ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਅਤੇ ਭਾਈ ਭਿਓਰਾ ਦੀ ਛੁੱਟੀ ਮੰਜੂਰ ਕਰਣ ਦੀ ਅਪੀਲ: ਸਰਨਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਹਰਿਆਣਾ ਸਰਕਾਰ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪੈਰੋਲ ਦੇਣਾ ਸਿੱਖ ਕੌਮ ਦੇ ਜ਼ਖ਼ਮਾਂ &rsquoਤੇ ਲੂਣ ਛਿੜਕਣ ਦੇ ਬਰਾਬਰ ਹੈ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ
ਇੱਕ ਪਾਸੇ ਸਰਕਾਰ ਗੁਰਪੁਰਬ ਮਨਾਉਂਦੀ ਹੈ, ਦੂਜੇ ਪਾਸੇ ਉਹਨਾਂ ਫ਼ੈਸਲਿਆਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ, ਜੋ ਕਦੇ ਮਾਫ਼ ਨਾ ਕੀਤੀਆਂ ਜਾ ਸਕਣ ਵਾਲੀਆਂ ਯਾਦਾਂ ਨੂੰ ਫਿਰ ਤਾਜ਼ਾ ਕਰ ਦਿੰਦੇ ਹਨ। ਉਨ੍ਹਾਂ ਕਿਹਾ ਸਿੱਖ ਕੌਮ ਦੇ ਰੋਸ ਨੂੰ ਦਰਕਿਨਾਰ ਕਰਕੇ ਵਾਰ ਵਾਰ ਅਜਿਹੀਆਂ ਹਰਕਤਾਂ ਸਾਬਤ ਕਰਦੀਆਂ ਹਨ ਕਿ ਸਰਕਾਰਾਂ ਸਿਰਫ ਸਿੱਖ ਹਿਤੈਸ਼ੀ ਹੋਣ ਦੇ ਦਾਅਵੇ ਕਰਦੀਆਂ ਹਨ ਪਰ ਅਸਲੀਅਤ ਇਸਤੋਂ ਉਲਟ ਹੈ । ਉਨ੍ਹਾਂ ਕਿਹਾ ਅਸੀਂ ਬੰਦੀ ਸਿੰਘਾਂ ਦੀ ਤੁਲਨਾ ਬਲਾਤਕਾਰੀ ਰਾਮ ਰਹੀਮ ਨਾਲ ਨਹੀਂ ਕਰ ਰਹੇ ਹਾਂ ਪਰ ਦੇਸ਼ ਅੰਦਰ ਕਾਨੂੰਨ ਦਾ ਦੋਹਰਾ ਮਾਪਦੰਡ ਕਿਉਂ ਅਪਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਬੰਦੀ ਸਿੰਘ ਜੋ ਆਪਣੀ ਬਣਦੀ ਸਜ਼ਾ ਤੋਂ ਵੀ ਵੱਧ ਸਮਾਂ ਜੇਲ੍ਹਾਂ ਵਿਚ ਗੁਜਾਰ ਰਹੇ ਹਨ, ਨੂੰ ਤੁਰੰਤ ਰਿਹਾ ਕਰਣਾ ਚਾਹੀਦਾ ਹੈ ਤੇ ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਜੋ ਕਿ ਪਿਛਲੇ 29 ਸਾਲਾਂ ਤੋਂ ਬੰਦ ਹਨ ਤੇ ਛੁੱਟੀ ਲਈ ਅਰਜੀ ਲਗਾਈ ਹੋਈ ਹੈ ਦੀ ਛੁੱਟੀ ਮੰਜੂਰ ਕਰਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋਣ ਦਾ ਰਾਹ ਪੱਧਰਾ ਕੀਤਾ ਜਾਏ ।