ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਦੇ ਵਿਰੋਧ ਦੀ ਨਿਖੇਧੀ

ਨਿਊਜ਼ੀਲੈਂਡ ਵਿੱਚ ਸਿੱਖਾਂ ਵੱਲੋਂ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਸਥਾਨਕ ਲੋਕਾਂ ਵੱਲੋਂ ਮੁੜ ਵਿਰੋਧ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਭਾਰਤ ਅਤੇ ਨਿਊਜ਼ੀਲੈਂਡ ਸਰਕਾਰ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਧਾਰਮਿਕ ਰਵਾਇਤਾਂ ਨੂੰ ਨਫ਼ਰਤੀ ਨਜ਼ਰੀਏ ਨਾਲ ਦੇਖਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਹਮੇਸ਼ਾ ਸਥਾਨਕ ਕਾਨੂੰਨਾਂ ਅਤੇ ਸੱਭਿਆਚਾਰ ਦਾ ਸਤਿਕਾਰ ਕਰਦਾ ਹੈ ਅਤੇ ਵਿਸ਼ਵ ਭਾਈਚਾਰੇ ਦੀ ਮਜ਼ਬੂਤੀ ਲਈ ਯੋਗਦਾਨ ਪਾਉਂਦਾ ਹੈ। ਇਸ ਦੇ ਬਾਵਜੂਦ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਨਿਰਾਸ਼ਾਜਨਕ ਹੈ। ਉਨ੍ਹਾਂ ਦੋਸ਼ੀਆਂ iਖ਼ਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।ਜਾਣਕਾਰੀ ਅਨੁਸਾਰ ਅੱਜ ਟੌਰੰਗਾ ਸ਼ਹਿਰ ਵਿੱਚ ਜਦੋਂ ਸਿੱਖ ਸੰਗਤ ਸ਼ਾਂਤੀਪੂਰਵਕ ਨਗਰ ਕੀਰਤਨ ਕੱਢ ਰਹੀ ਸੀ ਤਾਂ ਇੱਕ ਵਿਸ਼ੇਸ਼ ਗਰੁੱਪ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਸੋਸ਼ਲ ਮੀਡੀਆ &rsquoਤੇ ਵਾਇਰਲ ਵੀਡੀਓ ਵਿੱਚ ਪ੍ਰਦਰਸ਼ਨਕਾਰੀਆਂ ਨੇ ਇੱਕੋ ਰੰਗ ਦੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ ਅਤੇ ਨਗਰ ਕੀਰਤਨ ਦੇ ਅੱਗੇ ਨਾਚ ਕਰਦਿਆਂ ਭੜਕਾਊ ਚਿੰਨ੍ਹ ਦਿਖਾਏ। ਹਾਲਾਂਕਿ, ਸਿੱਖ ਭਾਈਚਾਰੇ ਨੇ ਸੰਜਮ ਵਰਤਦਿਆਂ ਸ਼ਾਂਤੀ ਬਣਾਈ ਰੱਖੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਕਲੈਂਡ ਦੇ ਸ਼ਹਿਰ ਮਨਰੇਵਾ ਵਿੱਚ ਵੀ ਅਜਿਹੀ ਘਟਨਾ ਵਾਪਰੀ ਸੀ।