ਅਮਰੀਕਾ ਦੀ ਦੂਜੇ ਦੇਸ਼ਾਂ ਵਿਚ ਦਖਲਅੰਦਾਜ਼ੀ: ਇਤਿਹਾਸ, ਨਤੀਜੇ ਅਤੇ ਭਵਿੱਖ ਦੇ ਖਤਰੇ

ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ ਹੈ, ਪਰ ਇਸ ਦਾ ਇਤਿਹਾਸ ਦੂਸਰੇ ਦੇਸ਼ਾਂ ਵਿੱਚ ਦਖਲਅੰਦਾਜ਼ੀ ਨਾਲ ਭਰਿਆ ਪਿਆ ਹੈ| ਪਿਛਲੇ 120 ਸਾਲਾਂ ਵਿੱਚ ਅਮਰੀਕਾ ਨੇ ਲਗਭਗ 35 ਦੇਸ਼ਾਂ ਵਿੱਚ ਤਖਤਾਪਲਟ ਜਾਂ ਸੱਤਾ ਬਦਲਣ ਵਾਲੇ ਕੰਮ ਕੀਤੇ ਹਨ| ਇਹ ਨਾ ਸਿਰਫ਼ ਫੌਜੀ ਹਮਲੇ ਹਨ, ਸਗੋਂ ਰਾਜਨੀਤਕ ਦਬਾਅ, ਖੁਫ਼ੀਆ ਏਜੰਸੀਆਂ ਵੱਲੋਂ ਖੇਡ ਅਤੇ ਆਰਥਿਕ ਪਾਬੰਦੀਆਂ ਵੀ ਸ਼ਾਮਲ ਹਨ| ਅਜਿਹੇ ਕੰਮਾਂ ਨੂੰ ਅਮਰੀਕਾ ਅਕਸਰ ਲੋਕਤੰਤਰ, ਮਨੁੱਖੀ ਅਧਿਕਾਰਾਂ ਜਾਂ ਸੁਰੱਖਿਆ ਦੇ ਨਾਂ ਹੇਠ ਜਾਇਜ਼ ਠਹਿਰਾਉਂਦਾ ਹੈ, ਪਰ ਨਤੀਜੇ ਅਕਸਰ ਅਸਥਿਰਤਾ, ਗ੍ਰਹਿ ਯੁੱਧ ਅਤੇ ਲੰਮੀ ਅਰਾਜਕਤਾ ਵੱਲ ਲੈ ਜਾਂਦੇ ਹਨ| 
ਇਤਿਹਾਸ ਵਿੱਚ ਅਮਰੀਕਾ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੀ ਮਰਜ਼ੀ ਨਾਲ ਸੱਤਾ ਬਦਲੀ ਹੈ| ਉਦਾਹਰਨ ਵਜੋਂ, 1898 ਵਿੱਚ ਕਿਊਬਾ ਵਿੱਚ ਅਮਰੀਕਾ ਨੇ ਸਪੇਨ ਨੂੰ ਹਰਾ ਕੇ ਨਿਯੰਤਰਣ ਲਿਆ ਅਤੇ ਫਿਰ ਆਪਣੇ ਅਨੁਕੂਲ ਸਰਕਾਰ ਬਣਾਈ| 1903 ਵਿੱਚ ਪਨਾਮਾ ਵਿੱਚ ਅਮਰੀਕਾ ਨੇ ਕੈਨਾਲ ਬਣਾਉਣ ਲਈ ਦਖਲਅੰਦਾਜੀ ਕੀਤੀ ਅਤੇ ਫਿਰ 1989 ਵਿੱਚ ਵੀ ਇੱਥੇ ਫੌਜ ਭੇਜ ਕੇ ਸਤਾਧਾਰੀ ਨੂੰ ਹਟਾਇਆ| ਗੁਆਟੇਮਾਲਾ ਵਿੱਚ 1954 ਵਿੱਚ ਅਮਰੀਕਾ ਨੇ ਸੀਆਈਏ ਦੀ ਮੱਦਦ ਨਾਲ ਰਾਸ਼ਟਰਪਤੀ ਨੂੰ ਹਟਾਇਆ ਕਿਉਂਕਿ ਉਹ ਅਮਰੀਕੀ ਕੰਪਨੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ| ਇਸ ਤੋਂ ਬਾਅਦ ਗੁਆਟੇਮਾਲਾ ਵਿੱਚ ਦਹਾਕਿਆਂ ਤੱਕ ਹਿੰਸਾ ਅਤੇ ਗ੍ਰਹਿ ਯੁੱਧ ਚੱਲਿਆ, ਜਿਸ ਵਿੱਚ ਲੱਖਾਂ ਲੋਕ ਮਾਰੇ ਗਏ| ਬ੍ਰਾਜ਼ੀਲ ਵਿੱਚ 1964 ਵਿੱਚ ਅਮਰੀਕਾ ਨੇ ਤਖਤਾਪਲਟ ਵਿੱਚ ਮੱਦਦ ਕੀਤੀ ਅਤੇ ਚਿਲੀ ਵਿੱਚ 1973 ਵਿੱਚ ਅਲੈਂਡੇ ਨੂੰ ਹਟਾ ਕੇ ਪਿਨੋਸ਼ੇ ਨੂੰ ਸੱਤਾ ਵਿੱਚ ਲਿਆਂਦਾ, ਜਿਸ ਨੇ ਹਜ਼ਾਰਾਂ ਲੋਕਾਂ ਨੂੰ ਮਾਰਿਆ|
ਏਸ਼ੀਆ ਵਿੱਚ ਵੀ ਅਮਰੀਕਾ ਨੇ ਬਹੁਤ ਕੁਝ ਕੀਤਾ ਹੈ| ਈਰਾਨ ਵਿੱਚ 1953 ਵਿੱਚ ਮੋਸੱਦੇਕ ਨੂੰ ਹਟਾਇਆ ਗਿਆ ਕਿਉਂਕਿ ਉਹ ਤੇਲ ਨੂੰ ਰਾਸ਼ਟਰੀਕਰਨ ਕਰ ਰਿਹਾ ਸੀ| ਇਸ ਨਾਲ ਈਰਾਨ ਵਿੱਚ ਅਸਥਿਰਤਾ ਵਧੀ ਅਤੇ ਬਾਅਦ ਵਿੱਚ ਇਸਲਾਮੀ ਕ੍ਰਾਂਤੀ ਹੋਈ| ਇਰਾਕ ਵਿੱਚ 2003 ਵਿੱਚ ਅਮਰੀਕਾ ਨੇ ਸੱਦਾਮ ਹੁਸੈਨ ਨੂੰ ਹਟਾਇਆ ਅਤੇ ਲੋਕਤੰਤਰ ਲਿਆਉਣ ਦਾ ਵਾਅਦਾ ਕੀਤਾ, ਪਰ ਨਤੀਜਾ ਗ੍ਰਹਿ ਯੁੱਧ, ਆਈਐੱਸਆਈਐੱਸ ਵਰਗੇ ਅੱਤਵਾਦੀ ਗਰੁੱਪ ਅਤੇ ਲੱਖਾਂ ਮੌਤਾਂ ਹੋਈਆਂ| ਅਫਗਾਨਿਸਤਾਨ ਵਿੱਚ 2001 ਵਿੱਚ ਤਾਲਿਬਾਨ ਨੂੰ ਹਟਾਇਆ ਗਿਆ, ਪਰ 20 ਸਾਲ ਬਾਅਦ 2021 ਵਿੱਚ ਤਾਲਿਬਾਨ ਵਾਪਸ ਆ ਗਏ ਅਤੇ ਅਮਰੀਕਾ ਨੂੰ ਭੱਜਣਾ ਪਿਆ| ਪਾਕਿਸਤਾਨ ਵਿੱਚ 2022 ਵਿੱਚ ਇਮਰਾਨ ਖਾਨ ਦੀ ਸਰਕਾਰ ਡਿੱਗੀ ਅਤੇ ਉਨ੍ਹਾਂ ਨੇ ਅਮਰੀਕਾ ਉੱਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਰੂਸ ਨਾਲ ਨੇੜਤਾ ਕਾਰਨ ਅਜਿਹਾ ਹੋਇਆ| ਬੰਗਲਾਦੇਸ਼ ਵਿੱਚ 2024 ਵਿੱਚ ਸ਼ੇਖ ਹਸੀਨਾ ਦੀ ਸਰਕਾਰ ਵਿਰੋਧ ਪ੍ਰਦਰਸ਼ਨਾਂ ਨਾਲ ਡਿੱਗੀ ਅਤੇ ਆਲੋਚਕ ਕਹਿੰਦੇ ਹਨ ਕਿ ਅਮਰੀਕਾ ਨੇ ਮਨੁੱਖੀ ਅਧਿਕਾਰਾਂ ਦੇ ਨਾਂ ਹੇਠ ਦਬਾਅ ਬਣਾਇਆ| ਲੀਬੀਆ ਵਿੱਚ 2011 ਵਿੱਚ ਗੱਦਾਫੀ ਨੂੰ ਹਟਾਇਆ ਗਿਆ ਅਤੇ ਨਤੀਜਾ ਅਰਾਜਕਤਾ ਅਤੇ ਗ੍ਰਹਿ ਯੁੱਧ ਹੈ| ਵੀਅਤਨਾਮ, ਕੰਬੋਡੀਆ, ਇੰਡੋਨੇਸ਼ੀਆ ਅਤੇ ਥਾਈਲੈਂਡ ਵਿੱਚ ਵੀ ਅਮਰੀਕਾ ਨੇ ਦਖਲਅੰਦਾਜ਼ੀ ਕੀਤੀ, ਜਿਨ੍ਹਾਂ ਨਾਲ ਲੱਖਾਂ ਲੋਕ ਮਾਰੇ ਗਏ ਅਤੇ ਅਸਥਿਰਤਾ ਵਧੀ|
ਇਸ ਦਖਲਅੰਦਾਜੀ ਦੇ ਨਤੀਜੇ ਬਹੁਤ ਬੁਰੇ ਨਿਕਲੇ ਹਨ| ਅਮਰੀਕਾ ਨੇ  ਜਿੱਤਾਂ ਜ਼ਰੂਰ ਹਾਸਲ ਕੀਤੀਆਂ, ਪਰ ਬਾਅਦ ਵਿੱਚ ਅਸਥਿਰਤਾ ਅਤੇ ਅੱਤਵਾਦ ਵਧਿਆ|  ਅਮਰੀਕਾ ਨੂੰ  ਇਸ ਕਾਰਣ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ | ਇਹ ਨਤੀਜੇ ਦੱਸਦੇ ਹਨ ਕਿ ਅਮਰੀਕਾ ਨੂੰ ਇਤਿਹਾਸ ਤੋਂ ਸਬਕ ਨਹੀਂ ਸਿੱਖਿਆ ਅਤੇ ਉਹ ਉਹੀ ਗਲਤੀਆਂ ਦੁਹਰਾਉਂਦਾ ਰਹਿੰਦਾ ਹੈ| ਹੁਣ ਗੱਲ ਕਰੀਏ ਕਿ ਕੀ ਅਮਰੀਕਾ ਦੇ ਸੱਤਾਧਾਰੀਆਂ ਉੱਤੇ ਹਮਲੇ ਹੋ ਸਕਦੇ ਹਨ| ਹਾਲ ਹੀ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈੱਨਸ ਦੇ ਘਰ ਉੱਤੇ ਹਮਲਾ ਹੋਇਆ ਹੈ| ਇਹ ਘਟਨਾ ਦੱਸਦੀ ਹੈ ਕਿ ਅਮਰੀਕੀ ਲੀਡਰ ਵੀ ਸੁਰੱਖਿਆ ਵਿੱਚ ਕਮਜ਼ੋਰ ਹਨ|  ਜਾਂਚ ਚੱਲ ਰਹੀ ਹੈ| ਅਮਰੀਕਾ ਦੇ ਦੂਜੇ ਦੇਸ਼ਾਂ ਵਿਚ ਦਖਲਅੰਦਾਜ਼ੀ ਕਾਰਨ ਦੁਨੀਆਂ ਵਿੱਚ ਉਸ ਵਿਰੋਧ ਵਧ ਰਿਹਾ ਹੈ, ਜਿਸ ਨਾਲ ਅੱਤਵਾਦੀ ਜਾਂ ਵਿਰੋਧੀ ਗਰੁੱਪ ਅਮਰੀਕੀ ਲੀਡਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ| ਇਤਿਹਾਸ ਵਿੱਚ ਵੀ ਅਜਿਹੇ ਹਮਲੇ ਹੋਏ ਹਨ, ਜਿਵੇਂ ਕਿ ਕੈਨੇਡੀ ਦੀ ਹੱਤਿਆ| ਅੱਜ ਦੇ ਸਮੇਂ ਵਿੱਚ  ਅਮਰੀਕਾ ਵਿਚ ਅੱਤਵਾਦ ਦਾ ਖਤਰਾ ਵਧ ਗਿਆ ਹੈ, ਇਸ ਲਈ, ਅਮਰੀਕੀ ਸੱਤਾਧਾਰੀਆਂ ਉੱਤੇ ਹਮਲੇ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਵਧੇਰੇ ਸੁਰੱਖਿਆ ਦੀ ਲੋੜ ਹੈ|
ਟਰੰਪ ਨੇ ਭਾਰਤ ਨੂੰ 50 ਫੀਸਦੀ ਟੈਰਿਫ ਲਗਾਇਆ ਅਤੇ ਇਸ ਨੂੰ ਰੂਸ ਦੇ ਤੇਲ ਵਪਾਰ ਨਾਲ ਤੇ ਨੇੜਤਾ ਨਾਲ ਜੋੜਿਆ| ਇਹ ਰਾਜਨੀਤਕ ਦਬਾਅ ਹੈ ਅਤੇ ਅਮਰੀਕਾ ਭਾਰਤ ਨੂੰ ਆਪਣੀ ਨੀਤੀ ਵੱਲ ਝੁਕਾਉਣਾ ਚਾਹੁੰਦਾ ਹੈ| ਪਰ ਭਾਰਤ ਆਪਣੇ ਪੁਰਾਣੇ ਸੰਬੰਧਾਂ ਨੂੰ ਰੂਸ ਅਤੇ ਚੀਨ ਨਾਲ ਨਹੀਂ ਤੋੜ ਸਕਦਾ| ਜੇ ਅਮਰੀਕਾ ਨੇ ਵਧੇਰੇ ਦਬਾਅ ਬਣਾਇਆ ਤਾਂ ਭਾਰਤ ਵਿੱਚ ਰਾਜਨੀਤਕ ਅਸਥਿਰਤਾ ਆ ਸਕਦੀ ਹੈ, ਪਰ ਭਾਰਤ ਦੀ ਮਜ਼ਬੂਤ ਫੌਜ ਅਤੇ ਆਰਥਿਕਤਾ ਕਾਰਨ ਸਿੱਧੀ ਦਖਲਅੰਦਾਜ਼ੀ ਮੁਸ਼ਕਲ ਹੈ| ਫਿਰ ਵੀ, ਭਾਰਤ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਆਪਣੀ ਵਿਦੇਸ਼ ਨੀਤੀ ਨੂੰ ਸੰਤੁਲਿਤ ਰੱਖਣੀ ਚਾਹੀਦੀ ਹੈ|
