ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਆਤਮ ਪੜਚੋਲ!

26 ਦਸੰਬਰ-ਇਹ ਸਿਰਫ਼ ਇੱਕ ਤਾਰੀਖ਼ ਨਹੀਂ, ਇਹ ਸਿੱਖ ਸਮਾਜ ਲਈ ਆਪਣੀ ਅਕਲ ਅਤੇ ਅਕਾਲਪੁਰਖੀ ਸੋਚ ਦੀ ਪਰਖ ਦਾ ਦਿਨ ਹੈ| ਸਰਹਿੰਦ ਦੇ ਠੰਢੇ ਬੁਰਜਾਂ ਵਿੱਚ ਦੋ ਨੰਨ੍ਹੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਅੱਜ ਵੀ ਸਵਾਲ ਕਰਦੀ ਹੈ-ਕੀ ਅਸੀਂ ਆਪਣੇ ਵਿਰਸੇ ਨਾਲ ਇਨਸਾਫ਼ ਕੀਤਾ ਹੈ? ਕੁੱਝ ਸਾਲ ਪਹਿਲਾਂ ਇਸ ਇਤਿਹਾਸ ਨਾਲ ਸੰਬੰਧਿਤ ਇਕ ਕਵਿਤਾ ਲਿਖੀ ਸੀ|  ਮੇਰੀ ਕਵਿਤਾ ਜ਼ੁੰਮੇਵਾਰ ਮੈਂ ਹਾਂ!! ਇਸੀ ਸਵਾਲ ਦਾ ਖੁੱਲ੍ਹਾ ਇਤਰਾਫ਼ ਹੈ| ਦੋਸ਼ ਕਿਸੇ ਹੋਰ ਉੱਤੇ ਨਹੀਂ, ਸਿੱਧਾ ਆਪਣੇ ਉੱਤੇ ਆਉਂਦਾ ਹੈ, ਅਸੀਂ ਜੋ ਸਿੱਖ ਅਖਵਾਉਂਦੇ ਹਾਂ| ਕਵਿਤਾ ਦੇ ਸ਼ਬਦ ਸਨ :-
ਬੱਚੇ ਕ੍ਰਿਸਮਿਸ ਟਰੀ ਤੇ 
ਗਿਫ਼ਟ ਚਿਣ ਰਹੇ ਸਨ,
ਦੀਵਾਰਾਂ ਚ ਚਿਣੇ ਬਾਲ 
ਉਹਨਾਂ ਨੂੰ ਯਾਦ ਨਹੀਂ ਸਨ
ਮੇਰੀ ਕਲਮ ਦੀਆਂ ਇਹ ਪੰਕਤੀਆਂ ਕਿਸੇ ਤਿਉਹਾਰ ਦੇ ਵਿਰੋਧ ਵਿੱਚ ਨਹੀਂ ਹਨ, ਗੱਲ ਤਰਜੀਹਾਂ ਦੀ ਹੈ| ਜਦੋਂ ਬੱਚੇ ਤੋਹਫ਼ੇ ਚੁਣ ਰਹੇ ਹਨ, ਅਸੀਂ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਇਤਿਹਾਸ ਵਿੱਚ ਕੁਝ ਬੱਚੇ ਇਨਸਾਫ਼ ਲਈ ਦੀਵਾਰਾਂ ਵਿੱਚ ਚੁਣੇ ਗਏ ਸਨ| ਗਲਤੀ ਬੱਚਿਆਂ ਦੀ ਨਹੀਂ-ਚੁੱਪ ਸਾਡੀ ਹੈ|
ਘਰ ਸੱਦੇ ਹੋਏ ਮਹਿਮਾਨਾਂ ਨੂੰ
ਚਾਹ ਪਾਣੀ ਪਿਆ ਰਹੇ ਸਨ,
ਠੰਡੇ ਬੁਰਜ ਵਿਚ ਭੁਖੇ
ਸਾਹਿਬਜ਼ਾਦੇ ਕਿਸੇ ਨੂੰ ਯਾਦ ਨਹੀਂ ਸਨ
ਅਸੀਂ ਰਸਮਾਂ ਨਿਭਾਈਆਂ, ਪਰ ਯਾਦ ਨਹੀਂ| ਮਹਿਮਾਨਨਵਾਜ਼ੀ ਸਾਡੀ ਤਾਕਤ ਹੈ, ਪਰ ਇਤਿਹਾਸਕ ਯਾਦਦਾਸ਼ਤ ਸਾਡੀ ਕਮਜ਼ੋਰੀ ਬਣ ਗਈ| ਠੰਢੇ ਬੁਰਜਾਂ ਵਿੱਚ ਭੁੱਖੇ ਸਾਹਿਬਜ਼ਾਦਿਆਂ ਦੀ ਗਾਥਾ ਘਰਾਂ ਦੀ ਗੱਲਬਾਤ ਤੋਂ ਗਾਇਬ ਰਹੀ|
ਗਿਫ਼ਟ ਲਿਆਉਣ ਵਾਲੀ 
ਦਾਦੀ ਨੂੰ ਲਵ ਯੂ ਕਹਿ ਰਹੇ ਸਨ,
ਠੰਡੇ ਬੁਰਜਾਂ ਵਾਲੀ ਦਾਦੀ 
ਗੁਜਰੀ ਕਿਸੇ ਨੂੰ ਯਾਦ ਨਹੀਂ ਸੀ,
ਪਿਆਰ ਦੇ ਸ਼ਬਦ ਸਿੱਖਾ ਦਿੱਤੇ ਗਏ, ਪਰ ਕੁਰਬਾਨੀ ਦੀ ਕਹਾਣੀ ਨਹੀਂ| ਮਾਤਾ ਗੁਜਰੀ ਜੀ-ਜਿਨ੍ਹਾਂ ਨੇ ਅਕਥ ਠੰਢ ਅਤੇ ਦਰਦ ਵਿੱਚ ਵੀ ਧਰਮ ਨਹੀਂ ਛੱਡਿਆ-ਸਾਡੀ ਸਮੂਹਕ ਯਾਦ ਤੋਂ ਨਿਕਲ ਗਈਆਂ ਹਨ |
ਕੇਕ ਕੱਟਣ ਦੀ ਕਾਹਲੀ ਸੀ,
ਪਰ ਚਮਕੌਰ ਵਿਚ ਸੀਸ ਕਟਾਉਣ 
ਵਾਲਿਆਂ ਦਾ ਜਿਕਰ ਨਹੀਂ ਸੀ,
ਸਮੱਸਿਆ ਕੇਕ ਨਹੀਂ, ਸਮੱਸਿਆ ਤਰਜੀਹ ਹੈ| ਚਮਕੌਰ ਦੀ ਧਰਤੀ &rsquoਤੇ ਸੀਸ ਕਟਾਉਣ ਵਾਲੇ ਗੁਰੂਪੁੱਤਰ ਸਾਡੀ ਆਜ਼ਾਦ ਸੋਚ ਦੀ ਨੀਵ ਹਨ, ਪਰ ਅਸੀਂ ਉਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਨਹੀਂ ਸਮਝਿਆ|
ਸੈਂਟੇ ਵਾਲੀ ਲਾਲ ਟੋਪੀ ਸਿਰ ਤੇ 
ਲੈ ਘੁੰਮਣ ਵਾਲਿਆਂ ਨੂੰ
ਕੇਸ ਤੇ ਦਸਤਾਰ ਤੋਂ ਐਲਰਜੀ 
ਮਹਿਸੂਸ ਹੁੰਦੀ ਸੀ,
ਇਹ ਕੜਵਾ ਸੱਚ ਹੈ| ਦੂਜੀ ਸੰਸਕ੍ਰਿਤੀ ਦੇ ਚਿੰਨ੍ਹ ਅਸਾਨੀ ਨਾਲ ਅਪਣਾਏ ਜਾਂਦੇ ਹਨ, ਪਰ ਆਪਣੀ ਪਛਾਣ ਨਾਲ ਅਸਹਿਜਤਾ ਮਹਿਸੂਸ ਹੁੰਦੀ ਹੈ| ਦਸਤਾਰ ਸਿਰਫ਼ ਪਹਿਰਾਵਾ ਨਹੀਂ-ਇਹ ਜ਼ਿੰਮੇਵਾਰੀ ਹੈ, ਜੋ ਅਸੀਂ ਨਿਭਾਉਣ ਤੋਂ ਕਤਰਾ ਰਹੇ ਹਾਂ |
ਨਰਮ ਗੱਦਿਆਂ ਤੇ 
ਸੌਣ ਵਾਲਿਆਂ ਨੂੰ ਮਾਛੀਵਾੜੇ ਦੇ
ਜੰਗਲਾਂ ਚ ਕੰਡਿਆਂ ਦੀ ਸੇਜ ਤੇ 
ਸੁੱਤਾ ਬਾਪੂ ਚੇਤੇ ਨਹੀਂ ਸੀ,
ਮਾਛੀਵਾੜੇ ਦਾ ਜੰਗਲ ਗੁਰੂ ਪਿਤਾ ਦੀ ਤਿਆਗਮਈ ਅਗਵਾਈ ਦੀ ਪਰਿਭਾਸ਼ਾ ਹੈ| ਆਰਾਮ ਦੀ ਜ਼ਿੰਦਗੀ ਵਿੱਚ ਅਸੀਂ ਉਸ ਤਿਆਗ ਨੂੰ ਯਾਦ ਰੱਖਣ ਦੀ ਲੋੜ ਮਹਿਸੂਸ ਨਹੀਂ ਕੀਤੀ|
ਘਰ ਚ ਡੀ ਜੇ ਖੜਕਾਉਣ ਵਾਲਿਆਂ ਨੂੰ
ਇੱਟ ਨਾਲ ਇੱਟ ਖੜਕਾਉਣ ਵਾਲਾ 
ਬੰਦਾ ਸਿੰਘ ਬਹਾਦਰ ਵਿਸਰਿਆ ਪਿਆ ਸੀ
ਸ਼ੋਰ ਵਿੱਚ ਇਨਕਲਾਬ ਦੀ ਆਵਾਜ਼ ਦਬ ਗਈ| ਬਾਬਾ ਬੰਦਾ ਸਿੰਘ ਬਹਾਦਰ ਸਾਨੂੰ ਨਿਆਂ ਅਤੇ ਹਿੰਮਤ ਦੀ ਰਾਜਨੀਤੀ ਸਿਖਾਉਂਦੇ ਹਨ, ਪਰ ਅਸੀਂ ਉਸ ਇਤਿਹਾਸ ਨੂੰ ਸੰਗੀਤ ਦੇ ਸ਼ੋਰ ਵਿੱਚ ਗੁਆ ਦਿੱਤਾ|
ਬੀਬੀਆਂ ਕ੍ਰਿਸਮਸ
ਪਾਰਟੀ ਲਈ ਸਜੀਆਂ ਸਨ
ਲਾਹੌਰ ਬਚਿਆ ਦੀਆਂ ਲਾਸ਼ਾਂ
ਤੇ ਸਵਾ ਸਵਾ ਮਣ ਪੀਸਣੇ
ਦੀ ਗਾਥਾ ਕਿਸ ਦੇ ਯਾਦ ਸੀ!!
ਸਿੱਖ ਮਾਵਾਂ ਦੀ ਕੁਰਬਾਨੀ-ਚੱਕੀਆਂ ਵਿੱਚ ਪੀਸੀਆਂ ਗਈਆਂ ਮਾਵਾਂ, ਲਾਹੌਰ ਦੀਆਂ ਲਾਸ਼ਾਂ ਕੀ ਸਾਡੀ ਸਾਂਝੀ ਯਾਦ ਦਾ ਹਿੱਸਾ ਨਹੀਂ ਹੋਣੀ ਚਾਹੀਦੀ ਸੀ| ਪਰ ਅਸੀਂ ਉਸ ਦਰਦ ਨੂੰ ਹਾਸ਼ੀਏ &rsquoਤੇ ਧੱਕ ਦਿੱਤਾ|
ਕਵਿਤਾ ਦਾ ਸਭ ਤੋਂ ਵੱਡਾ ਸਵਾਲ ਹੈ-
ਪਰ ਉਹ ਤਾਂ ਬੱਚੇ ਸਨ, 
ਉਹਨਾਂ ਦਾ ਕਸੂਰ ਨਹੀਂ ਸੀ,
ਦਸਣਾ ਤਾਂ ਮੇਰਾ ਫਰਜ ਸੀ, 
ਫੇਰ ਕਸੂਰ ਮੇਰਾ ਹੀ ਸੀ|
ਇਹ ਲਾਈਨਾਂ ਸਾਰੀ ਜ਼ਿੰਮੇਵਾਰੀ ਦਾ ਭਾਰ ਸਾਡੇ ਉੱਤੇ ਰੱਖ ਦਿੰਦੀਆਂ ਹਨ| ਬੱਚਿਆਂ ਨੂੰ ਦੋਸ਼ ਦੇਣਾ ਸਭ ਤੋਂ ਆਸਾਨ ਹੈ, ਪਰ ਸੱਚ ਇਹ ਹੈ ਕਿ ਅਸੀਂ ਆਪਣਾ ਫਰਜ ਨਹੀਂ ਨਿਭਾਇਆ|
ਆਪਣਾ ਵਿਰਸਾ ਸਾਂਭ ਕੇ, 
ਸਾਨੂੰ ਰੱਖਣਾ ਨੀ ਆਇਆ,
ਅਸੀਂ ਕੌਣ ਹਾ ਬੱਚਿਆਂ ਨੂੰ, 
ਸਾਨੂੰ ਦਸਣਾ ਨਹੀਂ ਆਇਆ !!
ਇਹ ਸਾਡੀ ਸਮੂਹਕ 
ਨਾਕਾਮੀ ਦੀ ਕਹਾਣੀ ਹੈ|
26 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਸ਼ਟਰੀ ਪੱਧਰ &rsquoਤੇ ਯਾਦ ਕਰਨ ਦੀ ਪਹਿਲ ਸਾਨੂੰ ਆਪਣੇ ਅੰਦਰ ਝਾਕਣ ਦਾ ਮੌਕਾ ਦਿੰਦੀ ਹੈ, ਪਰ ਅਫ਼ਸੋਸ ਕਿ ਅਸੀਂ ਆਤਮਾ &rsquoਤੇ ਗੱਲ ਕਰਨ ਦੀ ਥਾਂ ਨਾਮਕਰਨ ਵਿੱਚ ਖਾਮੀਆਂ ਲੱਭਣ ਲੱਗ ਪਏ ਹਾਂ,ਜਿੱਥੇ ਇਕੱਠੇ ਹੋਣਾ ਸੀ, ਉੱਥੇ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਇਹ ਗੱਲ ਸਾਫ਼ ਹੈ ਕਿ ਜ਼ਿੰਮੇਵਾਰੀ ਸਾਡੀ ਆਪਣੀ ਹੈ| ਸਰਕਾਰਾਂ ਦਿਵਸ ਐਲਾਨ ਕਰ ਸਕਦੀਆਂ ਹਨ, ਪਰ ਵਿਰਸਾ ਸਮਾਜ ਨੇ ਆਪ ਸੰਭਾਲਣਾ ਹੁੰਦਾ ਹੈ| ਇਸ ਲਈ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਿੱਖ ਇਤਿਹਾਸ ਪ੍ਰਤੀ ਨਿੱਜੀ ਰੁਚੀ ਦਿਖਾ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਸ਼ ਤੇ ਦੁਨੀਆਂ ਦੀ ਸਮੂਹਕ ਯਾਦ ਨਾਲ ਜੋੜਨ ਦੀ ਉਪਰਾਲਾ ਕੀਤਾ ਹੈ, ਇਸ ਪਹਿਲ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ, ਸਤਿਕਾਰ ਤੇ ਸਹਿਯੋਗ ਨਾਲ ਅੱਗੇ ਵਧਾਉਣ ਦੀ ਲੋੜ ਹੈ| ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖ ਇਤਿਹਾਸ ਤੇ ਫ਼ਲਸਫ਼ੇ ਨੂੰ ਪ੍ਰਚਾਰਨ ਦਾ ਕੰਮ ਕੇਂਦਰ ਸਰਕਾਰ ਕਰ ਰਹੀ ਹੈ| ਸਿੱਖ ਕੌਮ ਇਹਸਾਨ ਭੁੱਲਣ ਵਾਲੀ ਨਹੀਂ, ਬਲਕਿ ਦੋਸਤ ਲਈ ਆਪਾ ਕੁਰਬਾਨ ਕਰਦੀ ਹੈ |
ਸਮਾਂ ਕਦੇ ਵੀ ਦੋਸ਼ ਦੇਣ ਦਾ
ਨਹੀਂ ਹੁੰਦਾ, ਲੋੜ
ਜ਼ਿੰਮੇਵਾਰੀ ਨੂੰ ਸਵੀਕਾਰ ਕਰਨ ਦੀ ਹੈ|
ਘਰਾਂ, ਸਕੂਲਾਂ, ਗੁਰਦੁਆਰਿਆਂ ਵਿੱਚ ਸਾਹਿਬਜ਼ਾਦਿਆਂ ਦੀ ਗਾਥਾ ਪੜ੍ਹਾਈ ਜਾਵੇ ਦੀ ਵਿਓਂਤਬੰਦੀ ਕਰਨ ਦਾ ਵਕਤ ਹੈ ਤਾਂ ਜੋ ਅਗਲੀ ਪੀੜ੍ਹੀ ਇਹ ਨਾ ਕਹੇ ਕਿ ਸਾਨੂੰ ਦੱਸਿਆ ਹੀ ਨਹੀਂ ਗਿਆ|
ਜੇ ਅੱਜ ਵੀ ਅਸੀਂ ਨਹੀਂ ਜਾਗੇ,
ਤਾਂ ਕੱਲ੍ਹ ਇਤਿਹਾਸ
ਸਾਨੂੰ ਮਾਫ਼ ਨਹੀਂ ਕਰੇਗਾ|
ਇਕਬਾਲ ਸਿੰਘ ਲਾਲਪੁਰਾ
ਸਾਬਕਾ ਚੇਅਰਮੈਨ
ਕੌਮੀ ਘੱਟ ਗਿਣਤੀਆਂ ਕਮਿਸ਼ਨ, ਭਾਰਤ ਸਰਕਾਰ