ਬੋਲਟਨ ‘ਚ ਕਾਰ ਤੇ ਟੈਕਸੀ ਦੀ ਭਿਆਨਕ ਟੱਕਰ, ਦੋ ਡਰਾਈਵਰਾਂ ਸਮੇਤ ਚਾਰ ਦੀ ਮੌਤ, ਪੰਜ ਗੰਭੀਰ ਜ਼ਖ਼ਮੀ

 ਲੈਸਟਰ (ਇੰਗਲੈਂਡ), 11 ਜਨਵਰੀ (ਸੁਖਜਿੰਦਰ ਸਿੰਘ ਢੱਡੇ)-
ਇੰਗਲੈਂਡ ਦੇ ਬੋਲਟਨ ਸ਼ਹਿਰ &lsquoਚ ਐਤਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਚਾਰ ਪਰਿਵਾਰਾਂ ਦੇ ਘਰ ਉਜਾੜ ਦਿੱਤੇ। ਵਿਗਨ ਰੋਡ &lsquoਤੇ ਹੋਈ ਕਾਰ ਅਤੇ ਟੈਕਸੀ ਦੀ ਆਮਨੇ-ਸਾਮਨੇ ਭਿਆਨਕ ਟੱਕਰ &lsquoਚ ਦੋਵੇਂ ਵਾਹਨਾਂ ਦੇ ਡਰਾਈਵਰਾਂ ਸਮੇਤ ਦੋ ਹੋਰ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ।
ਪੁਲਿਸ ਮੁਤਾਬਕ ਇਹ ਹਾਦਸਾ ਐਤਵਾਰ ਤੜਕੇ ਵਾਪਰਿਆ, ਜਦੋਂ ਲਾਲ ਰੰਗ ਦੀ ਸੀਟ ਲਿਓਨ ਕਾਰ ਅਤੇ ਸਿਟਰੋਇਨ ਸੀ4 ਪਿਕਾਸੋ ਟੈਕਸੀ ਆਪਸ &lsquoਚ ਟਕਰਾ ਗਈਆਂ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੀ ਹੋ ਗਏ ਅਤੇ ਮੌਕੇ &lsquoਤੇ ਹੀ ਚਾਰ ਲੋਕਾਂ ਨੇ ਦਮ ਤੋੜ ਦਿੱਤਾ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ &lsquoਤੇ ਪਹੁੰਚ ਗਈਆਂ। ਵਾਹਨਾਂ &lsquoਚ ਫਸੇ ਜ਼ਖ਼ਮੀਆਂ ਨੂੰ ਕਾਫੀ ਜੱਦੋ-ਜਹਦ ਮਗਰੋਂ ਬਾਹਰ ਕੱਢ ਕੇ ਨੇੜਲੇ ਹਸਪਤਾਲਾਂ &lsquoਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਗ੍ਰੇਟਰ ਮੈਨਚੈਸਟਰ ਪੁਲਿਸ ਨੇ ਦੱਸਿਆ ਕਿ ਮੌਤਾਂ ਦਾ ਸ਼ਿਕਾਰ ਹੋਏ ਲੋਕਾਂ ਦੇ ਨਾਂ ਅਤੇ ਉਨ੍ਹਾਂ ਦੀ ਕੌਮੀਅਤ ਹਾਲੇ ਜਾਰੀ ਨਹੀਂ ਕੀਤੀ ਗਈ, ਕਿਉਂਕਿ ਪਹਿਲਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਗਨ ਰੋਡ &lsquoਤੇ ਟਰੈਫਿਕ ਜ਼ਿਆਦਾ ਰਹਿੰਦਾ ਹੈ ਅਤੇ ਕਈ ਵਾਰ ਵਾਹਨ ਤੇਜ਼ ਰਫ਼ਤਾਰ ਨਾਲ ਲੰਘਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸੜਕ &lsquoਤੇ ਰਫ਼ਤਾਰ ਨਿਯੰਤਰਣ ਲਈ ਸਖ਼ਤ ਕਦਮ ਚੁੱਕੇ ਜਾਣ।
ਇਸ ਭਿਆਨਕ ਹਾਦਸੇ ਤੋਂ ਬਾਅਦ ਇਲਾਕੇ &lsquoਚ ਸੋਗ ਦੀ ਲਹਿਰ ਹੈ ਅਤੇ ਇੱਕ ਵਾਰ ਫਿਰ ਸੜਕ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।