ਬੀਕੇਯੂ ਉਗਰਾਹਾਂ ਵੱਲੋਂ ਲੋਕ ਆਵਾਜ਼ ਚੈਨਲ ਬੰਦ ਕਰਨ ਬਦਲੇ ਤਾਨਾਸ਼ਾਹ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ

 ਦਲਜੀਤ ਕੌਰ 

ਚੰਡੀਗੜ੍ਹ, 19 ਜਨਵਰੀ, 2025: ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਖਿਲਾਫ ਕੀਤੇ ਪੁਲਿਸ ਕੇਸਾਂ ਤੋਂ ਬਾਅਦ ਅੱਜ ਲੋਕ ਆਵਾਜ਼ ਚੈਨਲ ਨੂੰ ਬੰਦ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਆਪ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਇਸ ਸੰਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪਿੰਡਾਂ ਦੀਆਂ ਸੱਥਾਂ 'ਚੋਂ ਚੱਲਣ ਵਾਲੀ ਅਤੇ ਆਮ ਘਰਾਂ ਦੇ ਲੋਕਾਂ 'ਚੋਂ ਚੁਣੇ ਨੁਮਾਇੰਦਿਆਂ ਦੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹੁਣ ਖਾਸ ਆਦਮੀ ਪਾਰਟੀਆਂ ਤੋਂ ਵੀ ਅੱਗੇ ਲੰਘ ਗਈ ਹੈ। ਲੋਕਾਂ ਦੀ ਆਵਾਜ਼ ਚੁੱਕਣ ਵਾਲੀ ਪ੍ਰੈੱਸ ਵੱਲੋਂ ਸਵਾਲ ਕਰਨ 'ਤੇ ਉਨ੍ਹਾਂ ਦੇ ਪੱਤਰਕਾਰਾਂ ਖਿਲਾਫ ਪਰਚੇ ਦਰਜ ਕਰਕੇ ਪੰਜਾਬ ਸਰਕਾਰ ਸੱਚ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ। ਇਸ ਕਰਕੇ ਹੁਣ ਲੋਕਾਂ ਅੱਗੇ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਪੇਸ਼ ਕਰਨ ਵਾਲੇ ਲੋਕ ਆਵਾਜ਼ ਚੈਨਲ ਨੂੰ ਹੀ ਬੰਦ ਕਰ ਦਿੱਤਾ ਹੈ। ਉਹਨਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਸਰਕਾਰ ਇਹਨਾਂ ਹਰਕਤਾਂ ਤੋਂ ਬਾਜ ਆਵੇ ਅਤੇ ਦਾਅਵਾ ਕੀਤਾ ਕਿ ਹੱਕ ਸੱਚ ਦੀ ਆਵਾਜ਼ ਨੂੰ ਧੱਕੇ ਨਾਲ ਕਦੇ ਵੀ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਵੱਲੋਂ ਸਾਰੇ ਕਿਰਤੀ ਲੋਕਾਂ ਅਤੇ ਇਨਸਾਫਪਸੰਦ ਜਮਹੂਰੀ ਲੋਕਾਂ ਨੂੰ 24 ਤਰੀਕ ਨੂੰ ਬਠਿੰਡਾ ਡੀਸੀ ਦਫ਼ਤਰ ਅੱਗੇ ਹੱਕ ਸੱਚ ਦੀ ਆਵਾਜ਼ ਬਚਾਉਣ ਲਈ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਵੱਧ ਤੋਂ ਵੱਧ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।
ਫੋਟੋ: ਖੱਬਿਓਂ ਸੱਜੇ ਸ਼ਿੰਗਾਰਾ ਸਿੰਘ ਮਾਨ, ਝੰਡਾ ਸਿੰਘ ਜੇਠੂਕੇ, ਜੋਗਿੰਦਰ ਸਿੰਘ ਉਗਰਾਹਾਂ