ਬਰਤਾਨਵੀ ਲੋਕਾਂ ਦਾ ਮਨ ਫਿਰ ਯੂਰਪੀ ਸੰਘ ਵੱਲ

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)- ਬਰੈਕਜ਼ਿਟ ਤੋਂ ਬਾਅਦ ਬਦਲੇ ਰਾਜਨੀਤਿਕ ਅਤੇ ਆਰਥਿਕ ਹਾਲਾਤਾਂ ਦਰਮਿਆਨ ਬਰਤਾਨੀਆ ਵਿੱਚ ਜਨਮਤ ਇੱਕ ਵਾਰ ਫਿਰ ਯੂਰਪੀ ਸੰਘ ਦੇ ਹੱਕ ਵਿੱਚ ਝੁਕਦਾ ਦਿਖਾਈ ਦੇ ਰਿਹਾ ਹੈ। ਤਾਜ਼ਾ ਸਰਵੇਖਣ ਮੁਤਾਬਕ ਬਰਤਾਨਵੀ ਵੋਟਰ ਹੁਣ ਯੂਰਪੀ ਸੰਘ ਦਾ ਹਿੱਸਾ ਬਣਨ ਦੀ ਇੱਛਾ ਫਰਾਂਸ ਅਤੇ ਇਟਲੀ ਦੇ ਨਾਗਰਿਕਾਂ ਨਾਲੋਂ ਵੀ ਵੱਧ ਜ਼ਾਹਰ ਕਰ ਰਹੇ ਹਨ, ਜਿਸ ਨੇ ਦੇਸ਼ ਦੀ ਸਿਆਸਤ ਵਿੱਚ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ।
ਰਿਪੋਰਟ ਅਨੁਸਾਰ ਬਰਤਾਨੀਆ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਮੰਨਣਾ ਹੈ ਕਿ ਯੂਰਪੀ ਸੰਘ ਤੋਂ ਬਾਹਰ ਹੋਣ ਨਾਲ ਦੇਸ਼ ਨੂੰ ਉਹ ਫ਼ਾਇਦੇ ਨਹੀਂ ਮਿਲੇ, ਜਿਹੜੇ ਬਰੈਕਜ਼ਿਟ ਸਮੇਂ ਦਾਅਵਾ ਕੀਤੇ ਗਏ ਸਨ। ਵਪਾਰ, ਨੌਕਰੀਆਂ, ਮਹਿੰਗਾਈ ਅਤੇ ਵਿਦੇਸ਼ੀ ਸੰਬੰਧਾਂ &rsquoਤੇ ਪਏ ਨਕਾਰਾਤਮਕ ਪ੍ਰਭਾਵਾਂ ਨੇ ਲੋਕਾਂ ਦੀ ਸੋਚ ਵਿੱਚ ਵੱਡਾ ਬਦਲਾਅ ਲਿਆ ਹੈ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਫਰਾਂਸ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ, ਜਿੱਥੇ ਯੂਰਪੀ ਸੰਘ ਦੇ ਖ਼ਿਲਾਫ਼ ਅਕਸਰ ਆਵਾਜ਼ਾਂ ਉੱਠਦੀਆਂ ਰਹੀਆਂ ਹਨ, ਉਥੇ ਵੀ ਲੋਕਾਂ ਦਾ ਸਮਰਥਨ ਹੁਣ ਬਰਤਾਨੀਆ ਨਾਲੋਂ ਘੱਟ ਦਿਖਾਈ ਦੇ ਰਿਹਾ ਹੈ। ਇਹ ਹਾਲਾਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਬਰਤਾਨਵੀ ਜਨਤਾ ਬਰੈਕਜ਼ਿਟ ਨੂੰ ਲੈ ਕੇ ਹੁਣ ਪਹਿਲਾਂ ਨਾਲੋਂ ਜ਼ਿਆਦਾ ਨਾਰਾਜ਼ ਹੈ।
ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜਨਮਤ ਸੱਤਾਰੂੜ੍ਹ ਅਤੇ ਵਿਰੋਧੀ ਧਿਰ ਦੋਵਾਂ ਲਈ ਚਿੰਤਾ ਦਾ ਵਿਸ਼ਾ ਹੈ। ਖਾਸ ਤੌਰ &rsquoਤੇ ਲੇਬਰ ਪਾਰਟੀ &rsquoਤੇ ਦਬਾਅ ਵਧ ਰਿਹਾ ਹੈ ਕਿ ਉਹ ਲੋਕਾਂ ਦੀ ਬਦਲਦੀ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਯੂਰਪੀ ਸੰਘ ਨਾਲ ਨਜ਼ਦੀਕੀ ਸੰਬੰਧਾਂ ਵੱਲ ਵਧੇ। ਸਰਵੇਖਣ ਨਾਲ ਜੁੜੇ ਮੁਹਿੰਮਕਾਰਾਂ ਦਾ ਕਹਿਣਾ ਹੈ ਕਿ ਲੇਬਰ ਨੂੰ ਹੁਣ ਲੋਕੀ ਰਾਇ ਨਾਲ ਕਦਮ ਮਿਲਾਉਣ ਦੀ ਲੋੜ ਹੈ। ਦੂਜੇ ਪਾਸੇ, ਬਰੈਕਜ਼ਿਟ ਦੇ ਹਮਾਇਤੀਆਂ ਵੱਲੋਂ ਅਜੇ ਵੀ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਲੰਮੇ ਸਮੇਂ ਵਿੱਚ ਬਰਤਾਨੀਆ ਨੂੰ ਆਜ਼ਾਦ ਨੀਤੀਆਂ ਦਾ ਫ਼ਾਇਦਾ ਮਿਲੇਗਾ, ਪਰ ਤਾਜ਼ਾ ਅੰਕੜੇ ਅਤੇ ਲੋਕੀ ਰੁਝਾਨ ਇਸ ਦਾਅਵੇ &rsquoਤੇ ਸਵਾਲ ਖੜੇ ਕਰ ਰਹੇ ਹਨ। ਆਮ ਲੋਕਾਂ ਵਿੱਚ ਇਹ ਧਾਰਨਾ ਮਜ਼ਬੂਤ ਹੋ ਰਹੀ ਹੈ ਕਿ ਯੂਰਪੀ ਸੰਘ ਨਾਲ ਨਜ਼ਦੀਕੀ ਬਿਨਾਂ ਦੇਸ਼ ਲਈ ਆਰਥਿਕ ਸਥਿਰਤਾ ਮੁਸ਼ਕਲ ਹੋ ਰਹੀ ਹੈ।
ਰਿਪੋਰਟਾਂ ਮੁਤਾਬਕ ਬਰਤਾਨੀਆ ਵਿੱਚ ਨੌਜਵਾਨ ਵਰਗ ਖਾਸ ਤੌਰ &rsquoਤੇ ਯੂਰਪੀ ਸੰਘ ਨਾਲ ਮੁੜ ਮਜ਼ਬੂਤ ਰਿਸ਼ਤੇ ਬਣਾਉਣ ਦੇ ਹੱਕ ਵਿੱਚ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਯੂਰਪ ਨਾਲ ਖੁੱਲ੍ਹੀਆਂ ਸਰਹੱਦਾਂ, ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਦੇਸ਼ ਦੇ ਭਵਿੱਖ ਲਈ ਬਹੁਤ ਜ਼ਰੂਰੀ ਹਨ।
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਵੇਂ ਤੁਰੰਤ ਯੂਰਪੀ ਸੰਘ ਵਿੱਚ ਮੁੜ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ, ਪਰ ਬਰਤਾਨੀਆ ਦੀ ਅੰਦਰੂਨੀ ਸਿਆਸਤ ਵਿੱਚ ਇਹ ਮਸਲਾ ਆਉਣ ਵਾਲੇ ਸਮੇਂ ਵਿੱਚ ਵੱਡਾ ਰੋਲ ਅਦਾ ਕਰ ਸਕਦਾ ਹੈ। ਬਦਲਦਾ ਜਨਮਤ ਇਹ ਦਰਸਾ ਰਿਹਾ ਹੈ ਕਿ ਬਰੈਕਜ਼ਿਟ ਬਾਰੇ ਚਰਚਾ ਹੁਣ ਖ਼ਤਮ ਨਹੀਂ, ਸਗੋਂ ਇੱਕ ਨਵੇਂ ਮੋੜ &rsquoਤੇ ਪਹੁੰਚ ਚੁੱਕੀ ਹੈ।