ਗ੍ਰੇਵਜ਼ੈਂਡ ਗੁਰਦੁਆਰਾ ਸਾਹਿਬ ਵਿੱਚ ਹੁੱਲੜਬਾਜ਼ੀ ਕਰਨ ਦੇ ਮਾਮਲੇ ਵਿੱਚ ਚਾਰ ਗ੍ਰਿਫ਼ਤਾਰ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬਰਤਾਨੀਆਂ ਦੇ ਵੱਡੇ ਗੁਰੂ ਘਰਾਂ ਵਿੱਚੋਂ ਜਾਣੇ ਜਾਂਦੇ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿੱਚ ਨਵੇਂ ਸਾਲ ਮੌਕੇ ਕੁਝ ਲੋਕਾਂ ਨੇ ਹੁੱਲੜਬਾਜ਼ੀ ਕੀਤੀ ਅਤੇ ਤਕਰੀਰਬਾਜ਼ੀ ਇਥੋਂ ਤੱਕ ਵੱਧ ਗਈ ਕਿ ਪੁਲਿਸ ਨੂੰ ਬੁਲਾਉਣਾ ਪਿਆ। ਇਸ ਮੌਕੇ ਇੱਕ ਵਿਅਕਤੀ ਦੇ ਮਾਮੂਲੀ ਸੱਟਾਂ ਲੱਗੀਆਂ ਜਿਸ ਦਾ ਮੌਕੇ 'ਤੇ ਐਂਬੂਲੈਂਸ ਅਧਿਕਾਰੀਆਂ ਨੇ ਇਲਾਜ ਕੀਤਾ ਗਿਆ।
ਪੁਲਿਸ ਨੇ ਘਟਨਾ ਤੋਂ ਤੁਰੰਤ ਬਾਅਦ ਡਾਰਟਫੋਰਡ ਸ਼ਹਿਰ ਦੇ ਨੇੜੇ ਜਰਨੈਲੀ ਸੜਕ ਏ2 ਲੰਡਨ ਜਾਣ ਵਾਲੇ ਰਸਤੇ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
ਗੁਰਦੁਆਰਾ ਸਾਹਿਬ ਦੇ ਬੁਲਾਰੇ ਸਃ ਜਗਦੇਵ ਸਿੰਘ ਵਿਰਦੀ ਨੇ ਕਿਹਾ ਕਿ ਨਵੇਂ ਸਾਲ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਸਨ। ਜਦੋਂ ਕੁਝ ਲੋਕਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਈ। ਲੇਕਨ ਦੋਵੇਂ ਧਿਰਾਂ ਦੇ ਲੋਕ ਬਾਹਰੋਂ ਆਏ ਸਨ ਅਤੇ ਇਹ ਉਹਨਾਂ ਦਾ ਕੋਈ ਨਿੱਜੀ ਝਗੜਾ ਸੀ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਝਗੜੇ ਦਾ ਗੁਰਦੁਆਰਾ ਸਾਹਿਬ ਜਾਂ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਨਾਲ ਕੋਈ ਸਬੰਧ ਨਹੀਂ। ਲੇਕਨ ਅਫ਼ਸੋਸ ਕਿ ਝਗੜਾ ਕਰਨ ਵਾਲੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਝਗੜਾ ਕੀਤਾ। ਜੋ ਕਦਾਚਿੱਤ ਵੀ ਸਹੀ ਨਹੀਂ ਸੀ। ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਅਤੇ ਪ੍ਰਬੰਧਕ ਇਸ ਘਟਨਾ ਨੂੰ ਲੈ ਕੇ ਨਿਰਾਸ਼ ਹਨ ਕਿਉਂਕਿ ਸੰਗਤਾਂ ਇੱਥੇ ਨਵੇਂ ਸਾਲ ਮੌਕੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਨਾਲ ਆਈਆਂ ਹੋਈਆਂ ਸਨ।
ਗੁਰਦੁਆਰਾ ਸਾਹਿਬ ਸ਼ਾਂਤੀ, ਨਿਮਰਤਾ ਅਤੇ ਸਮੂਹਿਕ ਸਦਭਾਵਨਾ ਦੇ ਸਿਧਾਂਤਾਂ 'ਤੇ ਸਥਾਪਿਤ ਇੱਕ ਪਵਿੱਤਰ ਸੰਸਥਾ ਹੈ। ਜਿਸ ਦੀ ਮਾਣ ਮਰਿਯਾਦਾ ਦਾ ਸਭ ਨੂੰ ਖਿਆਲ ਅਤੇ ਸਤਿਕਾਰ ਕਰਨਾ ਚਾਹੀਦਾ ਹੈ। ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਭਿੰਦਾ ਮੁਠੱਡਾ ਨੇ ਸੰਗਤਾਂ ਨੂੰ ਉਪਰੋਕਤ ਵਿਵਾਦ ਸੰਬੰਧੀ ਸ਼ੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅਜੇਹੀ ਹੁੱਲੜਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।