ । ਜੋ ਸਮੇਂ ਦੀ ਕਦਰ ਕਰਦਾ ਹੈ, ਸਮਾਂ ਉਸ ਨੂੰ ਆਪਣੀ ਪਿੱਠ &lsquoਤੇ ਬਿਠਾ ਕੇ ਦੁਨੀਆ ਦਾ ਸ਼ਾਹ ਅਸਵਾਰ ਬਣਾ ਦੇਂਦਾ ਹੈ ।

ਸਮੇਂ ਅਵੰਡ ਹੈ , ਇਸ ਦੀ ਵੰਡ ਹੋ ਹੀ ਨਹੀਂ ਸਕਦੀ , ਪਰ ਮਨੁੱਖ ਨੇ ਆਪਣੀ ਸਹੂਲਤ ਵਾਸਤੇ ਜਿਥੇ ਸਮੇਂ ਨੂੰ ਭੂਤ, ਵਰਤਮਾਨ ਤੇ ਭਵਿੱਖ ਨਾਮ ਦੇ ਤਿੰਨ ਕਾਲਾਂ ਵਿਚ ਵੰਡ ਰੱਖਿਆ ਹੈ, ਉਥੇ ਘੰਟੇ, ਮਿੰਟ ਤੇ ਸਕਿੰਟਾਂ ਦੇ ਨਾਲ ਹੀ ਦਿਨ, ਮਹੀਨੇ, ਸਾਲ ਤੇ ਸਦੀਆਂ ਵਿਚ ਵੀ ਵੰਡ ਰੱਖਿਆ ਹੈ ।

ਜਿਓਂ ਜਿਓਂ ਸਮਾਂ ਅੱਗੇ ਵਧਦਾ ਹੈ, ਮਨੁੱਖ ਪਕੇਰਾ ਹੁੰਦਾ ਜਾਂਦਾ ਹੈ, ਉਸ ਉੱਪਰ ਸਮੇਂ ਦੀ ਗਰਦਿਸ਼ ਆਪਣਾ ਰੰਗ ਛੱਡਦੀ ਜਾਂਦੀ ਹੈ । ਮਨੁੱਖ ਹੀ ਨਹੀਂ ਬਲਕਿ ਇਸ ਬ੍ਰਹਿਮੰਡ ਦੀ ਹਰ ਸ਼ੈਅ ਸਮੇਂ ਦੀ ਧਾਰਾ ਦੇ ਅਸਰ ਹੇਠ ਉਪਜਦੀ, ਵਿਗਸਦੀ ਤੇ ਬਿਨਸਦੀ ਹੈ । ਇਹ ਸਮਾਂ ਹੀ ਹੈ ਜੋ ਸਵੇਰ ਤੋਂ ਬਾਅਦ ਦੁਪਹਿਰ, ਸ਼ਾਮ ਤੇ ਰਾਤ ਦਿਖਾਉਂਦਾ ਹੈ । ਇਸੇ ਤਰਾਂ, ਬਚਪਨ, ਜਵਾਨੀ ਤੇ ਬੁਢਾਪੇ ਦੀਆਂ ਸਟੇਜਾਂ ਦਾ ਅਹਿਸਾਸ ਕਰਾਉਂਦਾ ਹੈ, ਬਦਲਦੀਆਂ ਰੁੱਤਾਂ ਵੀ ਇਸ ਦੇ ਜਾਦੂ ਦਾ ਹੀ ਤਲਿਸਮ ਹਨ ।

ਹਰ 12 ਮਹੀਨੇ ਬਾਅਦ ਨਵਾਂ ਸਾਲ ਆਉਂਦਾ ਹੈ , ਜੰਤਰੀਆਂ ਤੇ ਕਲੰਡਰ ਬਦਲ ਜਾਂਦੇ ਹਨ, ਪਰ ਕੀ ਕਦੇ ਨੋਟ ਕੀਤਾ ਹੈ ਕਿ 1 ਜਨਵਰੀ ਦਾ ਦਿਨ ਵੀ 31 ਦਸੰਬਰ ਵਰਗਾ ਹੀ ਹੁੰਦਾ ਹੈ, ਇਸ ਦਿਨ ਵੀ ਅਸੀਂ ਬੀਤ ਗਏ ਦਿਨਾਂ ਵਾਂਗ ਹੀ ਵਿਚਰਦੇ ਹਾਂ, ਕੋਈ ਖਾਸ ਬਦਲਾਵ ਸਾਡੀ ਜਿੰਦਗੀ ਵਿਚ ਨਹੀਂ ਹੁੰਦਾ ਤੇ ਹਫਤੇ ਦੋ ਹਫਤੇ ਬਾਅਦ ਸਾਡੀ ਜਿੰਦਗੀ ਦੀ ਗੱਡੀ ਮੁੜ ਪੁਰਾਣੀਆਂ ਲੀਹਾਂ ਉੱਤੇ ਚੜ੍ਹ ਜਾਂਦੀ ਹੈ । ਕਹਿਣ ਦਾ ਭਾਵ ਓਹੀ ਕੰਮ ਧੰਦੇ, ਓਹੀ ਮਸਲੇ ਮਿਸਾਈਲ, ਓਹੀ ਦਿਨ ਚਰਿਆ, ਕੁੱਝ ਵੀ ਨਵਾਂ ਨਹੀਂ । ਬੰਸ ਇਸੇ ਤਰਾਂ ਸਾਲਾਂ ਦਰ ਸਾਲ ਸਾਡੀ ਜਿੰਦਗੀ ਵਿਚੋਂ ਕਿਰਦੇ ਜਾ ਰਹੇ ਹਨ , ਅਸੀਂ ਪਲ ਪਲ ਆਪਣੇ ਓੜਕ ਵੱਲ ਵਧ ਰਹੇ ਹਾਂ, ਪਰ ਫਿਰ ਵੀ ਬੇਧਿਆਨ ਹੋ ਕੇ ਅਚੇਤ ਰੂਪ ਵਿਚ ਹਰ ਸਾਲ ਨਵੇਂ ਵਰ੍ਰੇ ਦੇ ਜਸ਼ਨ ਮਨਾਉਂਦੇ ਹਾਂ, ਇਕ ਦੂਸਰੇ ਲਈ ਭਵਿੱਖੀ ਸ਼ੁਭਕਾਮਨਾਵਾਂ ਤੇ ਦਿਲੀ ਦੁਆਵਾਂ ਕਰਦੇ ਹੈ ।

ਅਸੀਂ ਇਹ ਵੀ ਜਾਣਦੇ ਹਾਂ ਕਿ ਸਾਡੇ ਕਹੇ &lsquoਤੇ ਕੁੱਝ ਵੀ ਨਹੀਂ ਹੋਣਾ, ਚੰਗਾ ਉਦੋਂ ਹੀ ਹੋਣਾ ਹੈ, ਜਦੋਂ ਅਸੀਂ ਆਪਣੀ ਸਖਤ ਮਿਹਨਤ ਤੇ ਸਮਝਦਾਰੀ ਨਾਲ ਹਾਲਾਤਾਂ ਨੂੰ ਸਹੀ ਦਿਸ਼ਾ ਵੱਲ ਮੋੜਾ ਦੇ ਸਕਣ ਦੇ ਸਮਰੱਥ ਹੋਵਾਂਗੇ । ਦੂਜੀ ਗੱਲ ਅੱਜ ਜਮਾਨਾ ਇਹ ਹੈ ਕਿ ਦਿਲੋਂ ਮਨੋਂ ਕੋਈ ਨੀ ਕਿਸੇ ਲਈ ਦੁਆਵਾਂ ਨਹੀਂ ਮੰਗਦਾ, ਸੱਚੀ ਗੱਲ ਤਾਂ ਇਹ ਹੈ ਕਿ ਬੰਦੇ ਦੇ ਵੱਸ ਵਿਚ ਹੋਵੇ ਤਾਂ, ਬੰਦਾ, ਬੰਦੇ ਦੇ ਹੱਥੋਂ ਹੀ ਟੁੱਕ ਖੋਹ ਲਵੇ । ਸੋ ਸਭ ਮੂੰਹ ਮੁਲਾਹਜੇ ਹਨ, ਇਥੇ ਕੋਈ ਕਿਸੇ ਦਾ ਸਕਾ ਨਹੀਂ । ਇਹ ਸੁੱਖਾਂ ਦੁਆਵਾਂ ਦੇ ਅਦਾਨ ਪਰਦਾਨ ਦਾ ਸਿਲਸਿਲਾ ਮੂੰਹ ਮੁਲਾਹਜਾਦਾਰੀ ਹੈ , ਇਸ ਤੋਂ ਵੱਧ ਇਸ ਦੀ ਕੋਈ ਅਹਿਮੀਅਤ ਨਹੀਂ । ਜਿਥੇ ਪਹਿਲਾਂ ਕਾਰਡਾਂ ਤੇ ਚਿੱਠੀਆਂ ਦੇ ਜਰੀਏ ਇਹ ਕਾਰਜ ਕੀਤਾ ਜਾਂਦਾ ਸੀ ਉਥੇ ਅੱਜ ਦੇ ਜਮਾਨੇ ਵਿਚ ਤਾਂ ਇਹ ਇਕ ਬੜਾ ਅਸਾਨ ਤਰੀਕਾ ਬਣ ਚੁੱਕਾ ਹੈ ਕਿ ਸ਼ੋਸ਼ਲ ਮੀਡੀਏ ਦੇ ਜਰੀਏ ਕਾਪੀ ਪੇਸਟ ਤੇ ਫਾਰਵਰਡ ਕਰਕੇ ਕੰਮ ਚਲਾ ਲਿਆ ਜਾਂਦਾ ਹੈ ਤੇ ਅਜਿਹਾ ਕਰਨ ਵੇਲੇ ਕਈ ਵਾਰ ਉਹ ਇਬਾਰਤ ਵੀ ਚੰਗੀ ਤਰਾਂ ਨਹੀਂ ਪੜ੍ਹੀ ਜਾਂਦੀ ਜਿਸ ਨੂੰ ਫਾਰਵਹਡ ਜਾਂ ਕਾਪੀ ਪੇਸਟ ਕੀਤਾ ਜਾ ਰਿਹਾ ਹੁੰਦਾ ਹੈ । ਇਸ ਤੋਂ ਵੀ ਹੋਰ ਅੱਗੇ ਬਹੁਤੇ ਲੋਕ ਤਾਂ ਸ਼ੋਸਲ ਮੀਡੀਏ ਦੇ ਸੁਨੇਹਿਆਂ ਨੂੰ ਪੜ੍ਹਨ ਤੋਂ ਬਿਨਾ ਹੀ ਡਿਲੀਟ ਮਾਰ ਦਿੰਦੇ ਹਨ । ਕੁੱਝ ਸਮਾਂ ਪਹਿਲਾਂ ਮੈਂ ਆਪਣੇ ਇਕ ਚੰਗੇ ਦੋਸਤ ਦੀ ਮੋਤ ਉੱਤੇ ਉਸ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਇਕ ਆਰਟੀਕਲ ਲਿਖਿਆ ਤੇ ਉਸ ਨੂੰ ਫੇਸ ਬੁੱਕ ਉੱਤੇ ਪਾ ਦਿੱਤਾ । ਮੈਨੂੰ ਉਸ ਆਰਟੀਕਲ ਸਬੰਧੀ ਮਿਲੇ ਕੁੱਝ ਕੁਮੈਂਟ ਦੇਖ ਕੇ ਬਹੁਤ ਦੁੱਖ ਤੇ ਹੈਰਾਨੀ ਹੋਈ ਕਿ ਕਈ ਟਿੱਪਣੀਕਾਰਾਂ ਇਹ ਟਿੱਪਣੀ ਕੀਤੀ ਕਿ &ldquoਬਹੁਤ ਵਧੀਆ, excellent write up , very good ਤੇ ਬਹੁਤਿਆਂ ਨੇ thumbs up 👍 ਵੀ ਦਿੱਤਾ ਹੋਇਆ ਸੀ, ਕਹਿਣ ਦਾ ਭਾਵ ਸਕਰੋਲ ਕਰਦਿਆਂ ਬਿਨਾ ਇਬਾਰਤ ਪੜ੍ਹੇ ਹੀ ਟਿੱਪਣੀਆਂ ਦੇ ਦਿੱਤੀਆਂ ਜਾਂਦੀਆਂ ਹਨ । ਅੱਜ ਦੇ ਤੇਜ ਰਫਤਾਰ ਵਾਲੇ ਪਰੇਸ਼ਾਨੀ ਭਰੇ ਯੁੱਗ ਵਿਚ ਸਾਡੇ ਵਿਚੋਂ ਬਹੁਤੇ ਲੋਕ ਅਜਿਹੇ ਹਨ ਜਿਹਨਾਂ ਦਾ ਦਿਮਾਗ ਕਿਤੇ ਹੈ ਤੇ ਆਪ ਉਹ ਸਰੀਰਕ ਚੌਰ &lsquoਤੇ ਕਿਤੇ ਹੋਰ ਹੁੰਦੇ ਹਨ । ਐਸੀ ਅਵਸਥਾ ਵਿਚ ਗਲਤੀਆਂ ਦਾ ਹੋ ਜਾਣਾ ਸੁਭਾਵਿਕ ਹੁੰਦਾ ਹੈ ਤੇ ਅਸੀਂ ਅਜਿਹਾ ਹੁੰਦਾ ਹਰ ਰੋਜ ਆਪਣੀ ਜਿੰਦਗੀ ਵਿਚ ਵੇਖਦੇ ਵੀ ਹਾਂ । ਸਹੀ ਮਾਨਿਆਂ ਚ ਬਹੁਤੀਆਂ ਬੀਮਾਰੀਆਂ ਤੇ ਹਾਦਸੇ ਮਨੁੱਖੀ ਜਿੰਦਗੀ ਵਿਚ ਉਕਤ ਕਾਰਨ ਕਰਕੇ ਹੀ ਵਾਪਰ ਰਹੇ ਹਨ ।

ਕੀ ਹਰ ਦਿਨ ਨਵਾਂ ਸਵੇਰਾ ਨਹੀਂ ਹੁੰਦਾ, ਹਰ ਮਹੀਨਾ ਨਵਾਂ ਮਹੀਨਾ ਨਹੀ ਹੁੰਦਾ ? ਦਰਅਸਲ ਜ਼ਿੰਦਗੀ ਦਾ ਹਰ ਪਲ ਨਵਾਂ ਹੈ, ਪਰ ਅਸਲ ਵਿਚ ਉਹ ਨਵਾਂ ਤਦ ਹੈ ਜੇਕਰ ਅਸੀਂ ਉਸ ਵਿਚ ਕੁੱਝ ਨਵਾ ਕਰਦੇ ਹਾਂ, ਆਪਣੀਆਂ ਭੁੱਲਾਂ ਚ ਸੋਧ ਕਰਕੇ ਅੱਗੇ ਵਧਦੇ ਹਾਂ, ਅਸੀਂ ਆਪਣੀ ਸੋਚ ਵਿਚ ਨਵਾਂਪਨ ਲਿਆਂਉਂਦੇ ਹਾਂ, ਨਫਰਤ, ਵੈਰ ਤੇ ਈਰਖਾ ਤੋਂ ਮੁਕਤੀ ਪਾਉਂਦੇ ਹਾਂ, ਜੇਕਰ ਅਸੀਂ ਆਪਣੇ ਆਪ ਵਿਚ ਤਬਦੀਲੀ ਕਰਦੇ ਹਾਂ ਤਾਂ ਅਸੀਂ ਨਿਸਚੇ ਹੀ ਨਵੇਂਪਨ ਵੱਲ ਵਧਦੇ ਹਾਂ ਤੇ ਆਪਣੇ ਆਪ ਵਿਚ ਨਵਾਂਪਨ ਮਹਿਸੂਸ ਕਰਦੇ ਹਾਂ ।

ਬਾਰਾਂ ਮਹੀਨਿਆਂ ਬਾਅਦ ਅਸੀਂ ਨਵਾਂ ਸਾਲ ਮਨਾਉਂਦੇ ਹਾਂ ਇਸ ਦੀ ਸਾਰਥਿਕਤਾ ਤਦ ਹੈ ਜੇਕਰ ਅਸੀਂ ਬੀਤੇ ਬਾਰਾਂ ਮਹੀਨਿਆਂ ਦਾ ਲੇਖਾ ਜੋਖਾ ਕਰਕੇ ਆਪਣੀਆਂ ਭੁੱਲਾਂ ਸੁਧਾਰਨ ਦਾ ਪ੍ਰਣ ਕਰੀਏ, ਆਪਣੀ ਜਿੰਦਗੀ ਨੂੰ ਦਿਖਾਵੇ ਤੋਂ ਦੂਰ ਕਰਕੇ ਸਾਦਗੀ ਦੀ ਲੀਹੇ ਪਾਈਏ, ਮਨ ਨੀਵਾਂ ਤੇ ਮੱਤ ਉੱਚੀ ਦਾ ਗੁਰਮੰਤਰ ਅਪਣਾਈਏ । ਹਰ ਛੋਟੇ ਵੱਡੇ ਦਾ ਸਤਿਕਾਰ ਕਰਨ ਦੀ ਆਦਤ ਪਾਈਏ, ਆਪਣੀ ਹਾਊਮੈਂ ਨੂੰ ਤਿਆਗੀਏ ਤੇ ਸਾਦਾ ਜੀਵਨ ਜੀਊਣ ਦਾ ਰਸਤਾ ਚੁਣੀਏ । ਸਾਡੇ ਵਲੋਂ ਨਵੇਂ ਸਾਲ ਦੇ ਇਸ ਮੌਕੇ &lsquoਤੇ ਇਹ ਵੀ ਸੋਚਣਾ ਬਣਦਾ ਹੈ ਕਿ ਜਿਵੇਂ ਬਾਰਾਂ ਮਹੀਨੇ ਬਾਅਦ ਹਰ ਸਾਲ ਬੀਤੇ ਦਾ ਹਿੱਸਾ ਬਣ ਜਾਂਦਾ ਹੈ, ਬਿਲਕੁਲ ਇਸੇ ਤਰਾਂ ਸਾਡੀ ਜਿੰਦਗੀ ਵੀ ਸਥਿਰ ਨਹੀਂ, ਸਾਡਾ ਇਸ ਧਰਤੀ ਉੱਤੇ ਕੋਈ ਪੱਕਾ ਡੇਰਾ ਨਹੀਂ ਹੈ, ਅਸੀਂ ਵੀ ਸਾਲ ਦੇ ਸ਼ੁਰੂ ਤੋਂ ਅੰਤ ਵਾਂਗ ਪਲ ਪਲ ਆਪਣੇ ਅੰਤ ਵੱਲ ਵਧ ਰਹੇ ਹਾਂ, ਸਾਡੀ ਇਸ ਧਰਤੀ ਉੱਤੇ ਮਾਲਕੀ ਨਹੀਂ, ਇਹ ਸਾਡਾ ਅਸਥਾਈ ਟਿਕਾਣਾ ਹੈ, ਅਸੀਂ ਇਥੇ ਇਕ ਕਿਰਾਏਦਾਰ ਦੀ ਨਿਆਂਈ ਹਾਂ ਤੇ ਕੁਦਰਤ ਨੇ ਕਦੋਂ ਸਾਨੂੰ ਇਥੋਂ ਬਾਹਰ ਕੱਢ ਦੇਣਾ ਹੈ, ਇਹ ਸਭ ਕੁੱਝ ਪਹਿਲਾਂ ਹੀ ਤਹਿ ਹੈ । ਸੋ ਇਹ ਉਕਤ ਸਭ ਦਿਲੋ ਦਿਮਾਗ ਵਿਚ ਵਸਾ ਕੇ ਅਸੀਂ ਆਪਣੀ ਸ਼ਖ਼ਸੀਅਤ ਦੀ ਉਸਾਰੀ ਇਸ ਪ੍ਰਕਾਰ ਕਰੀਏ ਕਿ ਸਾਡੇ ਜਾਣ ਤੋਂ ਬਾਅਦ ਇਹ ਜਗਤ ਸਾਡੀ ਸੋਭਾ ਕਰੇ, ਸਾਨੂੰ ਆਪਣੇ ਦਿਲਾਂ ਚ ਸਦੀਵੀ ਥਾਂ ਦੇਵੇ ਤੇ ਯਾਦ ਰੱਖੇ ।

ਮੁਕਦੀ ਗੱਲ ਇਹ ਹੈ ਕਿ ਸਾਲ ਬਦਲਦੇ ਰਹਿਣਗੇ, ਨਵੀਆਂ ਸਦੀਆਂ ਆਉਂਦੀਆਂ ਰਹਿਣਗੀਆਂ, ਦੁਨੀਆਂ ਦੀ ਹਰ ਸ਼ੈਅ ਇਥੇ ਅਸਥਿਰ ਹੈ, ਹਰ ਇੱਕ ਦਾ ਅੰਤ ਤਹਿ ਹੈ, ਜਿੰਨਾ ਸਮਾ ਮਿਲਿਆ ਹੈ, ਉਸ ਨੂੰ ਆਪਣੇ ਲਈ ਸੋਹਣਾ ਬਣਾਓ, ਆਪਣਿਆਂ ਵਾਸਤੇ ਸੋਹਣਾ ਬਣਾਓ, ਕਿਸੇ ਦਾ ਦਿਲ ਨਾ ਦੁਖਾਓ, ਹੱਕ ਨਾ ਮਾਰੋ, ਧੱਕਾ ਨਾ ਕਰੋ, ਆਪ ਜੀਅ ਭਰਕੇ ਜੀਓ ਤੇ ਦੂਸਰਿਆਂ ਨੂੰ ਜੀਊਣ ਦਿਓ, ਇਸ ਤਰਾਂ ਜਾਪੇ ਕਿ ਬਾਰਾਂ ਮਹੀਨੇ ਬਾਅਦ ਨਵਾਂ ਸਾਲ ਨਹੀਂ ਬਲਕਿ ਜਿੰਦਗੀ ਮਾਨਣ ਦਾ ਹਰ ਅਗਲਾ ਪਲ ਨਵਾਂ ਹੋਵੇ, ਆਸੇ ਪਾਸੇ ਰੌਣਕ, ਖੁਸ਼ੀ ਤੇ ਖੇੜਾ ਹੋਵੇ, ਸ਼ਾਂਤੀ, ਖੁਸ਼ਹਾਲੀ ਤੇ ਤੰਦਰੁਸਤੀ ਹੋਵੇ ।ਰੂਹਾਂ ਪਿਆਰ, ਭਾਈਚਾਰੇ ਤੇ ਸਾਂਝੀਵਾਲਤਾ ਨਾਲ ਗੜੁੱਚ ਹੋਣ , ਜੇਕਰ ਅਜਿਹਾ ਕਰਨ ਵਿਚ ਅਸੀਂ ਸਭ ਸਫਲ ਹੋ ਜਾਂਦੇ ਹਾਂ ਤਾਂ ਫਿਰ ਨਵਾਂ ਸਾਲ ਸਾਨੂੰ ਕਦੇ ਵੀ ਉਡੀਕਣ ਦੀ ਲੋੜ ਨਹੀਂ ਪਵੇਗੀ, ਇਹ ਨਵਾਂ ਸਾਲ ਸਿਰਫ ਵਪਾਰੀ ਲੋਕਾ ਦੇ ਵਹੀਆਂ ਖਾਤੇ ਨਵਿਆਉਣ ਤੱਕ ਹੀ ਮਹਿਦੂਦ ਰਹਿ ਜਾਵੇਗਾ ਤੇ ਆਮ ਲੋਕਾਂ ਵਾਸਤੇ ਇਸ ਦੀ ਕੋਈ ਅਹਿਮੀਅਤ ਨਹੀਂ ਹੋਵੇਗੀ ਕਿਉਂਕਿ ਉਹਨਾਂ ਵਾਸਤੇ ਤਾਂ ਹਰ ਪਲ ਨਵਾਂ ਹੋਵੇਗਾ । ਇਹ ਉਕਤ ਸਭ ਕੁੱਝ ਸੰਭਵ ਹੈ, ਜੇਕਰ ਮਨੁੱਖ ਜਾਤੀ ਇਸ ਤਰਾਂ ਕਰਨ ਦੀ ਇੱਥਾ ਸ਼ਕਤੀ ਰੱਖਦੀ ਹੋਵੇ, ਇਹ ਮੇਰਾ ਪੱਕਾ ਵਿਸ਼ਵਾਸ਼ ਹੈ ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋਃ)

01-01 - 2026