ਟਿਕਟਾਕ ਖ਼ਿਲਾਫ਼ ਅਮਰੀਕਾ ਦੀ ਅਦਾਲਤ ਵਿੱਚ ਬ੍ਰਿਟਿਸ਼ ਪਰਿਵਾਰਾਂ ਦੀ ਕਾਨੂੰਨੀ ਲੜਾਈ

 

* ਪਰਿਵਾਰਾਂ ਦਾ ਦੋਸ ਟਿਕਟਾਕ &lsquoਤੇ ਵਾਇਰਲ ਰੁਝਾਨਾਂ ਨੇ ਬੱਚਿਆਂ ਦੀਆਂ ਲੈ ਲਈਆਂ ਜਾਨਾਂ 
ਲੈਸਟਰ (ਇੰਗਲੈਂਡ), 16 ਜਨਵਰੀ (ਸੁਖਜਿੰਦਰ ਸਿੰਘ ਢੱਡੇ)-
ਸੋਸ਼ਲ ਮੀਡੀਆ ਪਲੇਟਫ਼ਾਰਮ ਟਿਕਟਾਕ ਇੱਕ ਵੱਡੀ ਕਾਨੂੰਨੀ ਮੁਸ਼ਕਲ ਵਿੱਚ ਫਸਦਾ ਨਜ਼ਰ ਆ ਰਿਹਾ ਹੈ, ਜਿੱਥੇ ਇੰਗਲੈਂਡ ਦੇ ਪੰਜ ਪਰਿਵਾਰਾਂ ਨੇ ਆਪਣੇ ਬੱਚਿਆਂ ਦੀ ਮੌਤ ਲਈ ਟਿਕਟਾਕ ਦੇ ਐਲਗੋਰਿਥਮ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਮਰੀਕਾ ਦੀ ਅਦਾਲਤ ਵਿੱਚ ਮੁਕੱਦਮਾ ਦਰਜ ਕਰਵਾਇਆ ਹੈ। ਇਨ੍ਹਾਂ ਪਰਿਵਾਰਾਂ ਦਾ ਦਾਅਵਾ ਹੈ ਕਿ ਟਿਕਟਾਕ ਵੱਲੋਂ ਦਿਖਾਏ ਜਾਂਦੇ ਖ਼ਤਰਨਾਕ ਵਾਇਰਲ ਟ੍ਰੈਂਡਾਂ ਨੇ ਉਨ੍ਹਾਂ ਦੇ ਨਾਬਾਲਿਗ ਬੱਚਿਆਂ ਦੀ ਜਾਨ ਲੈ ਲਈ।
ਪਰਿਵਾਰਾਂ ਮੁਤਾਬਕ, ਟਿਕਟਾਕ &lsquoਤੇ ਵਾਇਰਲ ਹੋ ਰਹੇ ਕੁਝ ਚੈਲੈਂਜ, ਜਿਨ੍ਹਾਂ ਵਿੱਚ ਸਾਹ ਰੋਕਣ ਜਾਂ ਖ਼ਤਰਨਾਕ ਤਜਰਬੇ ਕਰਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ, ਬੱਚਿਆਂ ਤੱਕ ਲਗਾਤਾਰ ਪਹੁੰਚਾਏ ਗਏ। ਇਹ ਸਮੱਗਰੀ ਟਿਕਟਾਕ ਦੇ ਐਲਗੋਰਿਥਮ ਰਾਹੀਂ ਵਾਰ-ਵਾਰ ਉਨ੍ਹਾਂ ਦੇ ਫੋਨਾਂ &lsquoਤੇ ਆਉਂਦੀ ਰਹੀ, ਜਿਸ ਨਾਲ ਬੱਚਿਆਂ ਦੀ ਮਾਨਸਿਕ ਹਾਲਤ &lsquoਤੇ ਗੰਭੀਰ ਅਸਰ ਪਿਆ।
ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਮਾਇਆ ਵਾਲਸ਼, ਜੂਲਜ਼, ਆਇਜ਼ੈਕ, ਨੋਆ ਗੋਰਡਨ ਅਤੇ ਆਰਚੀ ਬੈਟਰਸਬੀ ਦੀ ਮੌਤ ਤੋਂ ਬਾਅਦ ਮਾਪਿਆਂ ਨੇ ਦੋਸ਼ ਲਗਾਇਆ ਹੈ ਕਿ ਟਿਕਟਾਕ ਨੇ ਨਾ ਤਾਂ ਸਮੇਂ ਸਿਰ ਚੇਤਾਵਨੀ ਦਿੱਤੀ ਅਤੇ ਨਾ ਹੀ ਅਜਿਹੀ ਖ਼ਤਰਨਾਕ ਸਮੱਗਰੀ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕੇ। ਮਾਪਿਆਂ ਦਾ ਕਹਿਣਾ ਹੈ ਕਿ ਜੇ ਸਮੇਂ &lsquoਤੇ ਰੋਕ ਲੱਗਦੀ ਤਾਂ ਅੱਜ ਉਨ੍ਹਾਂ ਦੇ ਬੱਚੇ ਜਿਉਂਦੇ ਹੁੰਦੇ।
ਅਮਰੀਕਾ ਵਿੱਚ ਦਰਜ ਕੀਤੇ ਗਏ ਇਸ ਕੇਸ ਵਿੱਚ &ldquoਰੌਂਗਫੁਲ ਡੈਥ&rdquo (ਗਲਤ ਮੌਤ) ਦਾ ਦਾਅਵਾ ਕੀਤਾ ਗਿਆ ਹੈ। ਮਾਪਿਆਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਕੇਸ ਸਿਰਫ਼ ਇਨ੍ਹਾਂ ਪੰਜ ਪਰਿਵਾਰਾਂ ਤੱਕ ਸੀਮਤ ਨਹੀਂ, ਸਗੋਂ ਦੁਨੀਆ ਭਰ ਵਿੱਚ ਸੋਸ਼ਲ ਮੀਡੀਆ ਦੇ ਬੇਲਗਾਮ ਪ੍ਰਭਾਵਾਂ ਖ਼ਿਲਾਫ਼ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੈ।
ਇਸ ਮਾਮਲੇ ਸਬੰਧੀ ਇੰਗਲੈਡ ਦੇ ਇੱਕ ਟੀ ਵੀ ਚੈਨਲ ਨਾਲ ਗੱਲਬਾਤ ਕਰਦਿਆਂ ਪਰਿਵਾਰਾਂ ਨੇ ਕਿਹਾ ਕਿ ਇਹ ਇੱਕ &ldquoਗਲੋਬਲ ਸਮੱਸਿਆ&rdquo ਬਣ ਚੁੱਕੀ ਹੈ, ਜਿੱਥੇ ਤਕਨੀਕ ਕੰਪਨੀਆਂ ਨੌਜਵਾਨਾਂ ਦੀ ਸੁਰੱਖਿਆ ਨਾਲੋਂ ਵੱਧ ਆਪਣੀ ਕਮਾਈ ਨੂੰ ਤਰਜੀਹ ਦੇ ਰਹੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਟਿਕਟਾਕ ਜਾਣ-ਬੁੱਝ ਕੇ ਅਜਿਹੀ ਸਮੱਗਰੀ ਨੂੰ ਉਭਾਰਦਾ ਹੈ, ਜੋ ਬੱਚਿਆਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ, ਕਿਉਂਕਿ ਇਸ ਨਾਲ ਐਪ &lsquoਤੇ ਸਮਾਂ ਵਧਦਾ ਹੈ।
ਟਿਕਟਾਕ ਵੱਲੋਂ ਹਾਲੇ ਤੱਕ ਇਸ ਮਾਮਲੇ &lsquoਤੇ ਕੋਈ ਵਿਸਥਾਰਪੂਰਕ ਬਿਆਨ ਸਾਹਮਣੇ ਨਹੀਂ ਆਇਆ, ਪਰ ਪਹਿਲਾਂ ਜਾਰੀ ਕੀਤੇ ਗਏ ਬਿਆਨਾਂ ਵਿੱਚ ਕੰਪਨੀ ਹਮੇਸ਼ਾ ਇਹ ਕਹਿੰਦੀ ਆਈ ਹੈ ਕਿ ਉਹ ਯੂਜ਼ਰਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਖ਼ਤਰਨਾਕ ਸਮੱਗਰੀ ਖ਼ਿਲਾਫ਼ ਨੀਤੀਆਂ ਲਾਗੂ ਹਨ।
ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਅਦਾਲਤ ਪਰਿਵਾਰਾਂ ਦੇ ਹੱਕ ਵਿੱਚ ਫ਼ੈਸਲਾ ਦਿੰਦੀ ਹੈ, ਤਾਂ ਇਹ ਫ਼ੈਸਲਾ ਸਾਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਕੰਪਨੀਆਂ ਲਈ ਇੱਕ ਨਜ਼ੀਰ ਬਣ ਸਕਦਾ ਹੈ। ਇਸ ਨਾਲ ਨਾ ਸਿਰਫ਼ ਟਿਕਟਾਕ, ਸਗੋਂ ਹੋਰ ਪਲੇਟਫ਼ਾਰਮਾਂ ਨੂੰ ਵੀ ਆਪਣੇ ਐਲਗੋਰਿਥਮ ਅਤੇ ਨੀਤੀਆਂ &lsquoਚ ਵੱਡੇ ਬਦਲਾਅ ਕਰਨੇ ਪੈ ਸਕਦੇ ਹਨ।
ਫਿਲਹਾਲ, ਇੰਗਲੈਂਡ ਅਤੇ ਅਮਰੀਕਾ ਦੋਵਾਂ ਵਿੱਚ ਇਹ ਮਾਮਲਾ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਹਰ ਕਿਸੇ ਦੀ ਨਜ਼ਰ ਅਦਾਲਤ ਦੇ ਅਗਲੇ ਕਦਮ &lsquoਤੇ ਟਿਕੀ ਹੋਈ ਹੈ।