• ਪਾਵਨ ਸਰੂਪਾਂ ਬਾਰੇ ਸਿੱਟ ਦੀ ਜਾਂਚ ਡੇਰਿਆਂ ਵੱਲੋਂ ਕਰਵਾਈਆਂ ਇਕੋਤਰੀਆਂ ਵੱਲ ਵੀ ਹੋਵੇ. • 328 ਪਾਵਨ ਸਰੂਪਾਂ ਤੋਂ ਬਿਨਾਂ ਵੀ ਸੈਂਕੜੇ ਸਰੂਪ ਡੇਰਿਆਂ ਵਿੱਚੋਂ ਮਿਲਣ ਦੀ ਸੰਭਾਵਨਾ

 ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ

ਚੰਡੀਗੜ੍ਹ: ਬੰਗਾ ਨੇੜੇ ਮਿਲੇ 169 ਪਾਵਨ ਸਰੂਪਾਂ ਦੀ ਮੁਖ ਮੰਤਰੀ ਵੱਲੋਂ ਖਬਰ ਮਿਲਣ ਤੋਂ ਮਗਰੋਂ ਗੁੰਮ ਹੋਏ ਪਾਵਨ ਸਰੂਪਾਂ ਦੀ ਜਾਂਚ ਕਰਨ ਲਈ ਬਣੀ ਕਮੇਟੀ ਨੂੰ ਹੁਣ ਆਪਣੀ ਜਾਂਚ ਦੀ ਦਿਸ਼ਾ ਇਕੋਤਰੀਆਂ ਵੱਲ ਵੀ ਮੋੜਨ ਦਾ ਸਮਾਂ ਆ ਗਿਆ ਹੈ. ਇਕੋਤਰੀ ਅਖੰਡ ਪਾਠ ਕਰਾਉਣ ਦੀ ਇੱਕ ਪਰੰਪਰਾ ਹੈ ਜਿਸ ਵਿੱਚ ਵਿਸ਼ੇਸ਼ ਕਰਕੇ ਡੇਰੇ ਕਰਾਉਂਦੇ ਹਨ ਅਤੇ ਜਿਸ ਵਿੱਚ 101 ਅਖੰਡ ਪਾਠ ਲਗਾਤਾਰ 48 ਘੰਟੇ ਤੱਕ ਚਲਦੇ ਰਹਿੰਦੇ ਹਨ.

ਹੁਣ ਵੇਲਾ ਆ ਗਿਆ ਹੈ ਕਿ 2010 ਤੋਂ ਪਿੱਛੋਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਜਿੰਨੀਆਂ ਵੀ ਇਕੋਤਰੀਆਂ ਹੋਈਆਂ ਹਨ,ਉਹਨਾਂ ਦੀ ਗਿਣਤੀ ਕੀਤੀ ਜਾਵੇ ਅਤੇ ਇਹ ਪੜਤਾਲ ਵੀ ਕੀਤੀ ਜਾਵੇ ਕਿ ਇਹ ਇਕੋਤਰੀਆਂ ਕਿੱਥੇ ਕਿੱਥੇ ਹੋਈਆਂ?ਕਿਸ ਡੇਰੇ ਜਾਂ ਗੁਰਦੁਆਰੇ ਨੇ ਕਰਵਾਈਆਂ? ਉਹਨਾਂ ਵਿੱਚੋਂ ਕਿੰਨੇ ਗੁਰਦੁਆਰਾ ਸਾਹਿਬਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ? ਇਹ ਜਾਣਕਾਰੀ ਵੀ ਇਕੱਠੀ ਕੀਤੀ ਜਾਵੇ ਕਿ ਇਹਨਾਂ ਡੇਰਿਆਂ ਦੀ ਮਰਿਆਦਾ ਕੀ ਰਹਿਤ ਮਰਿਆਦਾ ਦੇ ਅਨੁਕੂਲ ਹੁੰਦੀ ਹੈ ਜਾਂ ਨਹੀਂ? ਕੀ ਸਰੂਪ ਦੇਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਜਾਂ ਇਸ ਨੂੰ ਅਣਗੌਲਿਆਂ ਹੀ ਕਰ ਦਿੱਤਾ ਜਾਂਦਾ ਹੈ?

ਇਸ ਸਮੇਂ ਸਵਾਲ 328 ਗੁੰਮ ਹੋਏ ਸਰੂਪਾ ਤੱਕ ਹੀ ਨਹੀਂ ਰਹਿ ਗਿਆ ਸਗੋਂ ਇਹ ਵੱਡਾ ਸਵਾਲ ਵੀ ਕੀਤਾ ਜਾ ਸਕਦਾ ਹੈ ਕਿ ਇਨੀ ਵੱਡੀ ਗਿਣਤੀ ਵਿੱਚ ਪਾਵਨ ਸਰੂਪ ਕੀ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ? ਕਿਸ ਦੀ ਸਿਫਾਰਿਸ਼ ਉੱਤੇ ਦਿੱਤੇ ਗਏ?ਕਦੋਂ ਦਿੱਤੇ ਗਏ?ਕੀ ਉਹਨਾਂ ਪਾਵਨ ਸਰੂਪਾਂ ਦੀ ਵਾਪਸੀ ਦਾ ਕੋਈ ਹਿਸਾਬ ਕਿਤਾਬ ਸ਼੍ਰੋਮਣੀ ਕਮੇਟੀ ਦੇ ਸਬੰਧਤ ਵਿਭਾਗ ਦੇ ਦਫਤਰ ਵਿੱਚ ਰੱਖਿਆ ਮਿਲਦਾ ਹੈ?ਇਨੇ ਵੱਡੇ ਗੰਭੀਰ ਮਸਲੇ ਉੱਤੇ ਪ੍ਰਬੰਧ ਵਿੱਚ ਉਹ ਕਿਹੜੀਆਂ ਪਰਤਾਂ ਹਨ ਜਿਨਾਂ ਨੂੰ ਕਿਸੇ ਵੀ ਬੇਨਿਯਮੀ ਉੱਤੇ ਜਵਾਬ ਦੇਹ ਬਣਾਇਆ ਜਾ ਸਕਦਾ ਹੈ?ਸਿੱਟ ਨੂੰ ਸ਼੍ਰੋਮਣੀ ਕਮੇਟੀ ਤੋਂ ਇਹ ਵੱਡੇ ਸਵਾਲ ਪੁੱਛਣੇ ਬਣਦੇ ਹਨ.

