ਨਕਲੀ ਡਿਲੀਵਰੂ ਡਰਾਈਵਰ ਬਣ ਕੇ 8 ਸਾਲਾ ਬੱਚੀ ਤੇ ਪਿਤਾ ਨੂੰ ਗੋਲੀ ਮਾਰਨ ਵਾਲੇ ਨੂੰ 38 ਸਾਲ ਕੈਦ

 ਲੈਸਟਰ (ਇੰਗਲੈਂਡ), 16 ਜਨਵਰੀ (ਸੁਖਜਿੰਦਰ ਸਿੰਘ ਢੱਡੇ)-
ਇੰਗਲੈਂਡ ਦੇ ਨੌਰਥ&ndashਵੈਸਟ ਹਿੱਸੇ ਦੇ ਲੈਡਬ੍ਰੋਕ ਗਰੋਵ ਇਲਾਕੇ 
 ਵਿੱਚ ਵਾਪਰੀ ਇਕ ਖੌਫ਼ਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਨਕਲੀ ਡਿਲੀਵਰੂ ਡਰਾਈਵਰ ਬਣ ਕੇ ਇਕ ਪਰਿਵਾਰ &lsquoਤੇ ਅੰਧਾਧੁੰਦ ਗੋਲੀਆਂ ਚਲਾਉਣ ਵਾਲੇ ਦੋਸ਼ੀ ਨੂੰ ਅਦਾਲਤ ਵੱਲੋਂ 38 ਸਾਲ ਦੀ ਲੰਮੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਘਟਨਾ ਵਿੱਚ 8 ਸਾਲਾ ਮਾਸੂਮ ਬੱਚੀ ਅਤੇ ਉਸਦਾ ਪਿਤਾ ਗੰਭੀਰ ਤੌਰ &lsquoਤੇ ਜ਼ਖ਼ਮੀ ਹੋ ਗਏ ਸਨ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਦੋਸ਼ੀ ਜੈਜ਼ ਰੀਡ ਨੇ ਡਿਲੀਵਰੂ ਡਰਾਈਵਰ ਦੀ ਵਰਦੀ (ਯੂਨੀਫਾਰਮ) ਅਤੇ ਡਿਲੀਵਰੀ ਬੈਗ ਦੀ ਵਰਤੋਂ ਕਰਕੇ ਲੋਕਾਂ ਦਾ ਭਰੋਸਾ ਜਿੱਤਿਆ। ਘਟਨਾ ਵਾਲੀ ਰਾਤ ਉਹ ਸਾਈਕਲ &lsquoਤੇ ਸਵਾਰ ਹੋ ਕੇ ਘਰ ਦੇ ਬਾਹਰ ਪਹੁੰਚਿਆ ਅਤੇ ਦਰਵਾਜ਼ਾ ਖੁਲਦੇ ਹੀ ਬਿਨਾਂ ਕਿਸੇ ਚੇਤਾਵਨੀ ਦੇ ਫਾਇਰਿੰਗ ਕਰ ਦਿੱਤੀ। ਗੋਲੀਆਂ ਸਿੱਧਾ ਘਰ ਅੰਦਰ ਮੌਜੂਦ ਪਰਿਵਾਰ ਨੂੰ ਲੱਗੀਆਂ, ਜਿਸ ਨਾਲ ਮਾਹੌਲ ਵਿੱਚ ਭਿਆਨਕ ਦਹਿਸ਼ਤ ਫੈਲ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸਿਰਫ਼ ਇਕੋ ਇਕ ਘਟਨਾ ਨਹੀਂ ਸੀ, ਸਗੋਂ ਜੈਜ਼ ਰੀਡ ਨੇ ਇਸ ਤੋਂ ਪਹਿਲਾਂ ਵੀ ਕੁਝ ਹਫ਼ਤਿਆਂ ਦੇ ਅੰਦਰ ਦੋ ਹੋਰ ਗੋਲੀਕਾਂਡ ਕੀਤੇ ਸਨ। ਪੁਲਿਸ ਮੁਤਾਬਕ ਦੋਸ਼ੀ ਪੂਰੀ ਤਰ੍ਹਾਂ ਯੋਜਨਾਬੱਧ ਢੰਗ ਨਾਲ ਹਮਲੇ ਕਰਦਾ ਸੀ ਅਤੇ ਹਰ ਵਾਰ ਨਕਲੀ ਡਿਲੀਵਰੂ ਡਰਾਈਵਰ ਦਾ ਭੇਸ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ।