 ਚੀਨ ਅਮਰੀਕਾ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਅਮਰੀਕਾ ਚੀਨ ਨੂੰ ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿੱਚ ਰੋਕਣਾ ਚਾਹੁੰਦਾ ਹੈ| ਅਮਰੀਕਾ ਨੇ ਦੂਜੇ ਵਿਸ਼ਵ ਯੁੱਧ ਵਾਲੇ ਏਅਰਬੇਸ ਨੂੰ ਵਾਪਸ ਚਾਲੂ ਕੀਤੇ ਹਨ, ਜਿਵੇਂ ਕਿ ਟਿਨੀਅਨ ਆਈਲੈਂਡ ਉੱਤੇ ਨੌਰਥ ਫੀਲਡ| ਇਹ ਚੀਨ ਨਾਲ ਟਕਰਾਅ ਦੀ ਤਿਆਰੀ ਹੈ, ਖਾਸ ਕਰ ਤਾਈਵਾਨ ਨੂੰ ਲੈ ਕੇ| ਅਮਰੀਕਾ ਨੇ ਐਗਾਈਲ ਕੰਬੈਟ ਇੰਪਲਾਇਮੈਂਟ (ਏਸੀਈ) ਨੀਤੀ ਅਪਣਾਈ ਹੈ, ਜਿਸ ਵਿੱਚ ਬਹੁਤ ਸਾਰੇ ਛੋਟੇ ਬੇਸ ਬਣਾ ਕੇ ਚੀਨ ਦੀਆਂ ਮਿਜ਼ਾਈਲਾਂ ਨੂੰ ਨਿਸ਼ਾਨਾ ਬਣਾਉਣਾ ਮੁਸ਼ਕਲ ਕੀਤਾ ਜਾ ਰਿਹਾ ਹੈ| ਚੀਨ ਕੋਲ ਵੱਡੀ ਫੌਜ ਅਤੇ ਮਿਜ਼ਾਈਲਾਂ ਹਨ, ਜੋ ਅਮਰੀਕੀ ਬੇਸਾਂ ਨੂੰ ਖਤਰੇ ਵਿੱਚ ਪਾ ਸਕਦੀਆਂ ਹਨ| 2027 ਤੱਕ ਤਾਈਵਾਨ ਉੱਤੇ ਹਮਲੇ ਦੀ ਸੰਭਾਵਨਾ ਹੈ ਅਤੇ ਅਮਰੀਕਾ ਇਸ ਲਈ ਤਿਆਰੀ ਕਰ ਰਿਹਾ ਹੈ| ਪਰ ਯੁੱਧ ਹੋਣ ਨਾਲ ਦੁਨੀਆਂ ਨੂੰ ਵੱਡਾ ਨੁਕਸਾਨ ਹੋਵੇਗਾ, ਇਸ ਲਈ ਗੱਲਬਾਤ ਨਾਲ ਹੱਲ ਕੱਢਣਾ ਬਿਹਤਰ ਹੈ| ਅਮਰੀਕਾ ਨੂੰ ਆਪਣੀਆਂ ਦਖਲਅੰਦਾਜ਼ੀ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਦੁਨੀਆਂ ਨੂੰ ਸਾਂਝੇ ਵਿਕਾਸ ਵੱਲ ਲੈ ਜਾਣਾ ਚਾਹੀਦਾ ਹੈ| ਨਹੀਂ ਤਾਂ ਇਤਿਹਾਸ ਉਹੀ ਕਹਾਣੀ ਦੁਹਰਾਏਗਾ ਅਤੇ ਅਸਥਿਰਤਾ ਵਧੇਗੀ| 
-ਰਜਿੰਦਰ ਸਿੰਘ ਪੁਰੇਵਾਲ