ਬਰਮਿੰਘਮ ਵਿੱਚ ਦਰਸ਼ਕਾਂ ‘ਤੇ ਪਾਬੰਦੀ ਨੇ ਤੂਲ ਫੜਿਆ, ਪੁਲਿਸ ਮੁਖੀ ‘ਤੇ ਅਸਤੀਫ਼ੇ ਦਾ ਵਧਿਆ ਦਬਾਅ

 ਲੈਸਟਰ (ਇੰਗਲੈਂਡ), 06 ਜਨਵਰੀ (ਸੁਖਜਿੰਦਰ ਸਿੰਘ ਢੱਡੇ)-

ਇਜ਼ਰਾਈਲ ਦੀ ਫੁੱਟਬਾਲ ਟੀਮ ਮੱਕਾਬੀ ਤੇਲ ਅਵੀਵ ਦੇ ਦਰਸ਼ਕਾਂ &lsquoਤੇ ਲਾਈ ਗਈ ਪਾਬੰਦੀ ਦੇ ਮਾਮਲੇ ਨੂੰ ਲੈ ਕੇ ਮਿਡਲੈਂਡ ਖੇਤਰ ਦੀ ਪੁਲਿਸ ਦੇ ਮੁਖੀ ਉੱਤੇ ਅਸਤੀਫ਼ਾ ਦੇਣ ਲਈ ਦਬਾਅ ਵਧਦਾ ਜਾ ਰਿਹਾ ਹੈ। ਇਸ ਮਾਮਲੇ ਨੇ ਬਰਤਾਨੀਆ ਭਰ ਵਿੱਚ ਰਾਜਨੀਤਿਕ ਅਤੇ ਸਮਾਜਿਕ ਪੱਧਰ &lsquoਤੇ ਤੀਖੀ ਚਰਚਾ ਨੂੰ ਜਨਮ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਬਰਮਿੰਘਮ ਵਿੱਚ ਹੋਏ ਫੁੱਟਬਾਲ ਮੁਕਾਬਲੇ ਦੌਰਾਨ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਮੱਕਾਬੀ ਤੇਲ ਅਵੀਵ ਦੇ ਦਰਸ਼ਕਾਂ ਨੂੰ ਮੈਦਾਨ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਵੱਖ-ਵੱਖ ਵਰਗਾਂ ਵੱਲੋਂ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਜਾ ਰਹੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਦਮ ਪੱਖਪਾਤੀ ਹੈ ਅਤੇ ਲੋਕਤਾਂਤ੍ਰਿਕ ਅਧਿਕਾਰਾਂ ਦੇ ਖ਼ਿਲਾਫ਼ ਹੈ। ਇਸ ਫ਼ੈਸਲੇ ਦੇ ਵਿਰੋਧ ਵਿੱਚ ਮੈਦਾਨ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਹੋਏ, ਜਿੱਥੇ ਪੁਲਿਸ ਦੀ ਵੱਡੀ ਤਾਇਨਾਤੀ ਕੀਤੀ ਗਈ। ਰਾਜਨੀਤਿਕ ਆਗੂਆਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਪਸ਼ਟੀਕਰਨ ਮੰਗਿਆ ਹੈ।
ਮਾਮਲੇ ਦੇ ਗੰਭੀਰ ਹੋਣ ਕਾਰਨ ਪੁਲਿਸ ਮੁਖੀ ਕ੍ਰੇਗ ਗਿਲਡਫੋਰਡ ਨੂੰ ਆਪਣੇ ਫ਼ੈਸਲੇ ਬਾਰੇ ਜਵਾਬਦੇਹ ਬਣਨ ਲਈ ਕਿਹਾ ਜਾ ਰਿਹਾ ਹੈ। ਕਈ ਹਲਕਿਆਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਪਾਬੰਦੀ ਗ਼ਲਤ ਸਾਬਤ ਹੁੰਦੀ ਹੈ ਤਾਂ ਪੁਲਿਸ ਮੁਖੀ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਰਾਜਨੀਤਿਕ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਹੋਰ ਤੂਲ ਫੜ ਸਕਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਦੀ ਨੀਤੀ &lsquoਤੇ ਡੂੰਘਾ ਅਸਰ ਪਾ ਸਕਦਾ ਹੈ।