ਡੇਰਾ ਮੁਖੀ 40 ਦਿਨਾਂ ਦੀ ਪੈਰੋਲ ’ਤੇ ਰਿਹਾਅ

ਜਬਰ ਜਨਾਹ ਤੇ ਕਤਲ ਮਾਮਲੇ ਵਿਚ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਅੱਜ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ। ਉਸ ਨੂੰ ਸਿਰਸਾ ਦੇ ਡੇਰਾ ਹੈੱਡਕੁਆਰਟਰ ਵਿੱਚ ਰਹਿਣ ਲਈ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ ਸਵੇਰੇ 11:45 ਵਜੇ ਜੇਲ੍ਹ ਦੇ ਬਾਹਰ ਸਖ਼ਤ ਪੁਲੀਸ ਸੁਰੱਖਿਆ ਪ੍ਰਬੰਧਾਂ ਹੇਠ ਇੱਕ ਐਸਯੂਵੀ ਵਿੱਚ ਜੇਲ੍ਹ ਤੋਂ ਬਾਹਰ ਆਇਆ।
ਉਸ ਨੂੰ ਡੇਰੇ ਦੇ ਦੂਜੇ ਗੁਰੂ ਸਤਨਾਮ ਸਿੰਘ ਦੇ ਜਨਮ ਦਿਨ ਤੋਂ ਪਹਿਲਾਂ ਪੈਰੋਲ ਦਿੱਤੀ ਗਈ ਹੈ। ਇਸ ਮੌਕੇ ਹਰ ਸਾਲ 25 ਜਨਵਰੀ ਨੂੰ ਸਿਰਸਾ ਦੇ ਡੇਰਾ ਹੈੱਡਕੁਆਰਟਰ ਵਿੱਚ ਸਮਾਗਮ ਕਰਵਾਇਆ ਜਾਂਦਾ ਹੈ। ਇਹ ਪਤਾ ਲੱਗਿਆ ਹੈ ਕਿ ਉਸ ਦੇ ਦੁਪਹਿਰ ਤਿੰਨ ਵਜੇ ਸਿਰਸਾ ਪੁੱਜਣ ਦੀ ਸੰਭਾਵਨਾ ਹੈ।
2017 ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਹ ਜੇਲ੍ਹ ਤੋਂ ਉਸ ਦੀ 15ਵੀਂ ਰਿਹਾਈ ਹੈ। ਉਸ ਨੂੰ ਪਹਿਲੀ ਵਾਰ ਅਕਤੂਬਰ 2020 ਵਿੱਚ 21 ਦਿਨ ਦੀ ਪੈਰੋਲ ਮਿਲੀ ਸੀ। ਇਸ ਮਗਰੋਂ ਮਈ 2021 ਵਿੱਚ ਪੈਰੋਲ, ਫਰਵਰੀ 2022 ਵਿੱਚ 21 ਦਿਨ ਦੀ ਪੈਰੋਲ, ਜੂਨ 2022 ਵਿੱਚ 30 ਦਿਨ ਦੀ ਪੈਰੋਲ ਅਤੇ ਅਕਤੂਬਰ 2022 ਵਿੱਚ 40 ਦਿਨ ਦੀ ਪੈਰੋਲ ਦਿੱਤੀ ਗਈ ਸੀ। ਦੂਜੇ ਪਾਸੇ ਡੇਰਾ ਸਿਰਸਾ ਮੁਖੀ ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮਿਲਣ &rsquoਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਦੋਸ਼ੀ ਗੰਭੀਰ ਦੋਸ਼ਾਂ ਤਹਿਤ ਸਜ਼ਾ ਕੱਟ ਰਿਹਾ ਹੈ ਅਤੇ ਸਿੱਖ ਕੌਮ ਵਿਰੋਧੀ ਕਾਰਵਾਈਆਂ ਦਾ ਵੀ ਦੋਸ਼ੀ ਹੈ, ਉਸ ਪ੍ਰਤੀ ਸਰਕਾਰਾਂ ਦੀ ਇਹ ਦਰਿਆਦਿਲੀ ਨਾ ਸਿਰਫ ਹੈਰਾਨੀਜਨਕ ਹੈ, ਸਗੋਂ ਇਹ ਲੋਕਤੰਤਰ ਅਤੇ ਇਨਸਾਫ ਪ੍ਰਣਾਲੀ ਦਾ ਵੀ ਮਖੌਲ ਉਡਾਉਣ ਦੇ ਬਰਾਬਰ ਹੈ। ਅਜਿਹੇ ਕਿਰਦਾਰ ਵਾਲਿਆਂ ਨੂੰ ਸਰਕਾਰਾਂ ਵੱਲੋਂ ਵਾਰ-ਵਾਰ ਵਿਸ਼ੇਸ਼ ਰਿਆਇਤਾਂ ਦੇਣਾ ਪੀੜਤ ਧਿਰਾਂ ਨਾਲ ਅਨਿਆਂ ਹੈ। ਇਸ ਨਾਲ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ &rsquoਤੇ ਵੀ ਸਵਾਲ ਉਠਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੇ ਸਰਕਾਰਾਂ ਨੇ ਸਿਰਫ਼ ਸਿਆਸੀ ਲਾਭ ਖੱਟਣ ਲਈ ਦੋਸ਼ੀਆਂ ਨੂੰ ਰਾਹਤ ਦੇਣ ਦਾ ਇਹ ਰੁਝਾਨ ਜਾਰੀ ਰੱਖਿਆ ਤਾਂ ਆਮ ਲੋਕਾਂ ਦਾ ਕਾਨੂੰਨ ਅਤੇ ਇਨਸਾਫ਼ ਪ੍ਰਣਾਲੀ ਤੋਂ ਭਰੋਸਾ ਉੱਠ ਜਾਵੇਗਾ।