ਅਡਵਾਂਸ ਗਲੂਕੋਮਾ ਸਰਜਨ ਡਾ. ਸੰਦੀਪ ਸਿੰਘ ਦਿਉਲ ਯੂ. ਕੇ. ਵੱਲੋਂ ਅੱਖਾਂ ਅਪਰੇਸ਼ਨਾਂ ਦਾ ਸਮਾਨ ਅਤੇ ਆਧੁਨਿਕ ਮਸ਼ੀਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਭੇਟ

 ਬੰਗਾ 09 ਜਨਵਰੀ :- () ਯੂ. ਕੇ. ਦੇ ਅਡਵਾਂਸ ਗਲੂਕੋਮਾ ਸਰਜਨ ਅਤੇ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਸੰਦੀਪ ਸਿੰਘ ਦਿਉਲ ਐਫ.ਆਰ. ਸੀ. (ਔਪਥੈਲਮੋ), ਐਮ.ਐਸ. ਸੀ., ਪੀ. ਐਚ. ਡੀ. ਵੱਲੋਂ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅੱਖਾਂ ਦੇ ਵਿਭਾਗ ਵਿਭਾਗ ਨੂੰ 17 ਲੱਖ ਰੁਪਏ ਕੀਮਤ ਦਾ ਅੱਖਾਂ ਦੇ ਅਪਰੇਸ਼ਨਾਂ ਦਾ ਵਿਸ਼ੇਸ਼ ਸਮਾਨ ਅਤੇ ਆਧੁਨਿਕ ਮਸ਼ੀਨ ਭੇਟ ਕੀਤੀ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਡਾ.ਸੰਦੀਪ ਸਿੰਘ ਦਿਉਲ ਦਾ ਅੱਜ ਢਾਹਾਂ ਕਲੇਰਾਂ ਵਿਖੇ ਪੁੱਜਣ 'ਤੇ ਨਿੱਘਾ ਸਵਾਗਤ ਕਰਦੇ ਹੋਏ ਹਸਪਤਾਲ ਦੇ ਅੱਖਾਂ ਦੇ ਵਿਭਾਗ ਲਈ ਕੀਮਤੀ ਅਪਰੇਸ਼ਨਾਂ ਦਾ ਸਮਾਨ ਅਤੇ ਆਧੁਨਿਕ ਮਸ਼ੀਨ ਦਾਨ ਕਰਨ ਲਈ ਧੰਨਵਾਦ ਕੀਤਾ । ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਖਾਂ ਦੇ ਵਿਭਾਗ ਵਿਚ  ਅੱਖਾਂ ਦੇ ਲੋੜਵੰਦ ਮਰੀਜ਼ਾਂ ਲਈ ਚਿੱਟਾ ਮੋਤੀਆ ਮੁਕਤ ਲਹਿਰ ਚਲਾਈ ਜਾ ਰਹੀ ਹੈ ਜਿਸ ਤਹਿਤ ਅੱਖਾਂ ਦੇ ਮਰੀਜ਼ਾਂ ਦੇ ਮੁਫਤ ਅਪਰੇਸ਼ਨ ਕਰਕੇ, ਮੁਫਤ ਲੈਨਜ਼ ਪਾਏ ਜਾਂਦੇ ਹਨ ਅਤੇ ਅਪਰੇਸ਼ਨ ਉਪਰੰਤ ਇੱਕ ਮਹੀਨੇ ਦੀ ਦਵਾਈ ਵੀ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ । ਉਹਨਾਂ ਨੇ ਡਾ. ਦਿਉਲ ਨੂੰ ਟਰੱਸਟ ਦੇ ਪ੍ਰਬੰਧ ਹੇਠਾਂ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਅਤੇ ਲੋਕ ਸੇਵਾ ਹਿੱਤ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸੇਵਾ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ।
     ਡਾ. ਸੰਦੀਪ ਸਿੰਘ ਦਿਉਲ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਲੋੜਵੰਦ ਲੋਕਾਂ ਨੂੰ ਵਧੀਆ ਮੈਡੀਕਲ ਸੇਵਾਵਾਂ ਦੇਣ ਦੇ ਨਾਲ ਨਾਲ ਅੱਖਾਂ ਦੇ ਮਰੀਜ਼ਾਂ ਲਈ ਚਲਾਈ ਜਾ ਰਹੀ ਚਿੱਟਾ ਮੋਤੀਆ ਮੁਕਤ ਲਹਿਰ ਤਹਿਤ ਦਿੱਤੀਆਂ ਜਾ ਰਹੀਆਂ ਮਿਆਰੀ ਮੁਫਤ ਮੈਡੀਕਲ ਸੇਵਾਵਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਹਸਪਤਾਲ ਨੂੰ ਭਵਿੱਖ ਵਿਚ ਆਧੁਨਿਕ ਯੰਤਰ ਅਤੇ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਇਸ ਮੌਕੇ ਡਾ. ਸੰਦੀਪ ਸਿੰਘ ਦਿਉਲ  ਦਾ ਸਨਮਾਨ  ਕੀਤਾ ਗਿਆ । ਸਨਮਾਨ ਦੀ ਰਸਮ ਮੌਕੇ ਸ. ਹਰਬੰਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ., ਸ ਸਤਵੰਤ ਸਿੰਘ ਸ਼ੇਰਗਿੱਲ ਯੂ ਕੇ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਦਲਜੀਤ ਕੌਰ ਅਪਟਰੋਮੀਟੀਰਸ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ  ਡਾ. ਸੰਦੀਪ ਸਿੰਘ ਦਿਉਲ ਨੇ ਆਕਸਫੋਰਡ, ਇੰਗਲੈਂਡ ਅਤੇ ਅਮਰੀਕਾ ਤੋਂ ਡਾਕਟਰੀ ਦੀ ਉੱਚ ਡਿਗਰੀ ਕਰਨ ਉਪਰੰਤ  ਨੌਰਥੈਂਪਟਨਸ਼ਾਇਰ ਯੂ.ਕੇ ਵਿਖੇ ਅਡਵਾਂਸ ਗਲੂਕੋਮਾ (ਕਾਲਾ ਮੋਤੀਆ)  ਅਤੇ ਕੈਟਾਰੈਕਟ (ਚਿੱਟਾ ਮੋਤੀਆ) ਸਰਜਨ ਦੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ ।