ਲੈਸਟਰ (ਇੰਗਲੈਂਡ), 15 ਜਨਵਰੀ (ਸੁਖਜਿੰਦਰ ਸਿੰਘ ਢੱਡੇ)-
ਇੰਗਲੈਂਡ ਦੇ ਹੈਂਪਸ਼ਾਇਰ ਕਾਉਂਟੀ ਅਧੀਨ ਪੈਂਦੇ ਸੁੰਦਰ ਤੇ ਸ਼ਾਂਤ ਪੇਂਡੂ ਇਲਾਕੇ ਚੈਰੀਟਨ ਵਿੱਚ ਉਸ ਸਮੇਂ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਦੀ ਇੱਕ 68 ਸਾਲਾ ਮਹਿਲਾ ਨੂੰ ਉਸਦੇ ਆਪਣੇ ਘਰ ਅੰਦਰ ਛੁਰੇ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸੇ ਘਟਨਾ ਦੌਰਾਨ 39 ਸਾਲਾ ਇੱਕ ਵਿਅਕਤੀ ਵੀ ਭਾਰੀ ਜ਼ਖ਼ਮੀ ਹਾਲਤ ਵਿੱਚ ਮਿਲਿਆ, ਜਿਸਦੀ ਹਾਲਤ ਹਸਪਤਾਲ ਵਿੱਚ ਨਾਜ਼ੁਕ ਬਣੀ ਹੋਈ ਹੈ।
ਚੈਰੀਟਨ ਪਿੰਡ ਆਮ ਤੌਰ &lsquoਤੇ ਬਹੁਤ ਹੀ ਸ਼ਾਂਤ ਮੰਨਿਆ ਜਾਂਦਾ ਹੈ। ਪੱਥਰਾਂ ਨਾਲ ਬਣੇ ਪੁਰਾਣੇ ਘਰ, ਛੱਤਾਂ &lsquoਤੇ ਫੂਸ, ਘਰਾਂ ਅੱਗੇ ਛੋਟੇ ਬਾਗ, ਤੰਗ ਗਲੀਆਂ ਅਤੇ ਆਲੇ-ਦੁਆਲੇ ਖੇਤ&mdashਇੱਥੇ ਜ਼ਿੰਦਗੀ ਹੌਲੀ ਚੱਲਦੀ ਹੈ। ਲੋਕ ਇੱਕ-ਦੂਜੇ ਨੂੰ ਨਾਂ ਨਾਲ ਜਾਣਦੇ ਹਨ ਅਤੇ ਰਾਤ ਨੂੰ ਵੀ ਅਮਨ-ਚੈਨ ਨਾਲ ਸੁੱਤੇ ਰਹਿੰਦੇ ਹਨ। ਪਰ ਇਸ ਖੂਨੀ ਘਟਨਾ ਨੇ ਪਿੰਡ ਦੀ ਸਾਰੀ ਖਾਮੋਸ਼ੀ ਨੂੰ ਇਕ ਪਲ ਵਿੱਚ ਤੋੜ ਦਿੱਤਾ।
ਜਿਸ ਘਰ ਵਿੱਚ ਇਹ ਵਾਰਦਾਤ ਵਾਪਰੀ, ਉਹ ਪਿੰਡ ਦੀ ਇੱਕ ਤੰਗ ਗਲੀ ਵਿੱਚ ਸਥਿਤ ਪੁਰਾਣਾ ਪੱਥਰ ਦਾ ਘਰ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਗਲੀ ਦੇ ਦੋਹਾਂ ਸਿਰਿਆਂ &lsquoਤੇ ਪੁਲਿਸ ਦੀਆਂ ਗੱਡੀਆਂ ਲੱਗ ਗਈਆਂ। ਨੀਲੀ-ਸਫੈਦ ਟੇਪ ਨਾਲ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਫੋਰੈਂਸਿਕ ਅਧਿਕਾਰੀ ਘਰ ਦੇ ਅੰਦਰ&ndashਬਾਹਰ ਹਰ ਕੋਨੇ ਦੀ ਬਾਰੀਕੀ ਨਾਲ ਜਾਂਚ ਕਰਦੇ ਨਜ਼ਰ ਆਏ। ਗਲੀਆਂ ਵਿੱਚ ਸਨਾਟਾ ਛਾ ਗਿਆ ਅਤੇ ਲੋਕ ਆਪਣੇ ਘਰਾਂ ਦੇ ਦਰਵਾਜ਼ਿਆਂ &lsquoਚ ਖੜ੍ਹੇ ਹੋ ਕੇ ਦੂਰੋਂ ਸਾਰੀ ਕਾਰਵਾਈ ਵੇਖਦੇ ਰਹੇ।
