ਟਰੰਪ ਦੇ ਗ੍ਰੀਨਲੈਂਡ ਬਿਆਨਾਂ ਕਾਰਨ ਕਿੰਗ ਚਾਰਲਜ਼ ਦੀ ਅਮਰੀਕਾ ਯਾਤਰਾ ‘ਤੇ ਸੰਕਟ

 ਲੈਸਟਰ (ਇੰਗਲੈਂਡ), 18 ਜਨਵਰੀ (ਸੁਖਜਿੰਦਰ ਸਿੰਘ ਢੱਡੇ)-

ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਸਬੰਧੀ ਦਿੱਤੀਆਂ ਗਈਆਂ ਧਮਕੀਆਂ ਅਤੇ ਤਿੱਖੇ ਬਿਆਨਾਂ ਕਾਰਨ ਬ੍ਰਿਟੇਨ ਅਤੇ ਅਮਰੀਕਾ ਦਰਮਿਆਨ ਕੂਟਨੀਤਿਕ ਤਣਾਅ ਵਧਦਾ ਨਜ਼ਰ ਆ ਰਿਹਾ ਹੈ, ਜਿਸ ਦਾ ਸਿੱਧਾ ਅਸਰ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਜ਼ ਤੀਜੇ ਦੀ ਆਉਣ ਵਾਲੀ ਅਮਰੀਕਾ ਯਾਤਰਾ &lsquoਤੇ ਪੈ ਸਕਦਾ ਹੈ। ਬ੍ਰਿਟੇਨ ਦੀ ਸੰਸਦ ਦੇ ਕਈ ਮੈਂਬਰਾਂ ਵੱਲੋਂ ਰਾਜਾ ਨੂੰ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਆਪਣੀ ਯਾਤਰਾ ਰੱਦ ਜਾਂ ਮੋਅੱਤਲ ਕਰਨ ਦੀ ਅਪੀਲ ਕੀਤੀ ਗਈ ਹੈ।
ਰਿਪੋਰਟਾਂ ਮੁਤਾਬਕ ਕਿੰਗ ਚਾਰਲਜ਼ ਦੀ ਇਹ ਅਮਰੀਕਾ ਯਾਤਰਾ ਬਸੰਤ ਰੁੱਤ ਦੌਰਾਨ ਹੋਣੀ ਸੀ, ਜਿਸਦਾ ਮਕਸਦ ਬ੍ਰਿਟੇਨ-ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਕਈ ਕੂਟਨੀਤਿਕ ਕਾਰਜਕ੍ਰਮਾਂ ਵਿੱਚ ਸ਼ਮੂਲੀਅਤ ਕਰਨਾ ਸੀ। ਪਰ ਟਰੰਪ ਵੱਲੋਂ ਗ੍ਰੀਨਲੈਂਡ ਨੂੰ ਲੈ ਕੇ ਬ੍ਰਿਟੇਨ, ਡੈਨਮਾਰਕ ਅਤੇ ਯੂਰਪੀ ਦੇਸ਼ਾਂ ਪ੍ਰਤੀ ਅਪਣਾਏ ਗਏ ਸਖ਼ਤ ਰੁਖ ਨੇ ਇਸ ਯਾਤਰਾ ਨੂੰ ਵਿਵਾਦਾਂ &lsquoਚ ਘੇਰ ਲਿਆ ਹੈ।
ਬ੍ਰਿਟਿਸ਼ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਰਾਜਾ ਦੀ ਅਮਰੀਕਾ ਯਾਤਰਾ ਗਲਤ ਸੰਦੇਸ਼ ਦੇ ਸਕਦੀ ਹੈ ਅਤੇ ਬ੍ਰਿਟੇਨ ਦੀ ਕੂਟਨੀਤਿਕ ਸਥਿਤੀ ਨੂੰ ਅਸਹਜ ਕਰ ਸਕਦੀ ਹੈ। ਕੁਝ ਸਾਂਸਦਾਂ ਨੇ ਸਪਸ਼ਟ ਤੌਰ &lsquoਤੇ ਕਿਹਾ ਹੈ ਕਿ ਜਦੋਂ ਤੱਕ ਟਰੰਪ ਸਰਕਾਰ ਵੱਲੋਂ ਗ੍ਰੀਨਲੈਂਡ ਮਾਮਲੇ &lsquoਤੇ ਆਪਣਾ ਰੁਖ ਨਰਮ ਨਹੀਂ ਕੀਤਾ ਜਾਂਦਾ, ਤਦ ਤੱਕ ਇਹ ਯਾਤਰਾ ਮੁਲਤਵੀ ਰਹਿਣੀ ਚਾਹੀਦੀ ਹੈ।
ਕੂਟਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਕਿੰਗ ਚਾਰਲਜ਼ ਇੱਕ ਸੰਵਿਧਾਨਕ ਰਾਜਾ ਹੋਣ ਦੇ ਨਾਤੇ ਸਿਆਸੀ ਵਿਵਾਦਾਂ ਤੋਂ ਦੂਰ ਰਹਿੰਦੇ ਹਨ, ਪਰ ਮੌਜੂਦਾ ਹਾਲਾਤਾਂ &lsquoਚ ਉਨ੍ਹਾਂ ਦੀ ਅਮਰੀਕਾ ਯਾਤਰਾ ਨੂੰ ਰਾਜਨੀਤਿਕ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬ੍ਰਿਟੇਨ ਸਰਕਾਰ ਇਸ ਮਾਮਲੇ &lsquoਚ ਕਾਫ਼ੀ ਸਾਵਧਾਨੀ ਵਰਤ ਰਹੀ ਹੈ ਅਤੇ ਹਾਲਾਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਬਕਿੰਘਮ ਪੈਲੇਸ ਵੱਲੋਂ ਅਜੇ ਤੱਕ ਇਸ ਯਾਤਰਾ ਸਬੰਧੀ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ। ਸੂਤਰਾਂ ਮੁਤਾਬਕ ਰਾਜਾ ਦੀ ਯਾਤਰਾ ਬਾਰੇ ਅੰਤਿਮ ਫ਼ੈਸਲਾ ਕੂਟਨੀਤਿਕ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਜਾਵੇਗਾ।
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਗ੍ਰੀਨਲੈਂਡ ਮਾਮਲਾ ਹੁਣ ਸਿਰਫ਼ ਅਮਰੀਕਾ ਅਤੇ ਡੈਨਮਾਰਕ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਸ ਨੇ ਯੂਰਪ ਅਤੇ ਬ੍ਰਿਟੇਨ-ਅਮਰੀਕਾ ਸੰਬੰਧਾਂ &lsquoਚ ਵੀ ਤਣਾਅ ਪੈਦਾ ਕਰ ਦਿੱਤਾ ਹੈ। ਅਜਿਹੇ ਵਿੱਚ ਕਿੰਗ ਚਾਰਲਜ਼ ਦੀ ਯਾਤਰਾ ਦਾ ਮੁੱਦਾ ਅਗਲੇ ਕੁਝ ਦਿਨਾਂ ਵਿੱਚ ਬ੍ਰਿਟਿਸ਼ ਰਾਜਨੀਤੀ ਦਾ ਕੇਂਦਰੀ ਵਿਸ਼ਾ ਬਣ ਸਕਦਾ ਹੈ।