ਨਗਰ ਕੀਰਤਨ ਵਿੱਚ ਖਲਲ ਪਾਉਣ ਦੀ ਘਟਨਾ ਨਿੰਦਣਯੋਗ-

 ਲੈਸਟਰ (ਇੰਗਲੈਂਡ), 11 ਜਨਵਰੀ (ਸੁਖਜਿੰਦਰ ਸਿੰਘ ਢੱਡੇ)-
ਨਿਊਜ਼ੀਲੈਂਡ ਵਿੱਚ ਅੱਜ ਮੁੜ ਸਜੇ ਨਗਰ ਕੀਰਤਨ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਲਲ ਪਾਏ ਜਾਣ ਦੀ ਘਟਨਾ &rsquoਤੇ ਗਹਿਰਾ ਦੁੱਖ ਅਤੇ ਰੋਸ ਪ੍ਰਗਟ ਕਰਦਿਆਂ ਇੰਗਲੈਂਡ ਦੇ ਸਿੱਖ ਭਾਈਚਾਰੇ ਦੇ ਪ੍ਰਮੁੱਖ ਆਗੂ, ਤੀਰ ਗਰੁੱਪ ਦੇ ਮੁੱਖ  ਬੁਲਾਰੇ ਗੁਰੂ ਘਰ ਦੇ ਸਾਬਕਾ ਪ੍ਰਧਾਨ ਸ ਰਾਜਮਨਵਿੰਦਰ ਸਿੰਘ ਰਾਜਾ ਕੰਗ ਨੇ ਇਸਨੂੰ ਸਿੱਖ ਧਰਮ ਦੀਆਂ ਸ਼ਾਂਤਮਈ ਪਰੰਪਰਾਵਾਂ ਉੱਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਕੋਈ ਸਧਾਰਣ ਸਮਾਗਮ ਨਹੀਂ, ਸਗੋਂ ਇਹ ਸ਼ਾਂਤੀ, ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਦਾ ਜੀਉਂਦਾ ਜਾਗਦਾ ਪ੍ਰਤੀਕ ਹੈ।
ਰਾਜਮਨਵਿੰਦਰ ਸਿੰਘ ਰਾਜਾ ਕੰਗ ਨੇ ਆਪਣੇ ਵਿਸਥਾਰਪੂਰਕ ਬਿਆਨ ਵਿੱਚ ਕਿਹਾ ਕਿ ਨਗਰ ਕੀਰਤਨ ਦੌਰਾਨ ਗੁਰਬਾਣੀ ਦੇ ਕੀਰਤਨ, ਸ਼ਬਦਾਂ ਅਤੇ ਲੰਗਰ ਰਾਹੀਂ ਪੂਰੇ ਸਮਾਜ ਨੂੰ ਭਾਈਚਾਰੇ ਅਤੇ ਆਪਸੀ ਪਿਆਰ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਅਜਿਹੇ ਪਵਿੱਤਰ ਸਮਾਗਮ ਵਿੱਚ ਖਲਲ ਪਾਉਣਾ ਸਿਰਫ਼ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਨਹੀਂ, ਸਗੋਂ ਇਹ ਪੂਰੇ ਸਮਾਜਕ ਤਾਣੇਬਾਣੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।
ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਵਰਗਾ ਦੇਸ਼ ਸਾਂਝੀ ਵਸੇਬੇ ਅਤੇ ਧਾਰਮਿਕ ਆਜ਼ਾਦੀ ਲਈ ਜਾਣਿਆ ਜਾਂਦਾ ਹੈ, ਪਰ ਵਾਰ ਵਾਰ ਨਗਰ ਕੀਰਤਨਾਂ ਵਿੱਚ ਖਲਲ ਪਾਉਣ ਦੀਆਂ ਘਟਨਾਵਾਂ ਚਿੰਤਾਜਨਕ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਤੱਤ ਜਾਣਬੁੱਝ ਕੇ ਧਾਰਮਿਕ ਸਮਾਗਮਾਂ ਨੂੰ ਨਿਸ਼ਾਨਾ ਬਣਾ ਕੇ ਸਮਾਜ ਵਿੱਚ ਤਣਾਅ ਅਤੇ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ, ਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤਯੋਗ ਨਹੀਂ।
ਰਾਜਾ ਕੰਗ ਨੇ ਨਿਊਜ਼ੀਲੈਂਡ ਦੇ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਦੀ ਗਹਿਰੀ ਜਾਂਚ ਕੀਤੀ ਜਾਵੇ, ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਈ ਜਾਵੇ ਅਤੇ ਭਵਿੱਖ ਵਿੱਚ ਨਗਰ ਕੀਰਤਨਾਂ ਅਤੇ ਹੋਰ ਧਾਰਮਿਕ ਸਮਾਗਮਾਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਵਾਲੀ ਹੈ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਦੀ ਆਈ ਹੈ।
ਉਨ੍ਹਾਂ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ ਸੰਯਮ ਅਤੇ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਸਾਨੂੰ ਧੀਰਜ, ਸਹਿਣਸ਼ੀਲਤਾ ਅਤੇ ਸਚਾਈ ਦੇ ਰਾਹ &rsquoਤੇ ਤੁਰਨ ਦੀ ਪ੍ਰੇਰਨਾ ਦਿੰਦੀ ਹੈ ਅਤੇ ਕਿਸੇ ਵੀ ਉਕਸਾਵੇ ਵਿੱਚ ਆ ਕੇ ਅਮਨ-ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਣਾ ਚਾਹੀਦਾ।
ਅੰਤ ਵਿੱਚ ਰਾਜਮਨਵਿੰਦਰ ਸਿੰਘ ਰਾਜਾ ਕੰਗ ਨੇ ਕਿਹਾ ਕਿ ਨਗਰ ਕੀਰਤਨ ਸਿਰਫ਼ ਸਿੱਖਾਂ ਦਾ ਹੀ ਨਹੀਂ, ਸਗੋਂ ਪੂਰੇ ਸਮਾਜ ਦਾ ਸਾਂਝਾ ਵਿਰਸਾ ਹਨ। ਇਨ੍ਹਾਂ ਦੀ ਪਵਿੱਤਰਤਾ ਅਤੇ ਮਰਿਆਦਾ ਦੀ ਰੱਖਿਆ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ,ਅਤੇ ਸਿੱਖ ਭਾਈਚਾਰਾ ਹਮੇਸ਼ਾ ਦੀ ਤਰ੍ਹਾਂ ਸ਼ਾਂਤੀ, ਪਿਆਰ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਅੱਗੇ ਵੀ ਫੈਲਾਉਂਦਾ ਰਹੇਗਾ।