ਵੈਸਟ ਬਰੌਮਵਿਚ ਗੁਰਦੁਆਰਾ ਸਾਹਿਬ ਬਾਹਰ ਮਾਸ ਸੁੱਟਣ ਵਾਲਾ ਗ੍ਰਿਫ਼ਤਾਰ, ਮਾਮਲਾ ਸੰਸਦ ਤੱਕ ਪੁੱਜਾ

 ਲੈਸਟਰ (ਇੰਗਲੈਂਡ), 17 ਜਨਵਰੀ (ਸੁਖਜਿੰਦਰ ਸਿੰਘ ਢੱਡੇ)-
ਬ੍ਰਿਟੇਨ ਦੇ ਵੈਸਟ ਬਰੌਮਵਿਚ ਵਿਚ ਸਥਿਤ ਪਵਿੱਤਰ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਬਾਹਰ ਕੱਚਾ ਮਾਸ ਸੁੱਟ ਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਦੋਸ਼ੀ ਦੀ ਪਛਾਣ 42 ਸਾਲਾ ਟੌਮਾਜ਼ ਬ੍ਰੁਚ ਵਜੋਂ ਹੋਈ ਹੈ, ਜਿਸ ਦਾ ਕੋਈ ਪੱਕਾ ਰਿਹਾਇਸ਼ੀ ਪਤਾ ਦਰਜ ਨਹੀਂ ਮਿਲਿਆ।
ਪੁਲਿਸ ਨੇ ਇਸ ਘਟਨਾ ਨੂੰ ਸਿੱਖ ਧਰਮ ਦੀ ਮਰਯਾਦਾ ਦੇ ਖ਼ਿਲਾਫ਼ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਕਰਾਰ ਦਿੰਦਿਆਂ ਮਾਮਲਾ ਦਰਜ ਕੀਤਾ ਹੈ। ਇਹ ਵਾਰਦਾਤ 22 ਦਸੰਬਰ ਨੂੰ ਵਾਪਰੀ ਸੀ, ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।
ਜਾਂਚ ਦੌਰਾਨ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ, ਜਿਸ ਵਿਚ ਦੋਸ਼ੀ ਨੂੰ ਗੁਰਦੁਆਰਾ ਸਾਹਿਬ ਦੇ ਗੇਟ ਕੋਲ ਇਕ ਥੈਲੇ ਵਿਚੋਂ ਕੱਚਾ ਮਾਸ ਸੁੱਟਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਫੁਟੇਜ ਦੇ ਆਧਾਰ &lsquoਤੇ ਹੀ ਪੁਲਿਸ ਨੇ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਕਾਬੂ ਕੀਤਾ।
ਇਸ ਮਾਮਲੇ ਨੇ ਉਸ ਵੇਲੇ ਹੋਰ ਤੂਲ ਫੜਿਆ, ਜਦੋਂ ਵੈਸਟ ਬਰੌਮਵਿਚ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਸਾਰਾ ਕੂਮਬਜ਼ ਨੇ 8 ਜਨਵਰੀ ਨੂੰ ਬ੍ਰਿਟੇਨ ਦੀ ਸੰਸਦ ਵਿਚ ਇਹ ਮਸਲਾ ਉਠਾਇਆ। ਉਨ੍ਹਾਂ ਇਸ ਘਟਨਾ ਨੂੰ ਸਿੱਖ ਭਾਈਚਾਰੇ ਖ਼ਿਲਾਫ਼ ਨਫ਼ਰਤ ਤੋਂ ਪ੍ਰੇਰਿਤ ਇਕ ਘਿਨੌਣਾ ਕ੍ਰਿਤ੍ਯ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਕਿਸੇ ਵੀ ਸੂਰਤ ਵਿਚ ਬਰਦਾਸ਼ਤਯੋਗ ਨਹੀਂ ਹਨ।
ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੰਸਦ ਮੈਂਬਰ ਸਾਰਾ ਕੂਮਬਜ਼ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਵੀਡੀਓ ਸਾਂਝੀ ਕਰਕੇ ਸੰਤੋਖ ਜ਼ਾਹਰ ਕੀਤਾ ਅਤੇ ਉਮੀਦ ਜਤਾਈ ਕਿ ਦੋਸ਼ੀ ਨੂੰ ਉਸਦੇ ਕਰਤੂਤਾਂ ਦੀ ਸਖ਼ਤ ਸਜ਼ਾ ਮਿਲੇਗੀ।
ਪੁਲਿਸ ਵੱਲੋਂ ਦੱਸਿਆ ਗਿਆ ਕਿ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਅਗਲੀ ਸੁਣਵਾਈ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਵੂਲਵਰਹੈਂਪਟਨ ਮੈਜਿਸਟ੍ਰੇਟ ਅਦਾਲਤ ਵਿਚ ਹੋਵੇਗੀ।
ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਹਾਦਰ ਸਿੰਘ ਕੰਗ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਿਸ ਅਤੇ ਬਰਤਾਨੀਆ ਸਰਕਾਰ ਉਹਨਾਂ ਨੂੰ ਪੂਰਨ ਸਹਿਯੋਗ ਦੇ ਰਹੀ ਹੈ, ਉਹਨਾਂ ਨੇ ਸਿੱਖ ਭਾਈਚਾਰੇ ਨੂੰ ਸ਼ਾਂਤੀ ਬਣਈ ਰੱਖਣ ਦੀ ਅਪੀਲ ਕਰਦੇ ਆਂ ਕਿਹਾ ਕਿ
 ਉਕਤ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਕਰਾਉਣ ਲਈ ਪ੍ਰਬੰਧਕ ਕਮੇਟੀ ਵੱਲੋਂ ਨਿਰੰਤਰ ਪੁਲਿਸ ਨਾਲ ਤਾਲਮੇਲ ਰੱਖਿਆ ਜਾ ਰਿਹਾ।