ਸੰਘੀ ਇਮੀਗ੍ਰੇਸ਼ਨ ਏਜੰਟ ਵੱਲੋਂ ਗੋਲੀਬਾਰੀ ਵਿੱਚ 37 ਸਾਲਾ ਔਰਤ ਦੀ ਮੌਤ* ਸ਼ਹਿਰ ਵਿੱਚ ਵੱਡੀ ਪੱਧਰ 'ਤੇ ਪ੍ਰਦਰਸ਼ਨ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਮਿਨੇਅਪੋਲਿਸ ਸ਼ਹਿਰ ਵਿੱਚ ਇੱਕ ਸੰਘੀ ਇਮੀਗ੍ਰੇਸ਼ਨ ਏਜੰਟ ਦੁਆਰਾ ਚਲਾਈ ਗੋਲੀ ਨਾਲ ਇੱਕ 37 ਸਾਲਾ ਔਰਤ ਦੀ ਮੌਤ ਹੋ ਗਈ । ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਵੱਡੀ ਪੱਧਰ ਤੇ ਪ੍ਰਦਰਸ਼ਨ ਹੋਏ। ਮਿਨੀਸੋਟਾ ਸਟੇਟ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰਨ ਲਈ ਕਿਹਾ ਹੈ। ਮਿਨੇਅਪੋਲਿਸ ਸਿਟੀ ਕੌਂਸਲ ਪ੍ਰਧਾਨ ਇਲੀਆਟ ਪੇੇਨੇ ਨੇ ਮ੍ਰਿਤਕ ਔਰਤ ਦੀ ਪਛਾਣ ਰੀਨੀ ਨਿਕੋਲ ਗੁੱਡ ਵਜੋਂ ਕੀਤੀ ਹੈ। ਸੈਨੇਟਰ ਟੀਨਾ ਸਮਿਥ ਨੇ ਕਿਹਾ ਹੈ ਕਿ ਮ੍ਰਿਤਕ ਔਰਤ ਅਮਰੀਕੀ ਸ਼ਹਿਰੀ ਸੀ। ਮਿਨੇਅਪੋਲਿਸ ਪੁਲਿਸ ਮੁੱਖੀ ਬਰੀਅਨ ਓ ਹਾਰਾ ਨੇ ਕਿਹਾ ਹੈ ਕਿ ਅਜਿਹਾ ਨਹੀਂ ਲੱਗਦਾ ਕਿ ਔਰਤ ਕਿਸੇ ਲਾਅ ਇਨਫੋਰਸਮੈਂਟ ਮਾਮਲੇ ਵਿੱਚ ਲੋੜੀਂਦੀ ਸੀ ਤੇ ਇਹ ਅਚਾਨਕ ਵਾਪਰੀ ਘਟਨਾ ਹੈ। ਗਵਰਨਰ ਟਿਮ ਵਾਲਜ਼ ਅਨੁਸਾਰ ਸ਼ੂਟਿੰਗ ਨੂੰ ਟਾਲਿਆ ਜਾ ਸਕਦਾ ਸੀ। ਉਨਾਂ ਕਿਹਾ ਕਿ ਜਿਸ ਜਗਾ ਔਰਤ ਦੀ ਮੌਤ ਹੋਈ ਹੈ, ਉਸ ਤੋਂ ਇੱਕ ਮੀਲ ਦੇ ਵੀ ਘੱਟ ਫਰਕ ਤੇ ਜਾਰਜ ਫਲਾਇਡ ਦੀ ਸੰਘੀ ਏਜੰਟਾਂ ਹੱਥੋਂ ਮੌਤ ਹੋਈ ਸੀ ਜਿਸ ਤੋਂ ਬਾਅਦ ਵੱਡੀ ਪੱਧਰ ਤੇ ਪ੍ਰਦਰਸ਼ਨ ਹੋਏ ਸਨ। ਵਾਲਜ਼ ਨੇ ਲੋਕਾਂ ਨੂੰ ਕਿਹਾ ਕਿ ਮੈ ਤੁਹਾਡੇ ਗੁੱਸੇ ਨੂੰ ਸਮਝਦਾ ਹਾਂ, ਮੈ ਵੀ ਗੁੱਸੇ ਵਿੱਚ ਹਾਂ ਪਰੰਤੂ ਸ਼ਾਂਤੀ ਕਾਇਮ ਰੱਖਣੀ ਅਹਿਮ ਹੈ। ਹੋਮਲੈਂਡ ਸਕਿਉਰਿਟੀ ਵਿਭਾਗ ਨੇ ਕਿਹਾ ਹੈ ਕਿ ਇਮਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਏਜੰਟ ਨੇ ਆਪਣੇ ਬਚਾਅ ਵਿੱਚ ਗੋਲੀ ਚਲਾਈ ਕਿਉਂਕਿ ਔਰਤ ਏਜੰਟ ਉਪਰ ਆਪਣੀ ਕਾਰ ਚੜਾਉਣ ਦੀ ਕੋਸ਼ਿਸ਼ ਵਿੱਚ ਸੀ ਪਰੂੰਤ ਸ਼ਹਿਰ ਦੇ ਮੇਅਰ ਜੈਕੋਬ ਫਰੇ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਮੈ ਵੀਡੀਓ ਵੇਖੀ ਹੈ ਤੇ ਮੈ ਹਰ ਇੱਕ ਨੂੰ ਦੱਸਣਾ ਚਹੁੰਦਾ ਹਾਂ ਕਿ ਤਾਕਤ ਦੀ ਵਰਤੋਂ ਹੋਈ ਹੈ।