ਪ੍ਰਿਯੰਕਾ ਅਸਾਮ ਚੋਣਾਂ ਲਈ ਕਾਂਗਰਸ ਸਕਰੀਨਿੰਗ ਕਮੇਟੀ ਦੀ ਕਰੇਗੀ ਅਗਵਾਈ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਅਸਾਮ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਵਾਲੀ ਸਕਰੀਨਿੰਗ ਕਮੇਟੀ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਉਨ੍ਹਾਂ ਪੰਜ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਸਕਰੀਨਿੰਗ ਕਮੇਟੀਆਂ ਦਾ ਐਲਾਨ ਕੀਤਾ, ਜਿੱਥੇ ਇਸ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ਵਿੱਚ ਚੋਣਾਂ ਹੋਣੀਆਂ ਹਨ। ਅਸਾਮ ਵਿੱਚ ਚਾਰ ਮੈਂਬਰੀ ਕਮੇਟੀ ਦੀ ਅਗਵਾਈ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਕੀਤੀ ਜਾਵੇਗੀ। ਕਮੇਟੀ ਵਿੱਚ ਉਨ੍ਹਾਂ ਨਾਲ ਲੋਕ ਸਭਾ ਮੈਂਬਰ ਇਮਰਾਨ ਮਸੂਦ, ਸਪਤਗਿਰੀ ਸ਼ੰਕਰ ਉਲਾਕਾ ਅਤੇ ਸਿਰੀਵੇਲਾ ਪ੍ਰਸਾਦ ਬਾਕੀ ਮੈਂਬਰਾਂ ਵਜੋਂ ਸ਼ਾਮਲ ਹੋਣਗੇ।