ਕਰਨੈਲ ਸਿੰਘ ਪੀਰ ਮੁਹੰਮਦ ਦੀ ਨਿਯੁਕਤੀ ਦਾ ਪ੍ਰਵਾਸੀ ਪੰਜਾਬੀਆਂ ਵੱਲੋਂ ਭਰਵਾਂ ਸਵਾਗਤ

 ਲੈਸਟਰ (ਇੰਗਲੈਂਡ), 18 ਜਨਵਰੀ (ਸੁਖਜਿੰਦਰ ਸਿੰਘ ਢੱਡੇ)-
ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਮਿਸ਼ਨ ਤਹਿਤ ਉਸ ਸਮੇਂ ਪੰਥਕ ਸਫ਼ਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ, ਜਦੋਂ ਜੁਝਾਰੂ, ਨਿਰਭੀਕ ਅਤੇ ਪੰਥਕ ਸੋਚ ਵਾਲੇ ਆਗੂ ਸ. ਕਰਨੈਲ ਸਿੰਘ ਪੀਰ ਮੁਹੰਮਦ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ। ਇਸ ਅਹਿਮ ਨਿਯੁਕਤੀ ਨੂੰ ਦੇਸ਼-ਵਿਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਇਤਿਹਾਸਕ ਕਦਮ ਕਰਾਰ ਦਿੰਦਿਆਂ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ।
ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਅਤੇ ਨਾਮਵਰ ਪੰਥਕ ਸ਼ਖ਼ਸੀਅਤਾਂ ਕਿਰਪਾਲ ਸਿੰਘ ਲੰਡਨ, ਬਲਵਿੰਦਰ ਸਿੰਘ ਸੰਧੂ ਸਾਊਥ ਹਾਲ,ਭਾਈ ਮਲਕੀਅਤ ਸਿੰਘ ਖ਼ਾਲਸਾ ਲੈਸਟਰ, ਗੁਰਨਾਮ ਸਿੰਘ ਨਵਾਂ ਸ਼ਹਿਰ, ਨੇ ਇਸ ਨਿਯੁਕਤੀ &lsquoਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸ. ਕਰਨੈਲ ਸਿੰਘ ਪੀਰ ਮੁਹੰਮਦ ਦੀ ਦੂਰਅੰਦੇਸ਼ੀ ਸੋਚ, ਪੰਥ ਪ੍ਰਤੀ ਨਿਸ਼ਠਾ ਅਤੇ ਜ਼ਮੀਨੀ ਸੰਘਰਸ਼ ਦਾ ਅਨੁਭਵ ਪਾਰਟੀ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਦੇਵੇਗਾ।
ਉਕਤ ਆਗੂਆਂ ਦਾ ਮੰਨਣਾ ਹੈ ਕਿ ਸ. ਪੀਰ ਮੁਹੰੰਮਦ ਨੇ ਹਮੇਸ਼ਾ ਪੰਥਕ ਮਸਲਿਆਂ &lsquoਤੇ ਸਪਸ਼ਟ ਅਤੇ ਨਿਡਰ ਰੁਖ ਅਪਣਾਇਆ ਹੈ ਅਤੇ ਉਨ੍ਹਾਂ ਦੀ ਆਵਾਜ਼ ਪੰਥਕ ਹਿੱਤਾਂ ਲਈ ਮਜ਼ਬੂਤ ਢੰਗ ਨਾਲ ਉੱਭਰਦੀ ਰਹੀ ਹੈ। ਇਸੇ ਕਾਰਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਪਾਰਟੀ ਵਰਕਰਾਂ ਅਨੁਸਾਰ ਸ. ਕਰਨੈਲ ਸਿੰਘ ਪੀਰ ਮੁਹੰਮਦ ਇੱਕ ਅਜਿਹੇ ਆਗੂ ਹਨ ਜੋ ਸਿਰਫ਼ ਮੰਚਾਂ ਤੱਕ ਸੀਮਿਤ ਨਹੀਂ ਰਹੇ, ਸਗੋਂ ਹਮੇਸ਼ਾ ਜ਼ਮੀਨੀ ਪੱਧਰ &lsquoਤੇ ਲੋਕਾਂ ਅਤੇ ਕੌਮ ਦੇ ਮਸਲਿਆਂ ਲਈ ਲੜਦੇ ਰਹੇ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਦੇ ਆਮ ਵਰਕਰਾਂ ਵਿੱਚ ਨਵਾਂ ਜੋਸ਼ ਅਤੇ ਉਮੀਦ ਜਗੀ ਹੈ।
ਪੰਥਕ ਵਰਗਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ. ਪੀਰ ਮੁਹੰਮਦ ਦੀ ਅਗਵਾਈ ਅਤੇ ਬੁਲਾਰੇ ਵਜੋਂ ਭੂਮਿਕਾ ਪਾਰਟੀ ਨੂੰ ਮੁੜ ਪੰਥਕ ਰਾਹ &lsquoਤੇ ਲਿਆਉਣ ਵਿੱਚ ਮਹੱਤਵਪੂਰਨ ਸਾਬਤ ਹੋਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਇੱਕ ਮਜ਼ਬੂਤ ਪੰਥਕ ਤਾਕਤ ਵਜੋਂ ਉਭਰੇਗਾ