ਸਿੱਟ ਦਾ ਫਰਜ਼ ਬਣਦਾ ਹੈ ਕਿ ਉਹ ਸਬੰਧਤ ਡੇਰਿਆਂ ਦੀ ਪੜਤਾਲ ਕਰਕੇ ਆਪਣੀ ਵਿਸ਼ੇਸ਼ ਟੀਮ ਭੇਜੇ ਅਤੇ ਇਸ ਅਹਿਮ ਨੁਕਤੇ ਨੂੰ ਗੰਭੀਰਤਾ ਨਾਲ ਵੇਖੇ ਕਿ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕਿਵੇਂ ਕੀਤੀ ਜਾਂਦੀ ਹੈ ਅਤੇ ਡੇਰਿਆਂ ਦੇ ਪ੍ਰਬੰਧਕ ਇਸ ਮਾਮਲੇ ਨੂੰ ਕਿੰਨੀ ਕੁ ਸ਼ਰਧਾ, ਸਤਿਕਾਰ ਤੇ ਗੰਭੀਰਤਾ ਨਾਲ ਵੇਖਦੇ ਹਨ ਲੋੜ ਪੈਣ ਉੱਤੇ ਸਿੱਟ ਵੀਡੀਓਗਰਾਫੀ ਵੀ ਕਰੇ.

ਜੇ ਇੱਕ ਅਨੁਮਾਨ ਮੁਤਾਬਕ ਹੁਣ ਤੱਕ 10 ਇਕੋਤਰੀਆਂ ਵੀ 2010 ਤੋਂ ਪਿੱਛੋਂ ਹੋ ਚੁੱਕੀਆਂ ਹਨ ਤਾਂ ਸਪਸ਼ਟ ਹੈ ਕਿ ਪਾਵਨ ਸਰੂਪਾਂ ਦੀ ਗਿਣਤੀ ਹਜਾਰ ਦੇ ਕਰੀਬ ਹੈ.ਕੀ ਉਹ ਸਰੂਪ ਇਕੋਤਰੀਆਂ ਤੋਂ ਪਿੱਛੋਂ ਸ਼੍ਰੋਮਣੀ ਕਮੇਟੀ ਕੋਲ ਪਹੁੰਚਦੇ ਹਨ ਜਾਂ ਨਹੀ? ਕੀ ਇਹ ਸੈਂਕੜੇ ਸਰੂਪ ਅਜੇ ਵੀ ਡੇਰਿਆਂ ਵਿੱਚ ਹੀ ਹਨ

ਪਾਵਨ ਸਰੂਪਾਂ ਦੇ ਗੁੰਮ ਹੋਣ ਬਾਰੇ ਇੱਕ ਵੱਡਾ ਸੂਤਰ ਰੂਪ ਸਿੰਘ ਜੋ ਉਸ ਸਮੇਂ ਸਭ ਤੋਂ ਉੱਚੇ ਪਦ ਅਰਥਾਤ ਮੁੱਖ ਸਕੱਤਰ ਦੇ ਅਹੁਦੇ ਉੱਤੇ ਸੁਸ਼ੋਭਤ ਸੀ ਅਤੇ ਜਿਸ ਬਾਰੇ ਈਸ਼ਰ ਸਿੰਘ ਦੀ ਰਿਪੋਰਟ ਵਿੱਚ ਉਸਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਦੱਸੀ ਗਈ ਹੈ ਅਤੇ ਜਿਸ ਬਾਰੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਾਂ ਤਾਂ ਪੂਰੀ ਤਰਹਾਂ ਸਾਫ, ਸੁਹਿਰਦ ਤੇ ਸਪਸ਼ਟ ਨਹੀਂ ਅਤੇ ਜਾਂ ਫਿਰ ਉਸ ਨੂੰ ਕਿਸੇ ਵਿਸ਼ੇਸ਼ ਕਾਰਨ ਕਰਕੇ ਜਾਂਚ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਸੀ ਕੀ ਰੂਪ ਸਿੰਘ ਨੂੰ ਵਿਦੇਸ਼ ਤੋਂ ਇੱਥੇ ਮੰਗਵਾਉਣ ਲਈ ਸਿੱਟ ਵੱਲੋਂ ਕੋਈ ਠੋਸ ਕਦਮ ਚੁੱਕੇ ਗਏ ਹਨ?