ਬਰਤਾਨੀਆ ਦੇ ਹਸਪਤਾਲਾਂ ਨੂੰ ਝੂਠੀਆਂ ਬੰਬ ਧਮਕੀਆਂ, ਦੇਂਣ ਵਾਲੇ ਨੌਜਵਾਨ ਨੂੰ ਹੋਈ ਜੇਲ

 ਲੈਸਟਰ (ਇੰਗਲੈਂਡ), 9 ਜਨਵਰੀ (ਸੁਖਜਿੰਦਰ ਸਿੰਘ ਢੱਡੇ)-

ਬਰਤਾਨੀਆ ਦੇ ਹਸਪਤਾਲਾਂ ਅਤੇ ਧਾਰਮਿਕ ਥਾਵਾਂ ਨੂੰ ਫ਼ੋਨ ਕਰਕੇ ਝੂਠੀਆਂ ਬੰਬ ਧਮਕੀਆਂ ਦੇਣ ਦੇ ਮਾਮਲੇ ਵਿੱਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਰਹਿੰਦੇ ਇਕ ਨੌਜਵਾਨ ਨੂੰ ਅਦਾਲਤ ਵੱਲੋਂ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਰਤਾਨੀਆ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਵਧ ਗਈ ਹੈ।
ਖ਼ਬਰਾਂ ਮੁਤਾਬਕ 22 ਸਾਲਾ ਡੇਵਿਡ ਹਾਰਟ ਨੇ ਲੰਡਨ ਦੇ ਕਈ ਵੱਡੇ ਹਸਪਤਾਲਾਂ ਅਤੇ ਇਤਿਹਾਸਕ ਧਾਰਮਿਕ ਥਾਂ ਵੈਸਟਮਿਨਸਟਰ ਐਬੀ ਨੂੰ ਫ਼ੋਨ ਕਰਕੇ ਬੰਬ ਰੱਖੇ ਹੋਣ ਦੀਆਂ ਝੂਠੀਆਂ ਧਮਕੀਆਂ ਦਿੱਤੀਆਂ। ਇਨ੍ਹਾਂ ਫ਼ੋਨਾਂ ਕਾਰਨ ਹਸਪਤਾਲ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ। ਮਰੀਜ਼ਾਂ, ਡਾਕਟਰਾਂ ਅਤੇ ਸਟਾਫ਼ ਨੂੰ ਕਈ ਵਾਰ ਇਮਾਰਤਾਂ ਤੋਂ ਬਾਹਰ ਕੱਢਣਾ ਪਿਆ ਅਤੇ ਐਮਰਜੈਂਸੀ ਸੇਵਾਵਾਂ ਨੂੰ ਬੇਵਜ੍ਹਾ ਦੌੜਧੂਪ ਕਰਨੀ ਪਈ।
ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਇਹ ਧਮਕੀਆਂ ਸੱਚੀਆਂ ਨਹੀਂ ਸਨ, ਪਰ ਇਨ੍ਹਾਂ ਨਾਲ ਸਰਕਾਰੀ ਅਦਾਰਿਆਂ ਦਾ ਕਾਫ਼ੀ ਸਮਾਂ ਅਤੇ ਪੈਸਾ ਬਰਬਾਦ ਹੋਇਆ। ਪੁਲਿਸ ਨੇ ਜਾਂਚ ਕਰਕੇ ਪਤਾ ਲਗਾਇਆ ਕਿ ਸਾਰੇ ਫ਼ੋਨ ਨਿਊਯਾਰਕ ਤੋਂ ਕੀਤੇ ਗਏ ਸਨ। ਜਾਂਚ ਮਗਰੋਂ ਅਮਰੀਕੀ ਅਧਿਕਾਰੀਆਂ ਨੇ ਡੇਵਿਡ ਹਾਰਟ ਨੂੰ ਗ੍ਰਿਫ਼ਤਾਰ ਕਰ ਲਿਆ।
ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਝੂਠੀਆਂ ਬੰਬ ਧਮਕੀਆਂ ਦੇ ਕੇ ਲੋਕਾਂ ਵਿੱਚ ਡਰ ਪੈਦਾ ਕਰਨਾ ਗੰਭੀਰ ਜੁਰਮ ਹੈ। ਜੱਜ ਨੇ ਕਿਹਾ ਕਿ ਅਜਿਹੇ ਕਿਰਦਾਰ ਨਾਲ ਨਾ ਸਿਰਫ਼ ਜਨਤਕ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ, ਸਗੋਂ ਐਮਰਜੈਂਸੀ ਸੇਵਾਵਾਂ &lsquoਤੇ ਵੀ ਬੇਹੱਦ ਦਬਾਅ ਪੈਂਦਾ ਹੈ। ਇਸ ਕਰਕੇ ਦੋਸ਼ੀ ਨੂੰ ਇਕ ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ।
ਬਰਤਾਨੀਆ ਦੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਭਾਵੇਂ ਧਮਕੀਆਂ ਝੂਠੀਆਂ ਸਨ, ਪਰ ਹਰ ਐਸੀ ਕਾਲ ਨੂੰ ਗੰਭੀਰਤਾ ਨਾਲ ਲੈਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਰਗੀਆਂ ਸੰਵੇਦਨਸ਼ੀਲ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਹੀ ਗ਼ਲਤ ਅਤੇ ਖ਼ਤਰਨਾਕ ਹੈ।
ਇਸ ਮਾਮਲੇ ਤੋਂ ਬਾਅਦ ਬਰਤਾਨੀਆ ਵਿੱਚ ਲੋਕਾਂ ਨੇ ਮੰਗ ਕੀਤੀ ਹੈ ਕਿ ਝੂਠੀਆਂ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਸਰਕਾਰ ਵੱਲੋਂ ਵੀ ਕਿਹਾ ਗਿਆ ਹੈ ਕਿ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਕੀਮਤ &lsquoਤੇ ਬਖ਼ਸ਼ਿਆ ਨਹੀਂ ਜਾਵੇਗਾ।