ਘਟਨਾ ਤੋਂ ਬਾਅਦ ਲੰਡਨ ਦੇ ਲੈਡਬ੍ਰੋਕ ਗਰੋਵ ਇਲਾਕੇ ਵਿੱਚ ਭਾਰੀ ਪੁਲਿਸ ਤਾਇਨਾਤੀ ਕਰ ਦਿੱਤੀ ਗਈ। ਮੈਟ੍ਰੋਪੋਲਿਟਨ ਪੁਲਿਸ ਨੇ ਸੀਸੀਟੀਵੀ ਫੁਟੇਜ, ਮੋਬਾਈਲ ਡਾਟਾ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ &lsquoਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ ਉਸ ਕੋਲੋਂ ਹਥਿਆਰ, ਨਕਲੀ ਡਿਲੀਵਰੂ ਸਾਮਾਨ ਅਤੇ ਹੋਰ ਅਹੰਕਾਰਪੂਰਨ ਸਬੂਤ ਵੀ ਬਰਾਮਦ ਕੀਤੇ ਗਏ।
ਇਸ ਮਾਮਲੇ ਦੀ ਸੁਣਵਾਈ ਲੰਡਨ ਦੀ ਪ੍ਰਸਿੱਧ ਅਦਾਲਤ ਓਲਡ ਬੇਲੀ ਵਿੱਚ ਹੋਈ, ਜਿੱਥੇ ਜੱਜ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਦਾ ਵਿਹਾਰ ਬੇਹੱਦ ਖ਼ਤਰਨਾਕ, ਨਿਰਦਈ ਅਤੇ ਸਮਾਜ ਲਈ ਵੱਡਾ ਖ਼ਤਰਾ ਹੈ। ਅਦਾਲਤ ਨੇ ਕਿਹਾ ਕਿ ਮਾਸੂਮ ਬੱਚੀ &lsquoਤੇ ਗੋਲੀ ਚਲਾਉਣਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਅਪਰਾਧ ਹੈ ਅਤੇ ਅਜਿਹੇ ਵਿਅਕਤੀ ਨੂੰ ਸਮਾਜ ਤੋਂ ਲੰਮੇ ਸਮੇਂ ਲਈ ਦੂਰ ਰੱਖਣਾ ਜ਼ਰੂਰੀ ਹੈ।
ਅਦਾਲਤ ਵੱਲੋਂ 38 ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਪੀੜਤ ਪਰਿਵਾਰ ਨੇ ਇਨਸਾਫ਼ ਮਿਲਣ &lsquoਤੇ ਰਾਹਤ ਮਹਿਸੂਸ ਕੀਤੀ। ਉੱਧਰ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਡਿਲੀਵਰੀ ਡਰਾਈਵਰ ਜਾਂ ਅਣਪਛਾਤੇ ਵਿਅਕਤੀ ਲਈ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਪੂਰੀ ਜਾਂਚ ਕਰੀ ਜਾਵੇ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।
ਇਸ ਸਨਸਨੀਖੇਜ਼ ਮਾਮਲੇ ਨੇ ਪੂਰੇ ਇੰਗਲੈਂਡ ਵਿੱਚ ਡਿਲੀਵਰੀ ਸੇਵਾਵਾਂ ਦੀ ਸੁਰੱਖਿਆ ਅਤੇ ਲੋਕਾਂ ਦੀ ਹਿਫ਼ਾਜ਼ਤ ਸਬੰਧੀ ਗੰਭੀਰ ਚਰਚਾ ਛੇੜ ਦਿੱਤੀ ਹੈ।