ਸਿੱਖ ਨਾਬਾਲਿਗ ਕੁੜੀ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼, ਸਿੱਖਾਂ ਵੱਲੋਂ ਫਲੈਟ ਨੂੰ ਘੇਰ ਕੇ ਕੁੜੀ ਨੂੰ ਛੁਡਾਈਆ, ਪੁਲਿਸ ਦੀ ਭੂਮਿਕਾ ’ਤੇ ਉੱਠੇ ਸਵਾਲ

 ਲੈਸਟਰ (ਇੰਗਲੈਂਡ), 13 ਜਨਵਰੀ (ਸੁਖਜਿੰਦਰ ਸਿੰਘ ਢੱਡੇ)-

ਇੰਗਲੈਂਡ ਦੇ ਪੱਛਮੀ ਲੰਡਨ &rsquoਚ ਪੈਂਦੇ ਹਾਂਸਲੋ ਇਲਾਕੇ ਤੋਂ ਇਕ ਗੰਭੀਰ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਰੀਬ 15 ਸਾਲਾ ਸਿੱਖ ਨਾਬਾਲਿਗ ਕੁੜੀ ਨੂੰ ਇਕ ਫਲੈਟ &rsquoਚ ਬੰਧਕ ਬਣਾ ਕੇ ਨਸ਼ਾ ਆਦਿ ਦੇ ਕੇ ਉਸ ਨਾਲ ਕਈ ਲੋਕਾਂ ਵੱਲੋਂ ਸਮੂਹਿਕ ਜਬਰ-ਜਨਾਹ ਕਰਨ ਦੇ ਦੋਸ਼ ਲਗਾਏ ਗਏ ਹਨ। ਦੋਸ਼ ਹੈ ਕਿ ਇਹ ਵਾਰਦਾਤ ਪਾਕਿਸਤਾਨੀ ਗਰੂਮਿੰਗ ਗੈਂਗ ਵੱਲੋਂ ਅੰਜਾਮ ਦਿੱਤੀ ਗਈ, ਜੋ ਨਾਬਾਲਿਗ ਕੁੜੀਆਂ ਨੂੰ ਲਾਲਚ ਦੇ ਕੇ ਆਪਣੇ ਜਾਲ &rsquoਚ ਫਸਾਉਂਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਫੈਡਰੇਸ਼ਨ ਯੂ ਕੇ ਦੇ ਮੁੱਖ ਸਲਾਹਕਾਰ ਜੱਸ ਸਿੰਘ ਡਰਬੀ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ, ਪਰ ਪੁਲਿਸ ਵੱਲੋਂ ਸਮੇਂ ਸਿਰ ਕੋਈ ਠੋਸ ਕਾਰਵਾਈ ਨਾ ਕਰਨ ਕਾਰਨ ਸਿੱਖ ਭਾਈਚਾਰੇ &rsquoਚ ਭਾਰੀ ਰੋਸ ਫੈਲ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਦੋਸ਼ੀਆਂ ਦੇ ਹੌਸਲੇ ਬੁਲੰਦ ਰਹੇ ਅਤੇ ਪੀੜਤ ਕੁੜੀ ਨੂੰ ਲੰਮੇ ਸਮੇਂ ਤੱਕ ਕੈਦ ਰੱਖਿਆ ਗਿਆ।
ਪੁਲਿਸ ਵੱਲੋਂ ਕਾਰਵਾਈ ਨਾ ਹੋਣ &rsquoਤੇ ਗੁੱਸੇ ਵਿਚ ਆਏ ਸਿੱਖ ਭਾਈਚਾਰੇ ਦੇ 200 ਤੋਂ ਵੱਧ ਲੋਕਾਂ ਨੇ ਬੀਤੇ ਐਤਵਾਰ ਸ਼ਾਮ ਕਰੀਬ 9 ਵਜੇ ਤੋਂ ਦੇਰ ਰਾਤ 1 ਵਜੇ ਤੱਕ ਭਾਰੀ ਮੀਂਹ ਦੇ ਬਾਵਜੂਦ ਉਸ ਫਲੈਟ ਦਾ ਘੇਰਾਅ ਕੀਤਾ, ਜਿੱਥੇ ਕੁੜੀ ਨੂੰ ਕੈਦ ਕਰਕੇ ਰੱਖਿਆ ਗਿਆ ਸੀ। ਤਣਾਅਪੂਰਨ ਹਾਲਾਤਾਂ ਅਤੇ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ, ਸਿੱਖਾਂ ਦੇ ਦਬਾਅ ਮਗਰੋਂ ਆਖ਼ਿਰਕਾਰ ਕੁੜੀ ਨੂੰ ਦਰਿੰਦਿਆਂ ਦੇ ਚੰਗੁਲ ਤੋਂ ਛੁਡਵਾ ਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ।
ਰਿਹਾਈ ਮਗਰੋਂ ਪੀੜਤ ਕੁੜੀ ਨੇ ਦੱਸਿਆ ਕਿ ਜਦੋਂ ਵੀ ਉਸ ਨੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਡਰਾਇਆ-ਧਮਕਾਇਆ ਜਾਂਦਾ ਸੀ ਅਤੇ ਵਿਰੋਧ ਕਰਨ &rsquoਤੇ ਕਮਰੇ &rsquoਚ ਬੰਦ ਕਰ ਦਿੱਤਾ ਜਾਂਦਾ ਸੀ। ਸਥਾਨਕ ਲੋਕਾਂ ਅਤੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਇਹ ਗਰੂਮਿੰਗ ਗੈਂਗ ਨਾਬਾਲਿਗ ਕੁੜੀਆਂ ਨੂੰ ਪਿਆਰ, ਦੋਸਤੀ ਅਤੇ ਮਹਿੰਗੇ ਤੋਹਫ਼ਿਆਂ ਦਾ ਝਾਂਸਾ ਦੇ ਕੇ ਫਸਾਉਂਦੇ ਹਨ ਅਤੇ ਬਾਅਦ &rsquoਚ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਬਣਾਉਂਦੇ ਹਨ।
ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ &rsquoਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਸਿੱਖ ਭਾਈਚਾਰੇ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ &rsquoਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਾਬਾਲਿਗ ਬੱਚੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।