ਕੀ ਇਸਲਾਮਿਕ ਨਾਟੋ ਤੋਂ ਭਾਰਤ ਤੇ ਅਮਰੀਕਾ ਨੂੰ ਖਤਰਾ ਹੈ?

-ਰਜਿੰਦਰ ਸਿੰਘ ਪੁਰੇਵਾਲ

ਅੱਜਕੱਲ੍ਹ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਨਵਾਂ ਸ਼ਬਦ ਬਹੁਤ ਚਰਚਾ ਵਿੱਚ ਹੈ - ਇਸਲਾਮਿਕ ਨਾਟੋ| ਇਹ ਨਾਂ ਤੁਰਕੀ, ਪਾਕਿਸਤਾਨ ਅਤੇ ਸਾਊਦੀ ਅਰਬ ਵਿਚਕਾਰ ਬਣ ਰਹੇ ਸੰਭਾਵੀ ਰੱਖਿਆ ਗਠਜੋੜ ਨੂੰ ਦਿੱਤਾ ਜਾ ਰਿਹਾ ਹੈ| ਇਹ ਗਠਜੋੜ ਅਜੇ ਪੂਰੀ ਤਰ੍ਹਾਂ  ਨਹੀਂ ਬਣਿਆ, ਪਰ ਗੱਲਬਾਤ ਬਹੁਤ ਅੱਗੇ ਵਧ ਚੁੱਕੀ ਹੈ| ਇਸ ਨੂੰ ਨਾਟੋ ਵਰਗਾ ਮੰਨਿਆ ਜਾ ਰਿਹਾ ਹੈ ,ਕਿਉਂਕਿ ਇਸ ਵਿੱਚ ਇੱਕ ਦੇਸ਼ ਉੱਤੇ ਹਮਲਾ ਸਾਰਿਆਂ ਉੱਤੇ ਹਮਲਾ ਮੰਨਿਆ ਜਾਵੇਗਾ (ਜਿਵੇਂ ਨਾਟੋ ਦਾ ਆਰਟੀਕਲ-5 ਵਿਚ ਦਰਜ ਹੈ)|
ਸਤੰਬਰ 2025 ਵਿੱਚ ਸਾਊਦੀ ਅਰਬ ਅਤੇ ਪਾਕਿਸਤਾਨ ਨੇ ਸਟੈਰਜਿਕ ਮਿਊਚਲ ਡੀਫੈਂਸ ਐਗਰੀਮੈਂਟ ਉੱਤੇ ਦਸਤਖਤ ਕੀਤੇ ਸਨ| ਇਸ ਵਿੱਚ ਕਿਹਾ ਗਿਆ ਹੈ ਕਿ ਇੱਕ ਦੇਸ਼ ਉੱਤੇ ਕੋਈ ਵੀ ਹਮਲਾ ਦੋਵਾਂ ਉੱਤੇ ਹਮਲਾ ਮੰਨਿਆ ਜਾਵੇਗਾ| ਇਹ ਸਮਝੌਤਾ ਖਾਸ ਕਰਕੇ ਇਰਾਨ ਅਤੇ ਇਜ਼ਰਾਇਲ ਨਾਲ ਜੁੜੇ ਤਣਾਅ ਕਾਰਨ ਹੋਇਆ| ਜਨਵਰੀ 2026 ਵਿੱਚ ਤੁਰਕੀ ਨੇ ਵੀ ਇਸ ਵਿੱਚ ਸ਼ਾਮਲ ਹੋਣ ਦੀ ਰੁਚੀ ਜ਼ਾਹਰ ਕੀਤੀ ਹੈ ਅਤੇ ਗੱਲਬਾਤ ਬਹੁਤ ਅੱਗੇ ਵਧ ਚੁੱਕੀ ਹੈ| ਬਲੂਮਬਰਗ ਅਤੇ ਹੋਰ ਅੰਤਰਰਾਸ਼ਟਰੀ ਮੀਡੀਆ ਅਨੁਸਾਰ ਇਹ ਸੌਦਾ ਜਲਦੀ ਹੀ ਹੋ ਸਕਦਾ ਹੈ| ਇਸ ਗਠਜੋੜ ਦੀ ਤਾਕਤ ਤਿੰਨ ਵੱਖਰੇ ਤੱਤਾਂ ਉਪਰ ਆਧਾਰਿਤ ਹੈ:
ਸਾਊਦੀ ਅਰਬ - ਵਿਸ਼ਾਲ ਆਰਥਿਕ ਸ਼ਕਤੀ (ਤੇਲ ਦੀ ਕਮਾਈ ਅਤੇ ਪੈਸਾ)
ਪਾਕਿਸਤਾਨ - ਪਰਮਾਣੂ ਹਥਿਆਰ, ਬੈਲਿਸਟਿਕ ਮਿਸਾਈਲਾਂ ਅਤੇ ਵੱਡੀ ਥਲ ਸੈਨਾ
ਤੁਰਕੀ - ਨਾਟੋ ਦੀ ਦੂਜੀ ਸਭ ਤੋਂ ਵੱਡੀ ਫੌਜ, ਆਧੁਨਿਕ ਡਰੋਨ ਤਕਨਾਲੋਜੀ, ਜਹਾਜ਼ ਅਤੇ ਮਿਸਾਈਲ ਉਤਪਾਦਨ
ਇਹ ਤਿੰਨੇ ਮਿਲ ਕੇ ਇੱਕ ਮਜ਼ਬੂਤ ਰੱਖਿਆ ਬਲਾਕ ਬਣਾ ਸਕਦੇ ਹਨ, ਜੋ ਮੱਧ ਪੂਰਬ ਤੋਂ ਲੈ ਕੇ ਦੱਖਣੀ ਏਸ਼ੀਆ ਤੱਕ ਅਸਰ ਪਾ ਸਕਦਾ ਹੈ|
ਭਾਰਤ ਲਈ ਇਹ ਗਠਜੋੜ ਚਿੰਤਾ ਦਾ ਵਿਸ਼ਾ ਜ਼ਰੂਰ ਹੈ, ਪਰ ਇਹ ਅਜੇ ਵੀ ਬਹੁਤ ਵੱਡਾ ਖਤਰਾ ਨਹੀਂ ਬਣਿਆ| ਕਾਰਨ ਇਹ ਹਨ :
ਪਾਕਿਸਤਾਨ ਨੂੰ ਤੁਰਕੀ ਦੀ ਡਰੋਨ ਤਕਨਾਲੋਜੀ ਅਤੇ ਸਾਊਦੀ ਪੈਸੇ ਨਾਲ ਹੋਰ ਮਜ਼ਬੂਤੀ ਮਿਲ ਸਕਦੀ ਹੈ, ਜੋ ਕਸ਼ਮੀਰ ਜਾਂ ਸਰਹੱਦੀ ਖੇਤਰ ਵਿੱਚ ਤਣਾਅ ਵਧਾ ਸਕਦੀ ਹੈ|
ਤੁਰਕੀ ਪਹਿਲਾਂ ਹੀ ਕਸ਼ਮੀਰ ਮੁੱਦੇ ਉੱਤੇ ਪਾਕਿਸਤਾਨ ਦਾ ਸਮਰਥਨ ਕਰਦਾ ਰਿਹਾ ਹੈ|
ਪਰ ਇਹ ਗਠਜੋੜ ਅਸਲ ਵਿੱਚ ਇਰਾਨ ਅਤੇ ਇਜ਼ਰਾਇਲ ਨਾਲ ਜੁੜੇ ਮੁੱਦਿਆਂ ਤੇ ਜ਼ਿਆਦਾ ਕੇਂਦਰਿਤ ਹੈ, ਨਾ ਕਿ ਭਾਰਤ ਤੇ| ਬਹੁਤ ਸਾਰੇ ਵਿਸ਼ੇਸ਼ਜਨ ਮੰਨਦੇ ਹਨ ਕਿ ਇਹ ਭਾਰਤ ਲਈ ਸਿੱਧਾ ਖਤਰਾ ਨਹੀਂ, ਸਗੋਂ ਇੱਕ ਰਣਨੀਤਕ ਚੁਣੌਤੀ ਹੈ|
ਭਾਰਤ ਨੇ ਇਸ ਨੂੰ ਵੇਖਦੇ ਹੋਏ ਆਪਣੀਆਂ ਤਿਆਰੀਆਂ ਵਧਾ ਦਿੱਤੀਆਂ ਹਨ:
ਇਜ਼ਰਾਇਲ ਨਾਲ ਰੱਖਿਆ ਸਹਿਯੋਗ ਵਧ ਰਿਹਾ ਹੈ (8.7 ਅਰਬ ਡਾਲਰ ਦੀਆਂ ਡੀਲਾਂ, ਸਪਾਈਸ ਮਿਸਾਈਲਾਂ, ਰਡਾਰ ਅਤੇ ਏਆਈ ਤਕਨਾਲੋਜੀ| ਭਾਰਤ, ਇਜ਼ਰਾਇਲ, ਅਮਰੀਕਾ, ਯੂਏਈ) ਵਰਗੇ ਗਠਜੋੜ ਮਜ਼ਬੂਤ ਹੋ ਰਹੇ ਹਨ|ਤੁਰਕੀ ਨੂੰ ਘੇਰਨ ਲਈ ਗ੍ਰੀਸ ਅਤੇ ਸਾਈਪ੍ਰਸ ਨਾਲ ਵੀ ਰਿਸ਼ਤੇ ਵਧ ਰਹੇ ਹਨ| ਭਾਰਤ ਦੀ ਕੂਟਨੀਤੀ ਅਤੇ ਰੱਖਿਆ ਤੰਤਰ ਇਸ ਨੂੰ ਸੰਤੁਲਿਤ ਕਰਨ ਲਈ ਕਾਫ਼ੀ ਮਜ਼ਬੂਤ ਹੈ|
ਅਮਰੀਕਾ ਲਈ ਇਹ ਇਸਲਾਮੀ ਗਠਜੋੜ ਚਿੰਤਾ ਵਾਲਾ ਹੈ, ਕਿਉਂਕਿ ਤੁਰਕੀ ਖੁਦ ਨਾਟੋ ਦਾ ਮੈਂਬਰ ਹੈ, ਪਰ ਇਹ ਨਵਾਂ ਬਲਾਕ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਤੋਂ ਬਾਹਰਲਾ ਵਿਕਲਪ ਬਣ ਸਕਦਾ ਹੈ|
ਅਮਰੀਕਾ ਦੇ ਟਰੰਪ ਸ਼ਾਸਨ ਵਿੱਚ ਨਾਟੋ ਦੀ ਅਹਿਮੀਅਤ ਘੱਟ ਰਹੀ ਹੈ, ਜਿਸ ਕਾਰਨ ਤੁਰਕੀ ਵਰਗੇ ਦੇਸ਼ ਵੱਖਰੇ ਰਾਹ ਲੱਭ ਰਹੇ ਹਨ|
ਪਰ ਇਹ ਗਠਜੋੜ ਅਮਰੀਕਾ ਵਿਰੁੱਧ ਨਹੀਂ, ਸਗੋਂ ਇਰਾਨ ਅਤੇ ਇਜ਼ਰਾਇਲ ਨਾਲ ਜੁੜੇ ਤਣਾਅ ਲਈ ਜ਼ਿਆਦਾ ਹੈ| ਅਮਰੀਕਾ ਅਜੇ ਵੀ ਇਨ੍ਹਾਂ ਤਿੰਨਾਂ ਦੇਸ਼ਾਂ ਨਾਲ ਵੱਖਰੇ-ਵੱਖਰੇ ਮਜ਼ਬੂਤ ਸਬੰਧ ਰੱਖਦਾ ਹੈ|
ਸੰਖੇਪ ਵਿੱਚ, ਇਸਲਾਮਿਕ ਨਾਟੋ ਅਜੇ ਸਿਰਫ਼ ਗੱਲਬਾਤ ਅਤੇ ਸੰਭਾਵਨਾ ਦੇ ਪੜਾਅ ਉੱਤੇ ਹੈ| ਇਹ ਭਾਰਤ ਲਈ ਰਣਨੀਤਕ ਚੁਣੌਤੀ ਜ਼ਰੂਰ ਪੈਦਾ ਕਰ ਸਕਦਾ ਹੈ, ਪਰ ਭਾਰਤ ਦੀ ਮਜ਼ਬੂਤ ਕੂਟਨੀਤੀ, ਇਜ਼ਰਾਇਲ-ਅਮਰੀਕਾ ਨਾਲ ਸਹਿਯੋਗ ਅਤੇ ਆਪਣੀ ਰੱਖਿਆ ਸਮਰੱਥਾ ਇਸ ਨੂੰ ਕਾਬੂ ਵਿੱਚ ਰੱਖ ਸਕਦੀ ਹੈ| ਅਮਰੀਕਾ ਲਈ ਵੀ ਇਹ ਵੱਡਾ ਖਤਰਾ ਨਹੀਂ, ਸਗੋਂ ਇੱਕ ਨਵੀਂ ਸੰਤੁਲਨ ਦੀ ਕੋਸ਼ਿਸ਼ ਹੈ| ਭਵਿੱਖ ਵਿੱਚ ਇਹ ਕਿੰਨਾ ਮਜ਼ਬੂਤ ਹੁੰਦਾ ਹੈ, ਇਹ ਅੱਗੇ ਦੇ ਵਿਕਾਸ ਤੇ ਨਿਰਭਰ ਕਰੇਗਾ| ਪਰ ਅਜੇ ਤੱਕ ਇਹ ਭਾਰਤ ਲਈ ਖਤਰੇ ਦੀ ਘੰਟੀ ਨਹੀਂ, ਸਗੋਂ ਇੱਕ ਚੇਤਾਵਨੀ ਜ਼ਰੂਰ ਹੈ|
ਅੱਜ ਦੇ ਬਦਲਦੇ ਵਿਸ਼ਵ ਵਿੱਚ ਇਸਲਾਮਿਕ ਨਾਟੋ ਵਰਗੇ ਗਠਜੋੜਾਂ ਨੇ ਭਾਰਤ ਨੂੰ ਵਿਦੇਸ਼ ਨੀਤੀ ਵਿੱਚ ਸਾਵਧਾਨੀ ਵਰਤਣ ਲਈ ਮਜਬੂਰ ਕਰ ਦਿੱਤਾ ਹੈ| ਰੂਸ-ਚੀਨ ਗਠਜੋੜ ਨਾਲ ਪੂਰੀ ਤਰ੍ਹਾਂ ਜੁੜਨਾ ਭਾਰਤ ਲਈ ਖਤਰਨਾਕ ਹੋ ਸਕਦਾ ਹੈ| ਚੀਨ ਭਾਰਤ ਦਾ ਸਭ ਤੋਂ ਵੱਡਾ ਸਰਹੱਦੀ ਚੁਣੌਤੀ ਹੈ ਅਤੇ ਪਾਕਿਸਤਾਨ ਨੂੰ ਹਰ ਤਰ੍ਹਾਂ ਨਾਲ ਸਮਰਥਨ ਦਿੰਦਾ ਹੈ| ਰੂਸ ਤੋਂ ਰੱਖਿਆ ਸਹਿਯੋਗ ਜ਼ਰੂਰ ਮਿਲਦਾ ਹੈ, ਪਰ ਰੂਸ ਹੁਣ ਚੀਨ ਦਾ ਵੱਧ ਨਿਰਭਰ ਹੋ ਰਿਹਾ ਹੈ| ਇਸ ਨਾਲ ਭਾਰਤ ਨੂੰ ਅਮਰੀਕਾ ਅਤੇ ਪੱਛਮੀ ਦੇਸ਼ਾਂ ਤੋਂ ਦੂਰੀ ਵਧ ਸਕਦੀ ਹੈ|
ਦੂਜੇ ਪਾਸੇ ਅਮਰੀਕਾ ਵੱਲ ਪੂਰੀ ਤਰ੍ਹਾਂ ਝੁਕਣਾ ਵੀ ਸਹੀ ਨਹੀਂ| ਅਮਰੀਕਾ ਦੀ ਵਿਦੇਸ਼ ਨੀਤੀ ਆਪਣੇ ਹਿੱਤਾਂ ਅਨੁਸਾਰ ਬਦਲਦੀ ਰਹਿੰਦੀ ਹੈ ਅਤੇ ਭਾਰਤ ਨੂੰ ਚੀਨ ਵਿਰੁੱਧ ਇੱਕ ਟੂਲ ਵਜੋਂ ਵਰਤ ਸਕਦਾ ਹੈ| ਇਸ ਨਾਲ ਰੂਸ ਨਾਲ ਪੁਰਾਣੇ ਸਬੰਧ ਖਤਰੇ ਵਿੱਚ ਪੈ ਸਕਦੇ ਹਨ|
-ਰਜਿੰਦਰ ਸਿੰਘ ਪੁਰੇਵਾਲ