ਰੂਸ ਵੱਲੋਂ ਪ੍ਰਮਾਣੂ ਧਮਕੀ ਤੋਂ ਬਾਅਦ ਟਰੰਪ ਪ੍ਰਸ਼ਾਸਨ ਵੱਲੋਂ 21 ਦੇਸ਼ਾਂ ਲਈ ਟ੍ਰੈਵਲ ਐਡਵਾਈਜ਼ਰੀ ਜਾਰੀ
_10Jan26080724AM.jfif)
ਵਾਸ਼ਿੰਗਟਨ- ਰੂਸ ਨਾਲ ਵਧਦੇ ਤਣਾਅ ਅਤੇ ਪ੍ਰਮਾਣੂ ਹਮਲੇ ਦੀਆਂ ਧਮਕੀਆਂ ਦੇ ਵਿਚਕਾਰ, ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਵੀਰਵਾਰ ਨੂੰ ਆਪਣੇ ਨਾਗਰਿਕਾਂ ਲਈ ਇੱਕ ਅਹਿਮ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਵਿਚ ਅਮਰੀਕੀ ਨਾਗਰਿਕਾਂ ਨੂੰ ਦੁਨੀਆਂ ਦੇ 21 ਖ਼ਤਰਨਾਕ ਦੇਸ਼ਾਂ ਦੀ ਯਾਤਰਾ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ &lsquoਐਕਸ&rsquo ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਨੂੰ ਲੈਵਲ 1 ਤੋਂ 4 ਤੱਕ ਸ਼੍ਰੇਣੀਬੱਧ ਕੀਤਾ ਹੈ, ਜਿਸ ਵਿਚ &lsquoਲੈਵਲ-4&rsquo ਦਾ ਸਪੱਸ਼ਟ ਅਰਥ ਹੈ ਕਿ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਿਸੇ ਵੀ ਕਾਰਨ ਕਰਕੇ ਨਾ ਕੀਤੀ ਜਾਵੇ। ਇਹ ਫੈਸਲਾ ਉੱਥੋਂ ਦੀਆਂ ਸਥਾਨਕ ਹਾਲਤਾਂ ਅਤੇ ਸੰਕਟ ਦੀ ਸਥਿਤੀ ਵਿਚ ਅਮਰੀਕੀ ਨਾਗਰਿਕਾਂ ਤੱਕ ਮਦਦ ਪਹੁੰਚਾਉਣ ਦੀ ਸੀਮਿਤ ਸਮਰੱਥਾ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ।
ਐਡਵਾਈਜ਼ਰੀ ਵਿਚ ਸ਼ਾਮਲ ਮੁੱਖ ਦੇਸ਼ਾਂ ਦੀ ਸੂਚੀ ਵਿਚ ਅਫ਼ਗਾਨਿਸਤਾਨ, ਰੂਸ, ਯੂਕਰੇਨ, ਈਰਾਨ, ਇਰਾਕ, ਉੱਤਰੀ ਕੋਰੀਆ, ਸੀਰੀਆ, ਲੀਬੀਆ, ਅਤੇ ਵੇਨੇਜ਼ੁਏਲਾ ਵਰਗੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਬਰਮਾ, ਹੈਤੀ, ਮਾਲੀ, ਨਾਈਜਰ, ਅਤੇ ਸੋਮਾਲੀਆ ਵਰਗੇ ਦੇਸ਼ਾਂ ਨੂੰ ਵੀ ਯਾਤਰਾ ਲਈ ਅਸੁਰੱਖਿਅਤ ਮੰਨਿਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਖ਼ਤਰਨਾਕ ਦੇਸ਼ਾਂ ਦੀ ਸੂਚੀ ਵਿਚ ਭਾਰਤ ਅਤੇ ਪਾਕਿਸਤਾਨ ਦਾ ਨਾਮ ਸ਼ਾਮਲ ਨਹੀਂ ਹੈ।
ਸੂਤਰਾਂ ਮੁਤਾਬਕ, ਟਰੰਪ ਪ੍ਰਸ਼ਾਸਨ ਨੇ ਇਹ ਸਖ਼ਤ ਕਦਮ ਰੂਸ ਵੱਲੋਂ ਮਿਲੀ ਪਰਮਾਣੂ ਧਮਕੀ ਤੋਂ ਬਾਅਦ ਚੁੱਕਿਆ ਹੈ। ਅਸਲ ਵਿਚ, ਅਮਰੀਕੀ ਸੈਨਾ ਨੇ ਅਟਲਾਂਟਿਕ ਮਹਾਸਾਗਰ ਵਿਚ ਰੂਸੀ ਝੰਡੇ ਵਾਲੇ ਤੇਲ ਟੈਂਕਰ &lsquoਮਰੀਨੇਰਾ&rsquo ਨੂੰ ਜ਼ਬਤ ਕਰ ਲਿਆ ਸੀ, ਜਿਸ ਨੂੰ ਰੂਸ ਨੇ &lsquoਸਮੁੰਦਰੀ ਡਕੈਤੀ&rsquo ਕਰਾਰ ਦਿੱਤਾ। ਇਸ ਤੋਂ ਬਾਅਦ ਰੂਸੀ ਸਾਂਸਦ ਐਲੇਕਸੀ ਜੁਰਾਵਲਯੋਵ ਨੇ ਅਮਰੀਕਾ ਵਿਰੁੱਧ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਅਮਰੀਕੀ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ ਸੁਚੇਤ ਕੀਤਾ ਹੈ ਕਿ ਇਹ ਸਥਾਨ ਇਸ ਸਮੇਂ ਬਹੁਤ ਖ਼ਤਰਨਾਕ ਹਨ ਅਤੇ ਉੱਥੇ ਜਾਣਾ ਜਾਨੀ ਨੁਕਸਾਨ ਦਾ ਕਾਰਨ ਬਣ ਸਕਦਾ ਹੈ।