‘ਆਪ’ ਸਰਪੰਚ ਕਤਲ ਮਾਮਲੇ ’ਚ ਦੋ ਸ਼ੂਟਰਾਂ ਸਣੇ ਸੱਤ ਗ੍ਰਿਫ਼ਤਾਰ

ਪੰਜਾਬ ਵਿੱਚ &lsquoਆਪ&rsquo ਦੇ ਸਰਪੰਚ ਕਤਲ ਮਾਮਲੇ ਵਿੱਚ ਪੰਜਾਬ ਪੁਲੀਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲੀਸ ਨੇ ਦੋ ਸ਼ੂਟਰਾਂ ਸਮੇਤ ਕੁੱਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ।ਡੀਜੀਪੀ ਮੁਤਾਬਕ, ਦੋਵੇਂ ਸ਼ੂਟਰਾਂ ਦੀ ਪਛਾਣ ਸੁਖਰਾਜ ਸਿੰਘ ਉਰਫ਼ ਗੰਗਾ ਜੋ ਕਿ ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਦਾ ਰਹਿਣ ਵਾਲਾ ਹੈ ਅਤੇ ਕਰਮਜੀਤ ਸਿੰਘ ਨਿਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਦੋਵਾਂ ਨੂੰ ਛੱਤੀਸਗੜ੍ਹ ਦੇ ਰਾਇਪੁਰ ਸ਼ਹਿਰ ਤੋਂ ਸਥਾਨਕ ਪੁਲੀਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਇਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਗਿਆ ਹੈ। ਫਿਲਹਾਲ ਉਨ੍ਹਾਂ ਨੂੰ ਅੱਗੇ ਦੀ ਜਾਂਚ ਲਈ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਕਤਲ ਦੀ ਸਾਜ਼ਿਸ਼ ਵਿੱਚ ਸਾਥ ਦੇਣ ਵਾਲੇ ਅਤੇ ਲਾਜਿਸਟਿਕ ਮਦਦ ਮੁਹੱਈਆ ਕਰਵਾਉਣ ਵਾਲੇ ਹੋਰ ਪੰਜ ਮੁਲਜ਼ਮਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਾਬੂ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਚਾਰ ਜਨਵਰੀ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਵਲਥੋਆ ਪਿੰਡ ਦੇ ਸਰਪੰਚ ਜਰਮਲ ਸਿੰਘ ਦਾ ਅੰਮ੍ਰਿਤਸਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੀਸੀਟੀਵੀ ਫੁਟੇਜ ਵਿੱਚ ਦੋਵੇਂ ਸ਼ੂਟਰ ਵਿਆਹ ਸਮਾਗਮ ਵਾਲੀ ਥਾਂ ਵਿੱਚ ਦਾਖ਼ਲ ਹੁੰਦੇ ਦਿਖਾਈ ਦਿੱਤੇ ਸਨ, ਜਿੱਥੇ ਇੱਕ ਸ਼ੂਟਰ ਸਰਪੰਚ ਦੇ ਸਿਰ ਵਿੱਚ ਨੇੜਿਓਂ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਜਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਣ ਦੇ ਬਾਵਜੂਦ ਜਰਮਲ ਸਿੰਘ ਦੀ ਮੌਤ ਹੋ ਗਈ ਸੀ। ਇਸ ਵਾਰਦਾਤ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਸਰਕਾਰ ਉੱਤੇ ਸਵਾਲ ਚੁੱਕੇ ਗਏ ਸਨ, ਜਦੋਂਕਿ ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਵੀ ਕੀਤੀ ਸੀ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲੇ ਹੋਰ ਗ੍ਰਿਫ਼ਤਾਰ ਵੀ ਹੋ ਸਕਦੀਆਂ ਹਨ।