ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਮਹਿਲਾ ਸਰਬਜੀਤ ਕੌਰ ਨੂੰ ਲਿਆਂਦਾ ਜਾਵੇਗਾ ਭਾਰਤ

ਭਾਰਤ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਲ ਹੋ ਕੇ ਪਾਕਿਸਤਾਨ ਪੁੱਜੀ ਭਾਰਤੀ ਮਹਿਲਾ ਸਰਬਜੀਤ ਕੌਰ ਨੂੰ ਬੀਤੇ ਦਿਨੀਂ ਪਾਕਿਸਤਾਨ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਪਾਕਿਸਤਾਨ ਵਲੋਂ ਉਸ ਨੂੰ ਭਾਰਤ ਨੂੰ ਸੌਂਪਣ ਲਈ ਸਰਹੱਦ &rsquoਤੇ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਔਰਤ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਨਵੰਬਰ ਮਹੀਨੇ ਦੌਰਾਨ ਪਾਕਿਸਤਾਨ ਗਈ ਸੀ ਤੇ ਉਥੋਂ ਗਾਇਬ ਹੋ ਗਈ ਸੀ। ਇਸ ਤੋਂ ਬਾਅਦ ਸਰਬਜੀਤ ਕੌਰ ਨੇ ਪਾਕਿਸਤਾਨ ਵਿਚ ਇਕ ਵਿਅਕਤੀ ਨਾਲ ਨਿਕਾਹ ਕਰ ਲਿਆ ਸੀ। ਉਸ ਨੇ ਨਾਸਿਰ ਹੁਸੈਨ ਨਾਲ ਨਿਕਾਹ ਕਰਨ ਤੋਂ ਪਹਿਲਾਂ ਧਰਮ ਬਦਲ ਲਿਆ ਸੀ ਤੇ ਉਹ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਗਈ ਸੀ। ਉਸ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਅੱਜ ਬਾਅਦ ਦੁਪਹਿਰ ਭਾਰਤ ਲਿਆਂਦਾ ਜਾਵੇਗਾ। ਕਪੂਰਥਲਾ ਦੀ ਰਹਿਣ ਵਾਲੀ 52 ਸਾਲਾ ਸਰਬਜੀਤ 4 ਨਵੰਬਰ ਨੂੰ 1,900 ਤੋਂ ਵੱਧ ਸਿੱਖ ਸ਼ਰਧਾਲੂਆਂ ਨਾਲ ਵਾਹਗਾ-ਅਟਾਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਗਈ ਸੀ। ਇਹ ਜਥਾ 10 ਦਿਨਾਂ ਦੇ ਦੌਰੇ ਤੋਂ ਬਾਅਦ 13 ਨਵੰਬਰ ਨੂੰ ਭਾਰਤ ਪਰਤਿਆ ਸੀ, ਪਰ ਸਰਬਜੀਤ ਕੌਰ ਉਨ੍ਹਾਂ ਦੇ ਨਾਲ ਵਾਪਸ ਨਹੀਂ ਆਈ।