ਅਮਰਜੀਤ ਕਾਉਂਕੇ, ਸੱਤਪਾਲ ਭੀਖੀ ਅਤੇ ਚਿੱਟਾ ਸਿੱਧੂ ਦਾ ਦੇਸ਼ ਭਗਤ ਹਾਲ ਵੱਲੋਂ ਸਨਮਾਨ

 ਜਲੰਧਰ, 7 ਜਨਵਰੀ - ਸਾਹਿਤਕ ਖੇਤਰ ਦੀ ਮਕਬੂਲ ਪੱਤ੍ਰਿਕਾ ਪ੍ਰਤੀਮਾਨ ਦੇ ਸੰਪਾਦਕ, ਪੰਜਾਬੀ ਕਾਵਿ ਜਗਤ ਦੇ ਬੇਹੱਦ ਸੰਵੇਦਨਸ਼ੀਲ ਸ਼ਾਇਰ , ਨਿਰਵਾਣ ਦੀ ਤਲਾਸ਼ 'ਚ, ਦਵੰਦ ਕਥਾ , ਯਕੀਨ, ਸ਼ਬਦ ਰਹਿਣਗੇ ਕੋਲ਼, ਸਿਮਰਤੀਆਂ ਦੀ ਲਾਲਟੈਨ ਅਤੇ ਪਿਆਸ ਉਪਰੰਤ ਅੱਜ ਕੱਲ੍ਹ ਜਿਨ੍ਹਾਂ ਦੀ ਨਵੀਂ ਕਾਵਿ- ਪੁਸਤਕ 'ਇਸ ਧਰਤੀ ਤੇ ਰਹਿੰਦਿਆਂ' ਚਰਚਾ ਵਿੱਚ ਹੈ ਉਹ ਅਤੇ ਦੇਸ਼ ਭਗਤ ਯਾਦਗਾਰ ਹਾਲ ਪਰਿਵਾਰ ਨਾਲ਼ ਦਹਾਕਿਆਂ ਤੋਂ ਜੁੜੇ ਮਿੱਟੀ ਨਾਲ਼ ਜੁੜੇ, ਤਾਸਮਾਨ ਦੇ ਸੰਪਾਦਕ ਜਿਨ੍ਹਾਂ ਦੀ ਗ਼ਦਰੀ ਬਾਬਿਆਂ ਦੇ ਮੇਲੇ ਤੇ ਲੋਕ ਅਰਪਣ ਹੋਈ ਬਹੁ ਚਰਚਿਤ ਕਾਵਿ ਪੁਸਤਕ ,'ਕਵਿਤਾ ਕੀ ਤੇਰੀ ਕੀ ਮੇਰੀ ਦੇ' ਜਾਣੇ ਪਹਿਚਾਣੇ ਕਵੀ ਸੱਤਪਾਲ ਭੀਖੀ ਅਤੇ ਵਾਰਤਾਕਾਰ ਚਿੱਟਾ ਸਿੱਧੂ ਦਾ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਨਮਾਨ ਕੀਤਾ ਗਿਆ।
ਇਸ ਮੌਕੇ ਅਮਰਜੀਤ ਕੌਕੇ ਨੇ ਆਪਣੀ ਨਵ ਸਿਰਜੀ ਕਵਿਤਾ ਵੀ ਸਾਂਝੀ ਕੀਤੀ।
ਇਸ ਮਿਲਣੀ ਦੇ ਸਬੱਬ ਨਾਲ਼ ਸਾਹਿਤ , ਕਲਾ, ਸਮਾਜ, ਪ੍ਰਵਾਸ ਸੋਸ਼ਲ ਮੀਡੀਆ ਅਤੇ ਸਥਾਪਤੀ ਦੀਆਂ ਨਵੀਆਂ ਜਾਦੂਗਰੀਆਂ ਦੇ ਦੌਰ ਵਿੱਚ ਵੀ ਲੋਕ ਸਰੋਕਾਰਾਂ ਦੀ ਧੜਕਣ ਨਾਲ਼ ਜੁੜੇ ਸਾਹਿਤ ਦੀ ਮਾਣਮੱਤੀ ਭੂਮਿਕਾ ਬਾਰੇ ਵੀ ਵਿਚਾਰਾਂ ਹੋਈਆਂ।
ਇਹਨਾਂ ਤਿੰਨਾਂ ਕਲਮਕਾਰਾਂ ਨੇ ਦੇਸ਼ ਭਗਤ ਯਾਦਗਾਰ ਹਾਲ ਵੱਲੋਂ ਇਤਿਹਾਸ,ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਇੱਕ ਦੇਸ਼ ਭਗਤ ਮਰਕਜ਼ ਵਜੋਂ ਅਤੇ ਸਾਹਿਤਕਾਰਾਂ ਦੀ ਮਿਲਣੀ ਦੇ ਆਪਣੇ ਸਾਂਝੇ ਵਿਹੜੇ ਵਜੋਂ ਨਿਭਾਈ ਜਾ ਰਹੀ ਗੌਰਵਸ਼ਾਲੀ ਭੂਮਿਕਾ ਉਪਰ ਨਾਜ਼ ਦਾ ਇਜ਼ਹਾਰ ਕੀਤਾ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ,ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਸੀਨੀਅਰ ਟ੍ਰਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਅਮਰਜੀਤ ਕਉਕੇ, ਸੱਤਪਾਲ ਭੀਖੀ ਅਤੇ ਵਾਰਤਾਕਾਰ ਚਿੱਟਾ ਸਿੱਧੂ ਦਾ ਪੁਸਤਕਾਂ ਦੇ ਸੈੱਟ ਭੇਂਟ ਕਰਕੇ ਸਨਮਾਨ ਕੀਤਾ ਅਤੇ ਦੇਸ਼ ਭਗਤ ਯਾਦਗਾਰ ਹਾਲ ਨਾਲ਼ ਸਦਾ ਜੁੜਕੇ ਰਹਿਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਸਾਡੀਆਂ ਸੇਵਾਵਾਂ ਦੇਸ਼ ਭਗਤ ਯਾਦਗਾਰ ਹਾਲ ਵਿਹੜੇ ਸਿਹਤਮੰਦ,ਅਮੀਰ, ਲੋਕ ਪੱਖੀ ਸਾਹਿਤ ਦੇ ਫੁੱਲ ਖਿੜਦੇ ਰਹਿਣ ਲਈ ਆਪਣੀਆਂ ਸੇਵਾਵਾਂ ਭੇਂਟ ਕਰਦੇ ਰਹਿਣ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ।