ਇੰਗਲੈਂਡ ਚ ਤਿਲਕ ਕਾਰਨ 8 ਸਾਲਾ ਬੱਚਾ ਸਕੂਲ ਛੱਡਣ ਲਈ ਮਜਬੂਰ

 ਲੈਸਟਰ (ਇੰਗਲੈਂਡ), 20 ਜਨਵਰੀ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਵਿੱਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੱਠ ਸਾਲਾ ਹਿੰਦੂ ਵਿਦਿਆਰਥੀ ਨੂੰ ਮੱਥੇ &rsquoਤੇ ਤਿਲਕ ਲਗਾਉਣ ਕਾਰਨ ਆਪਣਾ ਸਕੂਲ ਬਦਲਣ ਲਈ ਮਜਬੂਰ ਹੋਣਾ ਪਿਆ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬ੍ਰਿਟਿਸ਼ ਹਿੰਦੂ ਅਤੇ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਇਕ ਸਮਾਜਿਕ ਸੰਸਥਾ ਨੇ ਇਸ ਸੰਬੰਧੀ ਗੰਭੀਰ ਦੋਸ਼ ਲਗਾਏ।
ਜਾਣਕਾਰੀ ਮੁਤਾਬਕ ਇੰਗਲੈਂਡ ਦੇ ਇੱਕ ਸ਼ਹਿਰ ਚ ਸਥਿਤ ਵਿਕਾਰਜ਼ ਗ੍ਰੀਨ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਟਾਫ ਨੇ ਬੱਚੇ ਨੂੰ ਉਸ ਦੀ ਧਾਰਮਿਕ ਰਵਾਇਤ ਬਾਰੇ ਵਾਰ-ਵਾਰ ਸਵਾਲ ਕੀਤੇ ਅਤੇ ਤਿਲਕ ਲਗਾਉਣ ਦੀ ਵਜ੍ਹਾ ਸਮਝਾਉਣ ਲਈ ਕਿਹਾ। ਸੰਸਥਾ ਦਾ ਦੋਸ਼ ਹੈ ਕਿ ਸਕੂਲ ਪ੍ਰਬੰਧਨ ਵੱਲੋਂ ਬੱਚੇ ਦੀ ਇਸ ਧਾਰਮਿਕ ਪਛਾਣ ਨੂੰ ਸਵੀਕਾਰ ਕਰਨ ਦੀ ਥਾਂ ਉਸ &rsquoਤੇ ਮਨੋਵਿਗਿਆਨਕ ਦਬਾਅ ਬਣਾਇਆ ਗਿਆ, ਜੋ ਪੂਰੀ ਤਰ੍ਹਾਂ ਗੈਰਵਾਜਬ ਹੈ।
ਰਿਪੋਰਟ ਅਨੁਸਾਰ ਛੁੱਟੀ ਦੇ ਸਮੇਂ ਦੌਰਾਨ ਸਕੂਲ ਦੇ ਮੁਖ ਅਧਿਆਪਕ ਵੱਲੋਂ ਬੱਚੇ &rsquoਤੇ ਖਾਸ ਨਜ਼ਰ ਰੱਖੀ ਗਈ, ਜਿਸ ਕਾਰਨ ਬੱਚਾ ਡਰ ਦੇ ਮਾਹੌਲ ਵਿੱਚ ਆ ਗਿਆ। ਇਸ ਡਰ ਦਾ ਅਸਰ ਇਹ ਹੋਇਆ ਕਿ ਉਸ ਨੇ ਖੇਡਣਾ ਛੱਡ ਦਿੱਤਾ ਅਤੇ ਆਪਣੇ ਸਹਿਯੋਗੀ ਬੱਚਿਆਂ ਤੋਂ ਖੁਦ ਨੂੰ ਅਲੱਗ ਕਰ ਲਿਆ। ਦੱਸਿਆ ਗਿਆ ਹੈ ਕਿ ਬੱਚੇ ਦੀ ਮਨੋਦਸ਼ਾ ਇਸ ਹੱਦ ਤੱਕ ਪ੍ਰਭਾਵਿਤ ਹੋਈ ਕਿ ਮਾਪਿਆਂ ਨੂੰ ਆਖ਼ਰਕਾਰ ਉਸ ਨੂੰ ਸਕੂਲ ਤੋਂ ਹਟਾਉਣ ਦਾ ਫ਼ੈਸਲਾ ਕਰਨਾ ਪਿਆ।
ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬੱਚੇ ਨੂੰ ਸਕੂਲ ਵਿੱਚ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਤੋਂ ਵੀ ਹਟਾ ਦਿੱਤਾ ਗਿਆ, ਜਿਸ ਦੀ ਇਕੋ ਇਕ ਵਜ੍ਹਾ ਉਸ ਦੀ ਧਾਰਮਿਕ ਰੀਤੀ-ਰਿਵਾਜਾਂ ਨਾਲ ਜੁੜੀ ਪਛਾਣ ਸੀ। ਸਮਾਜਿਕ ਸੰਸਥਾ ਦਾ ਕਹਿਣਾ ਹੈ ਕਿ ਜੇ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਇਹ ਬਰਤਾਨੀਆ ਦੇ ਸਮਾਨਤਾ ਕਾਨੂੰਨ ਅਧੀਨ ਸਿੱਧਾ ਧਾਰਮਿਕ ਵਿਤਕਰਾ ਬਣਦਾ ਹੈ।
ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਹਿੰਦੂ ਭਾਈਚਾਰੇ ਵਿੱਚ ਗਹਿਰਾ ਰੋਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਬਰਤਾਨੀਆ ਵਰਗੇ ਬਹੁ-ਸੰਸਕ੍ਰਿਤਕ ਦੇਸ਼ ਵਿੱਚ ਇਸ ਤਰ੍ਹਾਂ ਦੀ ਘਟਨਾ ਸਹਿਣਯੋਗ ਨਹੀਂ ਅਤੇ ਹਰ ਬੱਚੇ ਨੂੰ ਆਪਣੀ ਧਾਰਮਿਕ ਆਜ਼ਾਦੀ ਨਾਲ ਜੀਊਣ ਦਾ ਹੱਕ ਮਿਲਣਾ ਚਾਹੀਦਾ ਹੈ।