ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ 40 ਵਰੇ ਸ਼ਾਨਦਾਰ ਅਤੇ ਕਾਮਯਾਬੀ ਨਾਲ ਕੀਤੇ ਪੂਰੇ

 ਲੈਸਟਰ (ਇੰਗਲੈਂਡ), 9 ਜਨਵਰੀ (ਸੁਖਜਿੰਦਰ ਸਿੰਘ ਢੱਡੇ)-

ਪੰਜਾਬੀ ਲੋਕ ਗਾਇਕੀ ਨੂੰ ਅੰਤਰਰਾਸ਼ਟਰੀ ਪੱਧਰ &lsquoਤੇ ਮਾਣ ਦਿਵਾਉਣ ਵਾਲੇ ਪ੍ਰਸਿੱਧ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਜੀ ਦਾ ਨਾਮ ਅੱਜ ਦੁਨੀਆ ਭਰ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਮਲਕੀਤ ਸਿੰਘ ਨੂੰ ਮਿਲਿਆ &lsquoਗੋਲਡਨ ਸਟਾਰ&rsquo ਦਾ ਤਖੱਲਸ ਉਨ੍ਹਾਂ ਦੀ ਅਟੁੱਟ ਮਿਹਨਤ, ਬੇਮਿਸਾਲ ਗਾਇਕੀ ਅਤੇ ਦਰਸ਼ਕਾਂ ਵੱਲੋਂ ਮਿਲੇ ਅਥਾਹ ਪਿਆਰ ਦਾ ਨਤੀਜਾ ਹੈ, ਜੋ ਸਮੇਂ ਦੇ ਨਾਲ ਉਨ੍ਹਾਂ ਦੀ ਪਹਿਚਾਣ ਬਣ ਗਿਆ। ਜ਼ਿਕਰਯੋਗ ਹੈ ਕਿ ਗਾਇਕ ਮਲਕੀਤ ਸਿੰਘ ਨੇ ਅੱਜ ਤੋਂ 40 ਵਰੇ ਪਹਿਲਾਂ ਇੱਕ ਪਗੜੀਧਾਰੀ ਪੰਜਾਬੀ ਗਾਇਕ ਵਜੋਂ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਕਾਇਮ ਕੀਤੀ , ਜਿਨ੍ਹਾਂ ਨੂੰ ਵੇਖ ਕੇ ਹੋਰ ਵੀ ਪੰਜਾਬੀ ਗਾਇਕ ਪੱਗ ਬੰਨ ਕੇ ਗਾਇਕੀ ਦੇ ਖੇਤਰ ਵਿੱਚ ਨਿਤਰੇ। ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਪਹਿਲੇ ਪੰਜਾਬੀ ਗਾਇਕ ਹਨ, ਜਿਨਾਂ ਦਾ ਨਾਂ ਗਿਨਜ ਬੁੱਕ ਆਫ਼ ਰਿਕਾਰਡ ਵਿੱਚ ਕਈ ਸਾਲ ਪਹਿਲਾਂ ਦਰਜ ਹੋ ਚੁੱਕਾ ਹੈ। ਗਾਇਕ ਮਲਕੀਤ ਸਿੰਘ ਇਸ ਵੇਲੇ ਵੀ ਆਪਣੇ ਪਰਿਵਾਰਕ ਅਤੇ ਸੱਭਿਆਚਾਰਕ ਗੀਤਾਂ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧੀ ਖੱਟ ਰਹੇ ਹਨ। ਪੰਜਾਬੀ ਭਾਈਚਾਰੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਗਾਇਕ ਮਲਕੀਤ ਸਿੰਘ ਦੇ ਗੀਤਾਂ ਨੂੰ ਹੁਣ ਵਿਦੇਸ਼ੀ ਇੰਗਲਿਸ਼ ਫਿਲਮਾਂ ਵਿਚ ਫ਼ਿਲਮਾਇਆ ਜਾ ਰਿਹਾ ਹੈ। ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ ਸਫ਼ਰ ਦੇ 40 ਸਾਲ ਬਹੁਤ ਹੀ ਸ਼ਾਨਦਾਰ, ਜਾਨਦਾਰ ਅਤੇ ਕਾਮਯਾਬੀ ਨਾਲ ਪੂਰੇ ਕਰ ਲਏ ਹਨ। ਮਲਕੀਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਅਤੇ ਪੰਜਾਬੀ ਲੋਕਧਾਰਾ ਨਾਲ ਜੁੜੇ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾਇਆ। ਉਨ੍ਹਾਂ ਦੇ ਗੀਤਾਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ, ਸੱਭਿਆਚਾਰਕ ਵਿਰਾਸਤ ਅਤੇ ਲੋਕਾਂ ਦੇ ਜਜ਼ਬਾਤ ਸਾਫ਼ ਨਜ਼ਰ ਆਉਂਦੇ ਹਨ। ਇਸੇ ਕਰਕੇ ਦਰਸ਼ਕਾਂ ਨੇ ਪਿਆਰ ਅਤੇ ਸਤਿਕਾਰ ਨਾਲ ਉਨ੍ਹਾਂ ਨੂੰ &lsquoਗੋਲਡਨ ਸਟਾਰ&rsquo ਦਾ ਦਰਜਾ ਦਿੱਤਾ, ਜੋ ਅੱਜ ਵੀ ਉਨ੍ਹਾਂ ਦੇ ਨਾਮ ਨਾਲ ਜੁੜਿਆ ਹੋਇਆ ਹੈ। ਪੰਜਾਬੀ ਸੰਗੀਤ ਅਤੇ ਸੱਭਿਆਚਾਰ ਲਈ ਦਿੱਤੀਆਂ ਗਈਆਂ ਅਣਮੋਲ ਸੇਵਾਵਾਂ ਦੇ ਸਨਮਾਨ ਵਜੋਂ ਗਾਇਕ ਮਲਕੀਤ ਸਿੰਘ ਨੂੰ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਪਾਸੋਂ ਐਮ ਬੀ ਈ (ਮੈਂਬਰ ਆਫ਼ ਬ੍ਰਿਟਿਸ਼ ਐੰਪਾਇਰ) ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਸਨਮਾਨ ਸਿਰਫ਼ ਉਨ੍ਹਾਂ ਦੀ ਨਿੱਜੀ ਉਪਲਬਧੀ ਨਹੀਂ ਸੀ, ਸਗੋਂ ਸਮੂਹ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਸੀ। ਇਸ ਪੁਰਸਕਾਰ ਨੇ ਸਾਬਤ ਕਰ ਦਿੱਤਾ ਕਿ ਪੰਜਾਬੀ ਲੋਕ ਗਾਇਕੀ ਅਤੇ ਸੱਭਿਆਚਾਰ ਦੀ ਕਦਰ ਵਿਦੇਸ਼ੀ ਧਰਤੀ &lsquoਤੇ ਵੀ ਕੀਤੀ ਜਾਂਦੀ ਹੈ।ਇਸ ਮੌਕੇ  ਮਲਕੀਤ ਸਿੰਘ  ਨੇ ਨਿਮਰਤਾ ਨਾਲ ਕਿਹਾ ਸੀ ਕਿ ਇਹ ਮਾਣ ਉਹ ਆਪਣੇ ਪੰਜਾਬ, ਆਪਣੀ ਮਾਂ-ਬੋਲੀ ਅਤੇ ਆਪਣੇ ਦਰਸ਼ਕਾਂ ਨੂੰ ਸਮਰਪਿਤ ਕਰਦੇ ਹਨ, ਜਿਨ੍ਹਾਂ ਨੇ ਹਮੇਸ਼ਾਂ ਉਨ੍ਹਾਂ ਦਾ ਹੌਂਸਲਾ ਵਧਾਇਆ। ਬਰਤਾਨੀਆ ਵਿੱਚ ਲੰਮੇ ਸਮੇਂ ਤੋਂ ਵਸਦੇ ਹੋਏ ਵੀ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨਾਲ ਆਪਣਾ ਨਾਤਾ ਕਦੇ ਨਹੀਂ ਤੋੜਿਆ ਅਤੇ ਹਰ ਮੰਚ &lsquoਤੇ ਪੰਜਾਬ ਦੀ ਨੁਮਾਇੰਦਗੀ ਕੀਤੀ।
ਅਨੇਕ ਸਨਮਾਨਾਂ ਅਤੇ ਸਫਲਤਾਵਾਂ ਦੇ ਬਾਵਜੂਦ ਮਲਕੀਤ ਸਿੰਘ ਦੀ ਸਾਦਗੀ, ਨਿਮਰਤਾ ਅਤੇ ਲੋਕਾਂ ਨਾਲ ਜੁੜਾਅ ਅੱਜ ਵੀ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਚਾਣ ਹੈ। ਗੋਲਡਨ ਸਟਾਰ ਮਲਕੀਤ ਸਿੰਘ  ਅੱਜ ਵੀ ਆਪਣੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ ਦੀ ਰੌਸ਼ਨੀ ਨੂੰ ਵਿਦੇਸ਼ਾਂ ਦੀ ਧਰਤੀ &lsquoਤੇ ਰੌਸ਼ਨ ਕਰ ਰਹੇ ਹਨ।