ਪੁਲਿਸ ਮੁਤਾਬਕ ਮਹਿਲਾ ਦੀ ਪਹਿਚਾਣ ਗਿੱਲੀ ਲਿਵੀ ਵਜੋਂ ਹੋਈ ਹੈ। ਪੋਸਟਮਾਰਟਮ ਰਿਪੋਰਟ ਵਿੱਚ ਪੁਸ਼ਟੀ ਹੋਈ ਹੈ ਕਿ ਉਸਦੀ ਮੌਤ ਗਰਦਨ &lsquoਤੇ ਲੱਗੀ ਛੁਰੀ ਦੀ ਚੋਟ ਕਾਰਨ ਹੋਈ। 39 ਸਾਲਾ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰ ਉਸਦੀ ਜਾਨ ਬਚਾਉਣ ਲਈ ਜੁੱਟੇ ਹੋਏ ਹਨ।
ਇਸ ਮਾਮਲੇ ਦੀ ਜਾਂਚ ਹੈਂਪਸ਼ਾਇਰ ਪੁਲਿਸ ਵੱਲੋਂ ਕਤਲ ਦੀ ਜਾਂਚ ਵਜੋਂ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਹ ਘਟਨਾ ਅਲੱਗ-ਥਲੱਗ ਲੱਗਦੀ ਹੈ ਅਤੇ ਪਿੰਡ ਵਾਸੀਆਂ ਲਈ ਕੋਈ ਤੁਰੰਤ ਖ਼ਤਰਾ ਨਹੀਂ, ਪਰ ਫਿਰ ਵੀ ਸਾਵਧਾਨੀ ਵਜੋਂ ਇਲਾਕੇ &lsquoਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ।
ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ &ldquoਇੱਥੇ ਕਦੇ ਉੱਚੀ ਆਵਾਜ਼ ਵੀ ਨਹੀਂ ਸੁਣੀ ਜਾਂਦੀ ਸੀ, ਅਜਿਹੀ ਵਾਰਦਾਤ ਸਾਡੇ ਲਈ ਸੁਪਨੇ ਵਰਗੀ ਹੈ।&rdquo ਕਈ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਹੀ ਰੱਖਿਆ ਹੋਇਆ ਹੈ ਅਤੇ ਪਿੰਡ ਦੀ ਰੋਜ਼ਾਨਾ ਜ਼ਿੰਦਗੀ ਕੁਝ ਸਮੇਂ ਲਈ ਠਹਿਰ ਗਈ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਘਟਨਾ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ ਪਿੰਡ ਵਿੱਚ ਕੋਈ ਅਣਜਾਣ ਚਿਹਰਾ, ਅਜੀਬ ਹਿਲਜੁਲ ਜਾਂ ਸ਼ੱਕੀ ਗੱਲ ਵੇਖੀ ਹੋਵੇ ਤਾਂ ਬਿਨਾਂ ਡਰ ਅੱਗੇ ਆ ਕੇ ਜਾਣਕਾਰੀ ਸਾਂਝੀ ਕਰੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੱਚਾਈ ਤੱਕ ਪਹੁੰਚਣ ਲਈ ਹਰੇਕ ਛੋਟੀ ਤੋਂ ਛੋਟੀ ਕੜੀ ਮਹੱਤਵਪੂਰਨ ਹੈ।
ਇਸ ਦਰਦਨਾਕ ਘਟਨਾ ਨੇ ਚੈਰੀਟਨ ਪਿੰਡ ਦੀ ਸਾਦਗੀ, ਭਰੋਸੇ ਅਤੇ ਅਮਨ-ਚੈਨ ਨੂੰ ਡੂੰਘਾ ਝਟਕਾ ਦਿੱਤਾ ਹੈ। ਪਿੰਡ ਵਾਸੀ ਅਜੇ ਵੀ ਸਦਮੇ ਵਿੱਚ ਹਨ ਅਤੇ ਹਰ ਕਿਸੇ ਦੀ ਇੱਕੋ ਆਸ ਹੈ ਕਿ ਦੋਸ਼ੀ ਜਲਦ ਕਾਨੂੰਨ ਦੇ ਕਟਘਰੇ ਵਿੱਚ ਲਿਆਂਦਾ ਜਾਵੇ।