2027 ਤੱਕ ਮੈਂ ਹੀ ਪ੍ਰਧਾਨ ਮੰਤਰੀ ਰਹਾਂਗਾ - ਕੀਰ ਸਟਾਰਮਰ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬਰਤਾਨੀਆਂ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਆਪਣੀ ਲੀਡਰਸ਼ਿਪ ਬਾਰੇ ਚਿੰਤਾਵਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਹ ਹੀ ਪ੍ਰਧਾਨ ਮੰਤਰੀ ਰਹਿਣਗੇ ਅਤੇ ਉਨ੍ਹਾਂ ਦੀ ਕੁਰਸੀ ਨੂੰ ਕੋਈ ਖ਼ਤਰਾ ਨਹੀਂ ਹੈ।
ਬੀ ਬੀ ਸੀ ਦੇ ਸੰਡੇ ਵਿਦ ਲੌਰਾ ਕੁਏਨਸਬਰਗ ਨਾਲ ਲੰਡਨ ਵਿੱਚ ਹੋਈ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਈ ਵਿੱਚ ਸਕਾਟਲੈਂਡ, ਵੇਲਜ਼ ਅਤੇ ਇੰਗਲੈਂਡ ਵਿੱਚ ਹੋਣ ਵਾਲੀਆਂ ਚੋਣਾਂ ਉਨ੍ਹਾਂ ਦੀ ਸਰਕਾਰ ਲਈ "ਜਨਮਤ" ਨਹੀਂ ਹਨ। ਪਰ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਰ ਕੀਰ ਲਈ 2025 ਇੱਕ ਮੁਸ਼ਕਲ ਸਾਲ ਰਿਹਾ ਹੈ ਧੀਮਾ ਆਰਥਿਕ ਵਿਕਾਸ, ਮਾੜੇ ਸਰਵੇਖਣ ਅਤੇ ਅਟਕਲਾਂ ਨਾਲ ਜੂਝ ਰਹੇ ਸਰ ਸਟਾਰਮਰ ਨੂੰ ਲੀਡਰਸ਼ਿਪ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦ ਕਿ ਪ੍ਰਧਾਨ ਮੰਤਰੀ 2026 ਵਿੱਚ ਲੋਕਾਂ ਨੂੰ ਆਪਣੇ ਜੀਵਨ ਵਿੱਚ "ਸਕਾਰਾਤਮਕ ਤਬਦੀਲੀ" ਮਹਿਸੂਸ ਕਰਨ ਦਾ ਦਾਅਵਾ ਕਰ ਰਹੇ ਹਨ।
ਸਰ ਕੀਰ ਨੇ ਕਿਹਾ ਕਿ "ਮੈਨੂੰ 2024 ਵਿੱਚ ਦੇਸ਼ ਨੂੰ ਬਦਲਣ ਲਈ ਪੰਜ ਸਾਲਾਂ ਦੇ ਫ਼ਤਵੇ ਨਾਲ ਚੁਣਿਆ ਗਿਆ ਸੀ, ਮੈਂ ਲੋਕਾਂ ਦਾ ਭਰੋਸਾ ਟੁੱਟਣ ਨਹੀਂ ਦੇਵਾਂਗਾ। ਮੈਂ ਜਾਣਦਾ ਹਾਂ ਕਿ ਅਗਲੀਆਂ ਚੋਣਾਂ ਵਿੱਚ ਨਿਰਣਾ ਕੀਤਾ ਜਾਵੇਗਾ ਕਿ ਕੀ ਮੈਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ।" ਉਹਨਾਂ ਮੰਨਿਆ ਕਿ ਦੇਸ਼ ਭਰ ਦੇ ਪਰਿਵਾਰ ਅਜੇ ਵੀ ਰਹਿਣ-ਸਹਿਣ ਲੋੜੀਂਦੀਆਂ ਚੀਜ਼ਾਂ ਦੇ ਖ਼ਰਚਿਆਂ ਲਈ ਚਿੰਤਤ ਹਨ। ਲੋਕਾਂ ਦੇ ਜੀਵਨ ਬਿਹਤਰ ਬਣਾਉਣ ਲਈ ਸਾਡੀ ਲੜਾਈ ਵਿੱਚ ਕੋਈ ਢਿੱਲ ਨਹੀਂ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਅਧੀਨ ਅਸੀਂ ਬਹੁਤ ਕੁਝ ਵੇਖਿਆ ਕਟੌਤੀਆਂ, ਤਬਦੀਲੀਆਂ, ਲੀਡਰਸ਼ਿਪ ਬਦਲੀਆਂ ਆਦਿ ਕਾਰਨਾਂ ਕਰਕੇ ਲੋਕਾਂ ਨੇ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ।